ਸਵਰਗ ਜਾਣ ਦਾ ਸਿਰਫ ਇਕੋ ਰਸਤਾ ਹੈ

2/17/2017 1:44:01 PM

ਮਹਾਤਮਾ ਬੁੱਧ ਦੇ ਵੇਲੇ ਦੀ ਗੱਲ ਹੈ। ਉਨ੍ਹੀਂ ਦਿਨੀਂ ਮੌਤ ਤੋਂ ਬਾਅਦ ਆਤਮਾ ਨੂੰ ਸਵਰਗ ਵਿਚ ਦਾਖਲਾ ਦਿਵਾਉਣ ਲਈ ਕੁਝ ਖਾਸ ਕਰਮ-ਕਾਂਡ ਕਰਵਾਏ ਜਾਂਦੇ ਸਨ।
ਹੁੰਦਾ ਇਹ ਸੀ ਕਿ ਇਕ ਘੜੇ ਵਿਚ ਕੁਝ ਛੋਟੇ-ਛੋਟੇ ਪੱਥਰ ਪਾ ਦਿੱਤੇ ਜਾਂਦੇ ਅਤੇ ਪੂਜਾ-ਹਵਨ ਆਦਿ ਤੋਂ ਬਾਅਦ ਉਸ ''ਤੇ ਕਿਸੇ ਧਾਤੂ ਨਾਲ ਸੱਟ ਮਾਰੀ ਜਾਂਦੀ। ਜੇ ਘੜਾ ਟੁੱਟ ਜਾਂਦਾ ਅਤੇ ਪੱਥਰ ਨਿਕਲ ਜਾਂਦੇ ਤਾਂ ਉਸ ਨੂੰ ਇਸ ਗੱਲ ਦਾ ਸੰਕੇਤ ਮੰਨਿਆ ਜਾਂਦਾ ਕਿ ਆਤਮਾ ਆਪਣੇ ਪਾਪ ਤੋਂ ਮੁਕਤ ਹੋ ਗਈ ਹੈ ਅਤੇ ਉਸ ਨੂੰ ਸਵਰਗ ਵਿਚ ਦਾਖਲਾ ਮਿਲ ਗਿਆ ਹੈ।
ਘੜਾ ਮਿੱਟੀ ਦਾ ਹੁੰਦਾ ਸੀ, ਇਸ ਲਈ ਇਸ ਪ੍ਰਕਿਰਿਆ ਵਿਚ ਹਮੇਸ਼ਾ ਘੜਾ ਟੁੱਟ ਜਾਂਦਾ ਅਤੇ ਆਤਮਾ ਸਵਰਗ ਵਿਚ ਚਲੀ ਜਾਂਦੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਕ ਨੌਜਵਾਨ ਨੇ ਸੋਚਿਆ ਕਿ ਕਿਉਂ ਨਾ ਆਤਮਾ ਦੀ ਸ਼ੁੱਧੀ ਲਈ ਮਹਾਤਮਾ ਬੁੱਧ ਦੀ ਮਦਦ ਲਈ ਜਾਵੇ, ਉਨ੍ਹਾਂ ਨੂੰ ਜ਼ਰੂਰ ਆਤਮਾ ਨੂੰ ਸਵਰਗ ਭੇਜਣ ਦਾ ਕੋਈ ਹੋਰ ਚੰਗਾ ਤੇ ਨਿਸ਼ਚਿਤ ਰਸਤਾ ਪਤਾ ਹੋਵੇਗਾ। ਇਹ ਸੋਚ ਕੇ ਉਹ ਮਹਾਤਮਾ ਬੁੱਧ ਕੋਲ ਪਹੁੰਚਿਆ।
ਉਹ ਬੋਲਿਆ,''''ਹੇ ਮਹਾਤਮਾ ਜੀ, ਮੇਰੇ ਪਿਤਾ ਜੀ ਨਹੀਂ ਰਹੇ। ਕ੍ਰਿਪਾ ਕਰ ਕੇ ਤੁਸੀਂ ਕੋਈ ਅਜਿਹਾ ਤਰੀਕਾ ਦੱਸੋ ਕਿ ਇਹ ਯਕੀਨੀ ਬਣ ਸਕੇ ਕਿ ਉਨ੍ਹਾਂ ਦੀ ਆਤਮਾ ਨੂੰ ਸਵਰਗ ਵਿਚ ਹੀ ਥਾਂ ਮਿਲੇ।''''
ਬੁੱਧ ਬੋਲੇ,''''ਠੀਕ ਹੈ, ਜਿਸ ਤਰ੍ਹਾਂ ਮੈਂ ਕਹਿੰਦਾ ਹਾਂ ਉਸੇ ਤਰ੍ਹਾਂ ਕਰੀਂ। ਤੂੰ 2 ਘੜੇ ਲੈ ਕੇ ਆ। ਇਕ ਵਿਚ ਪੱਥਰ ਤੇ ਦੂਜੇ ਵਿਚ ਘਿਓ ਭਰ ਦੇ। ਦੋਵੇਂ ਘੜੇ ਨਦੀ ''ਤੇ ਲੈ ਕੇ ਜਾ ਅਤੇ ਉਨ੍ਹਾਂ ਨੂੰ ਇੰਨਾ ਡੁਬੋ ਕਿ ਬਸ ਉਨ੍ਹਾਂ ਦਾ ਉੱਪਰਲਾ ਹਿੱਸਾ ਹੀ ਨਜ਼ਰ ਆਏ। ਧਾਤੂ ਨਾਲ ਬਣੀ ਹਥੌੜੀ ਨਾਲ ਉਨ੍ਹਾਂ ''ਤੇ ਥੱਲਿਓਂ ਸੱਟ ਮਾਰ ਅਤੇ ਇਹ ਸਭ ਕਰਨ ਤੋਂ ਬਾਅਦ ਮੈਨੂੰ ਦੱਸ ਕਿ ਤੂੰ ਕੀ ਦੇਖਿਆ?''''
ਨੌਜਵਾਨ ਬਹੁਤ ਖੁਸ਼ ਸੀ, ਉਸ ਨੂੰ ਲੱਗਾ ਕਿ ਬੁੱਧ ਵਲੋਂ ਦੱਸੀ ਗਈ ਇਸ ਪ੍ਰਕਿਰਿਆ ਨਾਲ ਯਕੀਨੀ ਤੌਰ ''ਤੇ ਉਸ ਦੇ ਪਿਤਾ ਦੇ ਸਾਰੇ ਪਾਪ ਕੱਟੇ ਜਾਣਗੇ ਅਤੇ ਉਨ੍ਹਾਂ ਦੀ ਆਤਮਾ ਨੂੰ ਸਵਰਗ ਵਿਚ ਥਾਂ ਮਿਲੇਗੀ।
ਅਗਲੇ ਦਿਨ ਨੌਜਵਾਨ ਨੇ ਠੀਕ ਉਸੇ ਤਰ੍ਹਾਂ ਕੀਤਾ ਅਤੇ ਇਹ ਸਭ ਕਰਨ ਤੋਂ ਬਾਅਦ ਫਿਰ ਬੁੱਧ ਕੋਲ ਪਹੁੰਚ ਗਿਆ।
ਬੁੱਧ ਨੇ ਪੁੱਛਿਆ,''''ਆ ਬੇਟੇ, ਦੱਸ ਤੂੰ ਕੀ ਦੇਖਿਆ?''''
ਨੌਜਵਾਨ ਬੋਲਿਆ,''''ਮੈਂ ਤੁਹਾਡੇ ਕਹਿਣ ਅਨੁਸਾਰ ਪੱਥਰ ਤੇ ਘਿਓ ਨਾਲ ਭਰੇ ਘੜਿਆਂ ਵਿਚ ਪਾਣੀ ਭਰ ਕੇ ਉਨ੍ਹਾਂ ਨੂੰ ਸੱਟ ਮਾਰੀ। ਜਿਵੇਂ ਹੀ ਮੈਂ ਪੱਥਰਾਂ ਵਾਲੇ ਘੜੇ ''ਤੇ ਵਾਰ ਕੀਤਾ, ਘੜਾ ਟੁੱਟ ਗਿਆ ਅਤੇ ਪੱਥਰ ਪਾਣੀ ਵਿਚ ਡੁੱਬ ਗਏ। ਉਸ ਤੋਂ ਬਾਅਦ ਮੈਂ ਘਿਓ
ਵਾਲੇ ਘੜੇ ''ਤੇ ਵਾਰ ਕੀਤਾ। ਉਹ ਘੜਾ ਵੀ ਤੁਰੰਤ ਟੁੱਟ ਗਿਆ ਅਤੇ ਘਿਓ ਨਦੀ ਦੇ ਵਹਾਅ ਦੀ ਦਿਸ਼ਾ ਵਿਚ ਵਹਿਣ ਲੱਗਾ।''''
ਬੁੱਧ ਬੋਲੇ,''''ਠੀਕ ਹੈ, ਹੁਣ ਜਾ ਅਤੇ ਪੁਰੋਹਿਤਾਂ ਨੂੰ ਕਹਿ ਕਿ ਕੋਈ ਅਜਿਹੀ ਪੂਜਾ, ਯੱਗ ਆਦਿ ਕਰਨ ਕਿ ਉਹ ਪੱਥਰ ਪਾਣੀ ਦੇ ਉੱਪਰ ਤੈਰਨ ਲੱਗਣ ਅਤੇ ਘਿਓ ਨਦੀ ਦੀ ਸਤ੍ਹਾ ''ਤੇ ਜਾ ਕੇ ਬੈਠ ਜਾਵੇ।''''
ਨੌਜਵਾਨ ਹੈਰਾਨ ਹੋ ਕੇ ਬੋਲਿਆ,''''ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ? ਪੁਰੋਹਿਤ ਭਾਵੇਂ ਕਿੰਨੀ ਵੀ ਪੂਜਾ ਕਰਵਾ ਲੈਣ ਪਰ ਪੱਥਰ ਕਦੇ ਪਾਣੀ ''ਤੇ ਨਹੀਂ ਤੈਰ ਸਕਦਾ ਅਤੇ ਘਿਓ ਕਦੇ ਪਾਣੀ ਦੀ ਸਤ੍ਹਾ ''ਤੇ ਜਾ ਕੇ ਨਹੀਂ ਬੈਠ ਸਕਦਾ।''''
ਬੁੱਧ ਬੋਲੇ,''''ਬਿਲਕੁਲ ਸਹੀ ਅਤੇ ਠੀਕ ਇਸੇ ਤਰ੍ਹਾਂ ਤੇਰੇ ਪਿਤਾ ਜੀ ਨਾਲ ਹੈ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਜਿਹੜੇ ਵੀ ਚੰਗੇ ਕਰਮ ਕੀਤੇ ਹਨ, ਉਹ ਉਨ੍ਹਾਂ ਨੂੰ ਸਵਰਗ ਵੱਲ ਲਿਜਾਣਗੇ ਅਤੇ ਜਿਹੜੇ ਵੀ ਬੁਰੇ ਕਰਮ ਕੀਤੇ ਹਨ, ਉਹ ਉਨ੍ਹਾਂ ਨੂੰ ਨਰਕ ਵੱਲ ਖਿੱਚਣਗੇ। ਤੂੰ ਚਾਹੇ ਜਿੰਨੀ ਵੀ ਪੂਜਾ ਕਰਵਾ ਲੈ, ਕਰਮਕਾਂਡ ਕਰਵਾ ਲੈ, ਤੂੰ ਉਨ੍ਹਾਂ ਦੇ ਕਰਮ ਫਲ ਨੂੰ ਰੱਤੀ ਭਰ ਵੀ ਨਹੀਂ ਬਦਲ ਸਕਦਾ।''''