ਮਨ ''ਤੇ ਕਾਬੂ ਰੱਖਣ ਨਾਲ ਖਤਮ ਹੋਵੇਗਾ ਹੰਕਾਰ

9/22/2016 9:43:07 AM

ਹਰ ਵਿਅਕਤੀ ਦੇ ਅੰਦਰ ਪ੍ਰਮਾਤਮਾ ਦਾ ਵਾਸ ਹੁੰਦਾ ਹੈ। ਇਸ ਸੱਚਾਈ ਨੂੰ ਜਾਣ ਲੈਣਾ ਹੀ ਤੱਪ ਹੈ। ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਸਾੜ ਦੇਣਾ ਹੀ ਤਪੱਸਿਆ ਹੈ। ਵਿਸ਼ਿਆਂ ਤੇ ਭੋਗਾਂ ਪ੍ਰਤੀ ਉਦਾਸੀਨ ਹੋਣਾ ਅਤੇ ਸੰਸਾਰਿਕ ਮੋਹ-ਮਾਇਆ ਦੇ ਬੰਧਨ ਤੋਂ ਮੁਕਤ ਹੋਣ ਦਾ ਨਾਂ ਹੀ ਤੱਪ ਹੈ। ਕੁਝ ਲੋਕ ਸੋਚਦੇ ਹਨ ਕਿ ਜੰਗਲ ਵਿਚ ਜਾ ਕੇ ਪਾਠ-ਪੂਜਾ ਕਰਨਾ ਹੀ ਤਪੱਸਿਆ ਹੈ। ਅਜਿਹਾ ਬਿਲਕੁਲ ਵੀ ਨਹੀਂ ਹੈ। ਅਸੀਂ ਕਿੰਨਾ ਵੀ ਪਾਠ-ਪੂਜਾ ਕਿਉਂ ਨਾ ਕਰ ਲਈਏ ਪਰ ਜਦੋਂ ਤਕ ਅਸੀਂ ਆਪਣੇ ਅੰਦਰ ਦੇ ਹੰਕਾਰ ਨੂੰ ਖਤਮ ਨਹੀਂ ਕਰਾਂਗੇ, ਆਪਣੀਆਂ ਇੱਛਾਵਾਂ, ਕਾਮਨਾਵਾਂ ਨੂੰ ਨਹੀਂ ਮਾਰਾਂਗੇ, ਖੁਦ ਨੂੰ ਵਿਸ਼ਿਆਂ ਤੇ ਭੋਗਾਂ ਤੋਂ ਮੁਕਤ ਨਹੀਂ ਕਰਾਂਗੇ, ਉਸ ਵੇਲੇ ਤਕ ਸਾਡਾ ਭਲਾ ਹੋਣ ਵਾਲਾ ਨਹੀਂ। ਸਾਡੇ ਅੰਦਰ ਦਾ ਹੰਕਾਰ ਉਸ ਵੇਲੇ ਖਤਮ ਹੋਵੇਗਾ ਜਦੋਂ ਅਸੀਂ ਆਪਣੇ ਮਨ ''ਤੇ ਕਾਬੂ ਪਾਉਣਾ ਸਿੱਖ ਜਾਵਾਂਗੇ। ਮਨ ''ਤੇ ਸਾਡਾ ਕਾਬੂ ਹੋ ਜਾਵੇਗਾ ਤਾਂ ਅਸੀਂ ਗਲਤ ਦਿਸ਼ਾ ਵਿਚ ਨਹੀਂ ਭਟਕਾਂਗੇ ਅਤੇ ਖੁਦ ਨੂੰ ਪ੍ਰਮਾਤਮਾ ਨੂੰ ਸਮਰਪਿਤ ਕਰ ਦੇਵਾਂਗੇ। ਅਸੀਂ ਜਿਸ ਦਿਨ ਅਜਿਹਾ ਕਰਨ ਵਿਚ ਸਫਲ ਹੋ ਜਾਵਾਂਗੇ, ਉਸ ਦਿਨ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਵੇਗੀ।