ਈਸ਼ਵਰ ਦਾ ਸੰਸਾਰ ਸੰਕੇਤਾਂ ਨਾਲ ਚੱਲਦਾ ਹੈ

5/26/2017 10:20:30 AM

ਕਿਸੇ ਪਿੰਡ ਵਿਚ ਇਕ ਭਗਤ ਰਹਿੰਦਾ ਸੀ। ਲੋਕਾਂ ਦਾ ਮੰਨਣਾ ਸੀ ਕਿ ਉਸ ਨੂੰ ਈਸ਼ਵਰ ਨੇ ਦਰਸ਼ਨ ਦਿੱਤੇ ਹਨ, ਇਸੇ ਲਈ ਪਿੰਡ ਵਿਚ ਉਸ ਦੀ ਬਹੁਤ ਮਾਨਤਾ ਸੀ। ਇਕ ਦਿਨ ਪਿੰਡ ਵਿਚ ਹੜ੍ਹ ਆ ਗਿਆ। ਭਗਤ ਦੇ ਚਾਹੁਣ ਵਾਲੇ ਉਸ ਨੂੰ ਬਚਾ ਕੇ ਆਪਣੇ ਨਾਲ ਲਿਜਾਣ ਲਈ ਉਸ ਕੋਲ ਪਹੁੰਚੇ ਅਤੇ ਬੋਲੇ,''ਤੁਸੀਂ ਵੀ ਸਾਡੇ ਨਾਲ ਪਿੰਡ ਛੱਡ ਦਿਓ।''
ਹੁਣ ਭਗਤ ਦੇ ਮਨ ਵਿਚ ਵਿਚਾਰ ਆਇਆ ਕਿ ਜੇ ਉਹ ਪਿੰਡ ਛੱਡੇਗਾ ਤਾਂ ਉਸ ਦਾ ਮਤਲਬ ਹੈ ਕਿ ਉਸ ਨੂੰ ਆਪਣੇ ਈਸ਼ਵਰ 'ਤੇ ਭਰੋਸਾ ਨਹੀਂ ਰਿਹਾ। ਇਸ ਲਈ ਉਸ ਨੇ ਲੋਕਾਂ ਨੂੰ ਜਵਾਬ ਦਿੱਤਾ,''ਸਾਡੀ ਰਾਖੀ ਉੱਪਰ ਵਾਲਾ ਕਰੇਗਾ, ਤੁਸੀਂ ਜਾਓ।''
ਹੜ੍ਹ ਦਾ ਪਾਣੀ ਵਧਦਾ ਗਿਆ। ਫਿਰ ਕੁਝ ਲੋਕ ਬੇੜੀ ਲੈ ਕੇ ਭਗਤ ਨੂੰ ਬਚਾਉਣ ਪਹੁੰਚੇ ਅਤੇ ਬੋਲੇ,''ਅਸੀਂ ਤੁਹਾਨੂੰ ਲੈਣ ਆਏ ਹਾਂ।''
ਭਗਤ ਫਿਰ ਬੋਲੇ,''ਸਾਨੂੰ ਬਚਾਉਣ ਵਾਲਾ ਉੱਪਰ ਵਾਲਾ ਹੈ, ਤੁਸੀਂ ਜਾਓ।''
ਜਦੋਂ ਭਗਤ ਦੇ ਧਾਰਮਿਕ ਸਥਾਨ ਵਿਚ ਪਾਣੀ ਦਾਖਿਲ ਹੋ ਗਿਆ ਅਤੇ ਉਹ ਡੁੱਬਣ ਲੱਗੇ ਤਾਂ ਰਾਖੀ ਕਰਨ ਲਈ ਪਹੁੰਚੇ ਹੈਲੀਕਾਪਟਰ ਨੇ ਉਸ ਤਕ ਰੱਸੀ ਸੁੱਟੀ। ਈਸ਼ਵਰ ਦੇ ਅੰਧ-ਵਿਸ਼ਵਾਸ ਵਿਚ ਡੁੱਬੇ ਭਗਤ ਨੇ ਇਕ ਹੀ ਗੱਲ ਕਹੀ,''ਸਾਨੂੰ ਉੱਪਰ ਵਾਲੇ 'ਤੇ ਭਰੋਸਾ ਹੈ, ਮੈਂ ਉਸ ਦਾ ਨੁਮਾਇੰਦਾ ਹਾਂ, ਉਹ ਸਾਡੀ ਰਾਖੀ ਕਰੇਗਾ।''
ਪਾਣੀ ਉੱਪਰ ਚੜ੍ਹ ਗਿਆ ਅਤੇ ਭਗਤ ਦੀ ਮੌਤ ਹੋ ਗਈ। ਉੱਪਰ ਪਹੁੰਚਣ 'ਤੇ ਜਦੋਂ ਉਹ ਈਸ਼ਵਰ ਨੂੰ ਮਿਲਿਆ ਤਾਂ ਬੋਲਿਆ,''ਮੈਂ ਤਾਂ ਤੁਹਾਡੇ ਭਰੋਸੇ ਬੈਠਾ ਸੀ, ਫਿਰ ਵੀ ਮੈਨੂੰ ਇੰਝ ਮਰਨਾ ਪਿਆ।''
ਇਸ 'ਤੇ ਈਸ਼ਵਰ ਬੋਲੇ,''ਮੈਂ ਤਾਂ ਮਦਦ ਕਰਨ ਆਇਆ ਸੀ ਪਰ ਤੂੰ ਮੇਰੇ ਸੰਕੇਤਾਂ ਨੂੰ ਨਹੀਂ ਸਮਝਿਆ।''
ਇੰਨਾ ਸੁਣਦਿਆਂ ਹੀ ਭਗਤ ਚੌਂਕ ਗਿਆ। ਈਸ਼ਵਰ ਬੋਲੇ,''ਮੈਂ ਤੈਨੂੰ ਬਚਾਉਣ ਲਈ ਬੇੜੀ ਲੈ ਕੇ ਆਇਆ। ਫਿਰ ਮੈਂ ਹੈਲੀਕਾਪਟਰ ਲੈ ਕੇ ਆਇਆ ਪਰ ਤੂੰ ਆਪਣੇ ਅੰਧ-ਵਿਸ਼ਵਾਸਾਂ ਵਿਚ ਉਲਝਦਾ ਰਿਹਾ। ਤੂੰ ਖੁਦ ਕੁਝ ਨਹੀਂ ਕਰਨਾ ਚਾਹੁੰਦਾ ਸੀ ਅਤੇ ਸਿਰਫ ਮੇਰੇ 'ਤੇ ਟਿਕ ਗਿਆ। ਮੈਂ ਕਈ ਰੂਪਾਂ ਵਿਚ ਤੇਰੀ ਜਾਨ ਬਚਾਉਣ ਆਇਆ ਪਰ ਤੂੰ ਮੈਨੂੰ ਪਛਾਣਿਆ ਹੀ ਨਹੀਂ।''
ਇਹ ਸੁਣ ਕੇ ਭਗਤ ਦੀ ਸਮਝ ਵਿਚ ਆਇਆ ਕਿ ਅਧਿਆਤਮ ਦੀ ਦੁਨੀਆ ਤੇ ਈਸ਼ਵਰ ਦਾ ਸੰਸਾਰ ਸਮਾਨਤਾ ਤੇ ਸੰਕੇਤਾਂ ਨਾਲ ਚੱਲਦਾ ਹੈ।