ਸੰਸਾਰ ''ਚ ਮਨੋਬਲ ਹੀ ਸਭ ਤੋਂ ਜ਼ਰੂਰੀ

1/11/2018 8:54:37 AM

ਇਕ ਵਾਰ ਗੌਤਮ ਜੰਗਲ ਵਿਚ ਬੋਹੜ ਹੇਠਾਂ ਬੈਠ ਗਏ। ਧਰਮ ਚਰਚਾ ਸ਼ੁਰੂ ਹੋਈ ਤਾਂ ਇਕ ਭਿਕਸ਼ੂ ਨੇ ਸਵਾਲ ਕੀਤਾ,''ਭਗਵਾਨ, ਕਈ ਲੋਕ ਕਮਜ਼ੋਰ ਤੇ ਸਾਧਨਾਂ ਤੋਂ ਵਾਂਝੇ ਹੁੰਦੇ ਹੋਏ ਵੀ ਵੱਡੇ-ਵੱਡੇ ਕੰਮ ਕਰ ਜਾਂਦੇ ਹਨ, ਜਦਕਿ ਸਾਧਨਾਂ ਨਾਲ ਸੰਪੰਨ ਲੋਕ ਵੀ ਉਸ ਤਰ੍ਹਾਂ ਨਹੀਂ ਕਰ ਸਕਦੇ, ਅਜਿਹਾ ਕਿਉਂ ਹੁੰਦਾ ਹੈ?''
ਇਸ ਸਵਾਲ 'ਤੇ ਬੁੱਧ ਇਕ ਪ੍ਰੇਰਕ ਕਥਾ ਸੁਣਾਉਣ ਲੱਗੇ। ਉਹ ਬੋਲੇ,''ਵਿਰਾਟ ਨਗਰ ਦੇ ਰਾਜੇ ਸੁਕੀਰਤੀ ਕੋਲ ਲੌਹਸ਼ਾਂਗ ਨਾਂ ਦਾ ਹਾਥੀ ਸੀ। ਰਾਜੇ ਨੇ ਕਈ ਯੁੱਧਾਂ ਵਿਚ ਇਸ 'ਤੇ ਸਵਾਰ ਹੋ ਕੇ ਜਿੱਤ ਹਾਸਲ ਕੀਤੀ ਸੀ। ਹੌਲੀ-ਹੌਲੀ ਲੌਹਸ਼ਾਂਗ ਵੀ ਬੁੱਢਾ ਹੋਣ ਲੱਗਾ ਅਤੇ ਉਸ ਵਿਚ ਜਵਾਨੀ ਦੀ ਅਵਸਥਾ ਵਾਲੀ ਤਾਕਤ ਨਾ ਰਹੀ। ਉਪਯੋਗਤਾ ਤੇ ਮਹੱਤਤਾ ਘੱਟ ਹੋ ਜਾਣ ਕਾਰਨ ਉਸ ਦੇ ਭੋਜਨ ਵਿਚ ਕਮੀ ਕਰ ਦਿੱਤੀ ਗਈ। ਅਕਸਰ ਉਸ ਨੂੰ ਭੁੱਖਾ-ਪਿਆਸਾ ਹੀ ਰਹਿਣਾ ਪੈਂਦਾ। 
ਕਈ ਦਿਨਾਂ ਤੋਂ ਪਾਣੀ ਨਾ ਮਿਲਣ 'ਤੇ ਇਕ ਵਾਰ ਲੌਹਸ਼ਾਂਗ ਹਾਥੀਸ਼ਾਲਾ 'ਚੋਂ ਨਿਕਲ ਕੇ ਪੁਰਾਣੇ ਤਲਾਬ ਵੱਲ ਚਲਾ ਗਿਆ। ਉਥੇ ਉਸ ਨੇ ਭਰ ਪੇਟ ਪਾਣੀ ਪੀਤਾ ਅਤੇ ਨਹਾਉਣ ਲਈ ਡੂੰਘਾਈ ਵਿਚ ਜਾਣ ਲੱਗਾ। ਤਲਾਬ ਵਿਚ ਚਿੱਕੜ ਬਹੁਤ ਸੀ, ਇਸ ਲਈ ਉਹ ਉਸ ਵਿਚ ਫਸ ਗਿਆ। ਇਹ ਖਬਰ ਰਾਜੇ ਸੁਕੀਰਤੀ ਤਕ ਪਹੁੰਚੀ। ਹਾਥੀ ਨੂੰ ਕਢਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਕੋਈ ਫਾਇਦਾ ਨਾ ਹੋਇਆ। ਜਦੋਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਤਾਂ ਇਕ ਸਿਆਣੇ ਮੰਤਰੀ ਨੇ ਤਰਕੀਬ ਦੱਸੀ। ਸੈਨਿਕਾਂ ਨੂੰ ਬਖਤਰਬੰਦ ਕਰ ਕੇ ਹਾਥੀ ਸਾਹਮਣੇ ਖੜ੍ਹੇ ਕਰ ਦਿੱਤਾ ਗਿਆ। 
ਹਾਥੀ ਸਾਹਮਣੇ ਯੁੱਧ ਦੇ ਨਗਾਰੇ ਵੱਜਣ ਲੱਗੇ ਅਤੇ ਸੈਨਿਕ ਇੰਝ ਕੂਚ ਕਰਨ ਲੱਗੇ ਜਿਵੇਂ ਉਹ ਦੁਸ਼ਮਣਾਂ ਵਲੋਂ ਲੌਹਸ਼ਾਂਗ ਵੱਲ ਵਧ ਰਹੇ ਹੋਣ। ਇਹ ਦੇਖ ਕੇ ਲੌਹਸ਼ਾਂਗ ਵਿਚ ਜਵਾਨੀ ਵੇਲੇ ਦਾ ਜੋਸ਼ ਆ ਗਿਆ। ਉਹ ਜ਼ੋਰ ਨਾਲ ਚਿੰਘਾੜਿਆ ਅਤੇ ਦੁਸ਼ਮਣ ਸੈਨਿਕਾਂ 'ਤੇ ਹਮਲਾ ਕਰਨ ਲਈ ਚਿੱਕੜ ਵਿਚੋਂ ਨਿਕਲ ਕੇ ਉਨ੍ਹਾਂ ਨੂੰ ਮਾਰਨ ਲਈ ਦੌੜ ਪਿਆ। ਬਾਅਦ 'ਚ ਬੜੀ ਮੁਸ਼ਕਿਲ ਨਾਲ ਉਸ ਨੂੰ ਕਾਬੂ ਕੀਤਾ ਗਿਆ।''
ਕਥਾ ਸੁਣਾ ਕੇ ਬੁੱਧ ਬੋਲੇ,''ਸੰਸਾਰ ਵਿਚ ਮਨੋਬਲ ਹੀ ਸਭ ਤੋਂ ਜ਼ਰੂਰੀ ਹੈ। ਉਹ ਜਾਗ ਉੱਠੇ ਤਾਂ ਮਜਬੂਰ ਤੇ ਬੇਸਹਾਰਾ ਪ੍ਰਾਣੀ ਵੀ ਅਸੰਭਵ ਲੱਗਣ ਵਾਲੇ ਕੰਮ ਕਰ ਕੇ ਦਿਖਾ ਦਿੰਦੇ ਹਨ।''