ਅਸੀਂ ਜਿਸ ਤਰ੍ਹਾਂ ਦਾ ਕਰਮ ਕਰਦੇ ਹਾਂ, ਉਸੇ ਤਰ੍ਹਾਂ ਦਾ ਫਲ ਮਿਲਦੈ

8/18/2017 12:14:01 PM

ਪੁਰਾਣੇ ਵੇਲੇ ਇਕ ਰਾਜਾ ਸੀ। ਉਹ ਅਕਸਰ ਆਪਣੇ ਦਰਬਾਰੀਆਂ ਤੇ ਮੰਤਰੀਆਂ ਦੀ ਪ੍ਰੀਖਿਆ ਲੈਂਦਾ ਰਹਿੰਦਾ ਸੀ। ਇਕ ਦਿਨ ਰਾਜੇ ਨੇ ਆਪਣੇ 3 ਮੰਤਰੀਆਂ ਨੂੰ ਦਰਬਾਰ ਵਿਚ ਸੱਦਿਆ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਕ-ਇਕ ਥੈਲਾ ਲੈ ਕੇ ਬਗੀਚੇ ਵਿਚ ਜਾਓ ਅਤੇ ਉਥੋਂ ਵਧੀਆ-ਵਧੀਆ ਫਲ ਤੋੜ ਕੇ ਲਿਆਓ।
ਤਿੰਨੋਂ ਮੰਤਰੀ ਇਕ-ਇਕ ਥੈਲਾ ਲੈ ਕੇ ਵੱਖ-ਵੱਖ ਬਾਗ ਵਿਚ ਗਏ। ਉਥੇ ਜਾ ਕੇ ਇਕ ਮੰਤਰੀ ਨੇ ਸੋਚਿਆ ਕਿ ਰਾਜੇ ਲਈ ਚੰਗੇ-ਚੰਗੇ ਫਲ ਤੋੜ ਕੇ ਲੈ ਜਾਂਦਾ ਹਾਂ ਜੋ ਉਨ੍ਹਾਂ ਨੂੰ ਪਸੰਦ ਆਉਣ। ਉਸ ਨੇ ਚੁਣ-ਚੁਣ ਕੇ ਚੰਗੇ-ਚੰਗੇ ਫਲ ਆਪਣੇ ਥੈਲੇ ਵਿਚ ਭਰ ਲਏ।
ਦੂਜੇ ਮੰਤਰੀ ਨੇ ਸੋਚਿਆ ਕਿ ਰਾਜੇ ਨੇ ਕਿਹੜਾ ਫਲ ਖਾਣੇ ਹਨ, ਉਹ ਤਾਂ ਫਲਾਂ ਵੱਲ ਦੇਖੇਗਾ ਵੀ ਨਹੀਂ। ਅਜਿਹਾ ਸੋਚ ਕੇ ਉਸ ਨੇ ਚੰਗੇ ਤੇ ਗਲੇ-ਸੜੇ ਜਿਹੜੇ ਵੀ ਫਲ ਸਨ, ਜਲਦੀ-ਜਲਦੀ ਇਕੱਠੇ ਕਰ ਕੇ ਥੈਲੇ ਵਿਚ ਪਾ ਲਏ।
ਤੀਜੇ ਮੰਤਰੀ ਨੇ ਸੋਚਿਆ ਕਿ ਸਮਾਂ ਕਿਉਂ ਬਰਬਾਦ ਕੀਤਾ ਜਾਵੇ, ਰਾਜਾ ਤਾਂ ਮੇਰਾ ਭਰਿਆ ਹੋਇਆ ਥੈਲਾ ਹੀ ਦੇਖਣਗੇ। ਅਜਿਹਾ ਸੋਚ ਕੇ ਉਸ ਨੇ ਘਾਹ-ਫੂਸ ਨਾਲ ਆਪਣਾ ਥੈਲਾ ਭਰ ਲਿਆ। ਆਪਣਾ-ਆਪਣਾ ਥੈਲਾ ਲੈ ਕੇ ਤਿੰਨੋਂ ਮੰਤਰੀ ਰਾਜੇ ਕੋਲ ਵਾਪਸ ਆਏ। ਰਾਜੇ ਨੇ ਬਿਨਾਂ ਦੇਖਿਆਂ ਹੀ ਆਪਣੇ ਸੈਨਿਕਾਂ ਨੂੰ ਉਨ੍ਹਾਂ ਤਿੰਨੋਂ ਮੰਤਰੀਆਂ ਨੂੰ ਇਕ ਮਹੀਨੇ ਲਈ ਜੇਲ ਵਿਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਖਾਣ ਲਈ ਕੁਝ ਨਾ ਦਿੱਤਾ ਜਾਵੇ। ਇਹ ਆਪਣੇ ਫਲ ਖਾ ਕੇ ਗੁਜ਼ਾਰਾ ਕਰਨਗੇ।
ਹੁਣ ਜੇਲ ਵਿਚ ਤਿੰਨੋਂ ਮੰਤਰੀਆਂ ਕੋਲ ਆਪਣੇ-ਆਪਣੇ ਥੈਲਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਜਿਸ ਮੰਤਰੀ ਨੇ ਚੰਗੇ-ਚੰਗੇ ਫਲ ਚੁਣੇ ਸਨ, ਉਹ ਬੜੇ ਆਰਾਮ ਨਾਲ ਫਲ ਖਾਂਦਾ ਰਿਹਾ ਅਤੇ ਉਸ ਨੇ ਬੜੀ ਆਸਾਨੀ ਨਾਲ ਇਕ ਮਹੀਨਾ ਫਲਾਂ ਸਹਾਰੇ ਬਿਤਾ ਦਿੱਤਾ।
ਜਿਸ ਮੰਤਰੀ ਨੇ ਚੰਗੇ ਤੇ ਸੜੇ-ਗਲੇ ਫਲ ਚੁਣੇ ਸਨ, ਉਹ ਕੁਝ ਦਿਨ ਤਾਂ ਆਰਾਮ ਨਾਲ ਚੰਗੇ ਫਲ ਖਾਂਦਾ ਰਿਹਾ ਪਰ ਉਸ ਤੋਂ ਬਾਅਦ ਸੜੇ-ਗਲੇ ਫਲ ਖਾਣ ਕਾਰਨ ਉਹ ਬੀਮਾਰ ਪੈ ਗਿਆ। ਉਸ ਨੂੰ ਬਹੁਤ ਪ੍ਰੇਸ਼ਾਨੀ ਹੋਈ ਅਤੇ ਬੜੀ ਮੁਸ਼ਕਿਲ ਨਾਲ ਉਸ ਦਾ ਇਕ ਮਹੀਨਾ ਲੰਘਿਆ ਪਰ ਜਿਸ ਮੰਤਰੀ ਨੇ ਘਾਹ-ਫੂਸ ਨਾਲ ਆਪਣਾ ਥੈਲਾ ਭਰਿਆ ਸੀ, ਉਹ ਕੁਝ ਦਿਨਾਂ ਵਿਚ ਹੀ ਭੁੱਖ ਨਾਲ ਮਰ ਗਿਆ।
ਇਹ ਤਾਂ ਇਕ ਕਹਾਣੀ ਹੈ ਪਰ ਇਸ ਕਹਾਣੀ ਤੋਂ ਸਾਨੂੰ ਬਹੁਤ ਚੰਗੀ ਸਿੱਖਿਆ ਮਿਲਦੀ ਹੈ ਕਿ ਅਸੀਂ ਜਿਸ ਤਰ੍ਹਾਂ ਦਾ ਕਰਦੇ ਹਾਂ, ਸਾਨੂੰ ਉਸ ਦਾ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ। ਇਹ ਵੀ ਸੱਚ ਹੈ ਕਿ ਸਾਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ। ਇਸ ਜਨਮ ਵਿਚ ਨਹੀਂ ਤਾਂ ਅਗਲੇ ਜਨਮ ਵਿਚ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ। ਇਕ ਬਹੁਤ ਚੰਗੀ ਕਹਾਵਤ ਹੈ ਕਿ ਬਬੂਲ ਦਾ ਬੂਟਾ ਲਾਇਆ ਹੈ ਤਾਂ ਅਸੀਂ ਅੰਬ ਨਹੀਂ ਖਾ ਸਕਦੇ। ਸਾਨੂੰ ਸਿਰਫ ਕੰਡੇ ਹੀ ਮਿਲਣਗੇ।
ਮਤਲਬ ਜੇ ਅਸੀਂ ਕੋਈ ਗਲਤ ਕੰਮ ਕੀਤਾ ਹੈ ਜਾਂ ਕਿਸੇ ਨੂੰ ਦੁੱਖ ਪਹੁੰਚਾਇਆ ਹੈ ਜਾਂ ਕਿਸੇ ਨੂੰ ਧੋਖਾ ਦਿੱਤਾ ਹੈ ਤਾਂ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ। ਹਮੇਸ਼ਾ ਕਿਸੇ ਨਾ ਕਿਸੇ ਮੁਸ਼ਕਿਲ-ਪ੍ਰੇਸ਼ਾਨੀ ਵਿਚ ਘਿਰੇ ਰਹਾਂਗੇ।