ਸ਼ਬਦ ਕੀਮਤੀ ਹਨ, ਸੰਭਲ ਕੇ ਕਰੋ ਖਰਚ

5/24/2017 10:21:15 AM

ਸ਼ਬਦਾਂ ਦੇ ਵਟਾਂਦਰੇ ਨਾਲ ਰਿਸ਼ਤੇ ਬਣਦੇ ਹਨ, ਭਾਵਨਾਵਾਂ ਜ਼ਾਹਿਰ ਹੁੰਦੀਆਂ ਹਨ ਅਤੇ ਇਕ-ਦੂਜੇ ਨਾਲ ਨਾਤਾ ਬਣਦਾ ਹੈ। ਕਦੇ ਇਨ੍ਹਾਂ ਵਿਚ ਕੜਵਾਹਟ ਆ ਜਾਂਦੀ ਹੈ ਤਾਂ ਕਦੇ ਪਿਆਰ। ਸੰਤ ਕਬੀਰ ਕਹਿੰਦੇ ਹਨ—''ਏਕ ਸ਼ਬਦ ਸੁਖਰਾਸ ਹੈ, ਏਕ ਸ਼ਬਦ ਦੁਖਰਾਸ। ਏਕ ਸ਼ਬਦ ਬੰਧਨ ਕਰੈ, ਏਕ ਸ਼ਬਦ ਗਲਫਾਂਸ''।
ਸੰਤਾਂ ਨੇ ਬਾਣੀ ਦੀ ਸੰਜਮ ਭਰੀ ਵਰਤੋਂ ਪ੍ਰਤੀ ਲੋਕਾਂ ਨੂੰ ਹਮੇਸ਼ਾ ਸੁਚੇਤ ਕੀਤਾ ਹੈ। ਕਨਫਿਊਸ਼ੀਅਸ ਦਾ ਕਹਿਣਾ ਹੈ, ''''ਸ਼ਬਦਾਂ ਨੂੰ ਨਾਪ-ਤੋਲ ਕੇ ਬੋਲੋ, ਜਿਸ ਨਾਲ ਤੁਹਾਡੀ ਸੱਜਣਤਾ ਦਾ ਅਹਿਸਾਸ ਹੋਵੇ।''''
ਰਿਸ਼ੀ ਨੈਸ਼ਧ ਕਹਿੰਦੇ ਹਨ ਕਿ ਥੋੜ੍ਹਾ ਤੇ ਸਾਰ ਭਰਿਆ ਬੋਲਣਾ ਹੀ ਠੀਕ ਹੁੰਦਾ ਹੈ। ਸ਼ਬਦਾਂ ਵਿਚ ਘੁਲਿਆ ਰਸ ਅੰਮ੍ਰਿਤ ਵਾਂਗ ਹੁੰਦਾ ਹੈ। ਇਸ ਅੰਮ੍ਰਿਤ ਦਾ ਸਵਾਦ, ਜਿਸ ਨੇ ਇਕ ਵਾਰ ਚਖਿਆ, ਉਹ ਵਾਰ-ਵਾਰ ਇਸ ਰਸ ਨੂੰ ਲੱਭਦਾ ਹੈ ਪਰ ਇਹ ਦੁਰਲੱਭ ਰਸ ਹੈ, ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ।
ਸ਼ਬਦਾਂ ਦੀ ਇੰਨੀ ਫਜ਼ੂਲਖਰਚੀ ਪਹਿਲਾਂ ਕਦੇ ਨਹੀਂ ਕੀਤੀ ਗਈ, ਜਿੰਨੀ ਅੱਜ ਕੀਤੀ ਜਾ ਰਹੀ ਹੈ। ਅਸੀਂ ਬੋਲ ਕੇ ਅਜਿਹੇ ਅਨੇਕਾਂ ਕੰਮ ਕਰਦੇ ਹਨ, ਜਿਨ੍ਹਾਂ ਨਾਲ ਸਾਡੇ ਵਿਕਾਸ ਦਾ ਰਸਤਾ ਤਿਆਰ ਹੁੰਦਾ ਹੈ। ਅਸੀਂ ਜਿਸ ਤਰ੍ਹਾਂ ਦਾ ਬੋਲਾਂਗੇ, ਸਾਹਮਣੇ ਵਾਲੇ ''ਤੇ ਵੀ ਉਸੇ ਅਨੁਸਾਰ ਅਸਰ ਪਾਵਾਂਗੇ ਅਤੇ ਸਾਡਾ ਬੋਲਣਾ ਹੀ ਉਨ੍ਹਾਂ ਦੇ ਮਨ ਵਿਚ ਸਾਡੇ ਅਕਸ ਨੂੰ ਨਿਰਧਾਰਿਤ ਕਰੇਗਾ। ਸਾਨੂੰ ਹਰੇਕ ਸ਼ਬਦ ਸੋਚ-ਵਿਚਾਰ ਕੇ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਉਹ ਪ੍ਰਭਾਵਿਤ ਕਰੇ।
ਸ਼੍ਰੀ ਕ੍ਰਿਸ਼ਨ ਨੇ ਮਹਾਭਾਰਤ ਵਿਚ ਕਦੇ ਹਥਿਆਰ ਨਹੀਂ ਚੁੱਕਿਆ। ਉਹ ਆਪਣੇ ਸ਼ਬਦਾਂ ਸਹਾਰੇ ਪੂਰੇ ਯੁੱਧ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਗਏ। ਸ਼ਬਦਾਂ ਵਿਚ ਉਹ ਸ਼ਕਤੀ ਹੈ, ਜੋ ਖਰਾਬ ਤੋਂ ਖਰਾਬ ਮਾਹੌਲ ਨੂੰ ਵੀ ਪਲਟ ਸਕਦੀ ਹੈ। ਸੰਤ ਤਿਰੁਵੱਲੂਵਰ ਕਹਿੰਦੇ ਹਨ, ''''ਜਿਹੜੇ ਲੋਕ ਬਿਨਾਂ ਸੋਚੇ-ਵਿਚਾਰੇ ਬੋਲਦੇ ਹਨ, ਉਹ ਉਸ ਮੂਰਖ ਵਿਅਕਤੀ ਵਾਂਗ ਹੁੰਦੇ ਹਨ, ਜੋ ਫਲਾਂ ਨਾਲ ਲੱਦੇ ਦਰੱਖਤ ''ਤੇ ਪੱਕੇ ਫਲਾਂ ਨੂੰ ਛੱਡ ਕੇ ਕੱਚੇ ਫਲਾਂ ਨੂੰ ਤੋੜਦਾ ਰਹਿੰਦਾ ਹੈ।''''
ਚਾਣੱਕਯ ਨੇ ਤਾਂ ਬਾਣੀ ਦੀ ਪਵਿੱਤਰਤਾ ਨੂੰ ਹੀ ਧਰਮ ਵੀ ਮੰਨਿਆ ਹੈ। ਸ਼ਬਦਾਂ ਦੀ ਦੁਰਵਰਤੋਂ ਉਨ੍ਹਾਂ ਦਾ ਅਪਮਾਨ ਹੈ। ਸ਼ਬਦਾਂ ਨੂੰ ਲੋੜੀਂਦਾ ਸਨਮਾਨ ਨਾ ਦੇ ਕੇ, ਉਨ੍ਹਾਂ ਵੱਲ ਧਿਆਨ ਨਾ ਦੇ ਕੇ ਅਸੀਂ ਆਪਣੇ ਜੀਵਨ ਪੱਧਰ ਨੂੰ ਡੇਗਦੇ ਜਾਂਦੇ ਹਾਂ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਣਜਾਣਪੁਣੇ ਵਿਚ ਸਾਡੇ ਆਪਣੇ ਜੀਵਨ ਦੀ ਕੁਆਲਿਟੀ ਖੁੱਸਦੀ ਜਾਂਦੀ ਹੈ। ਜੀਵਨ ਦਾ ਘਾਣ ਤੇ ਧਰਮ ਦਾ ਘਾਣ ਦੋ ਵੱਖ-ਵੱਖ ਗੱਲਾਂ ਨਹੀਂ ਪਰ ਇਹ ਗੱਲ ਸਮਝਣ ਵਿਚ ਅਸੀਂ ਅਕਸਰ ਦੇਰ ਕਰ ਦਿੰਦੇ ਹਾਂ।