ਜਿਸ ਤਰ੍ਹਾਂ ਦਾ ਸਾਥ, ਉਸੇ ਤਰ੍ਹਾਂ ਦਾ ਅਕਸ

5/23/2017 10:18:15 AM

ਮੰਨਿਆ ਕਿ ਅਸੀਂ ਪਰਫੈਕਟ ਨਹੀਂ ਹਾਂ। ਸਾਡੇ ਵਿਚ ਸੰਜਮ, ਧੀਰਜ ਤੇ ਸ਼ਾਂਤੀ ਦੀ ਕਮੀ ਹੈ ਪਰ ਅਸੀਂ ਉਨ੍ਹਾਂ ਲੋਕਾਂ ਤੋਂ ਸਿੱਖ ਸਕਦੇ ਹਾਂ, ਜਿਨ੍ਹਾਂ ਆਪਣੇ ਜੀਵਨ ਵਿਚ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਜਗ੍ਹਾ ਬਣਾਈ ਹੈ। ਤੁਸੀਂ ਕਿਨ੍ਹਾਂ ਲੋਕਾਂ ਨਾਲ ਰਹਿੰਦੇ ਹੋ, ਇਹ ਗੱਲ ਵੀ ਤੁਹਾਡੇ ਬਾਰੇ ਬਹੁਤ ਕੁਝ ਕਹਿੰਦੀ ਹੈ। ਅਸੀਂ ਜਿਨ੍ਹਾਂ ਲੋਕਾਂ ਨਾਲ ਰਹਿੰਦੇ ਹਾਂ, ਉਸੇ ਨਾਲ ਸਾਡੇ ਬਾਰੇ ਵੀ ਰਾਏ ਬਣਦੀ ਹੈ ਜਾਂ ਸਾਡਾ ਅਕਸ ਵੀ ਉਸੇ ਤਰ੍ਹਾਂ ਦਾ ਬਣਦਾ ਹੈ।
ਮਨੁੱਖ ਜ਼ਿੰਦਗੀ ਵਿਚ ਜੋ ਤਜਰਬੇ ਹਾਸਿਲ ਕਰਦਾ ਹੈ, ਉਸੇ ਆਧਾਰ ''ਤੇ ਉਸ ਦਾ ਦਿਮਾਗ ਆਕਾਰ ਲੈਂਦਾ ਹੈ। ਅਸੀਂ ਲੋਕਾਂ ਦੇ ਸੰਪਰਕ ਵਿਚ ਆਉਣ ''ਤੇ ਜੋ ਗਿਆਨ ਹਾਸਿਲ ਕਰਦੇ ਹਾਂ, ਉਸ ਦੀ ਸਾਡੀ ਜ਼ਿੰਦਗੀ ''ਚ ਅਹਿਮ ਥਾਂ ਹੁੰਦੀ ਹੈ।
ਜ਼ਿੰਦਗੀ ਵਿਚ ਹਰ ਮੋੜ ਜਾਂ ਮੌਕੇ ''ਤੇ ਸਾਡੇ ਕੋਲ ਚੋਣ ਕਰਨ ਦੀ ਆਜ਼ਾਦੀ ਹੁੰਦੀ ਹੈ ਕਿ ਅਸੀਂ ਕਿਨ੍ਹਾਂ ਨੂੰ ਚੁਣੀਏ ਤੇ ਕਿਨ੍ਹਾਂ ਨੂੰ ਛੱਡ ਦੇਈਏ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਕੋਈ ਗੁਣ ਨਹੀਂ ਹੈ ਤਾਂ ਜਿਨ੍ਹਾਂ ਲੋਕਾਂ ਵਿਚ ਉਹ ਗੁਣ ਹੈ, ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਦੂਜਿਆਂ ਨੂੰ ਦੇਖ ਵੀ ਅਸੀਂ ਆਪਣੇ ਅੰਦਰ ਗੁਣ ਪੈਦਾ ਕਰ ਸਕਦੇ ਹਾਂ। ਅਸੀਂ ਵਤੀਰੇ ਤੇ ਭਾਸ਼ਾ ਵਿਚ ਜ਼ਿਆਦਾ ਸੰਜਮ ਰੱਖ ਸਕਦੇ ਹਾਂ। ਇਸ ਨਾਲ ਸਾਨੂੰ ਲੱਗੇਗਾ ਕਿ ਇਨ੍ਹਾਂ ਲੋਕਾਂ ਤੋਂ ਸਿੱਖ ਕੇ ਅਸੀਂ ਖੁਦ ਵਿਚ ਸੁਧਾਰ ਕਰ ਲਿਆ ਹੈ। ਜੇ ਅਸੀਂ ਸੰਤਾਂ ਦੇ ਜੀਵਨ ''ਤੇ ਨਜ਼ਰ ਮਾਰੀਏ ਤਾਂ ਦੇਖਦੇ ਹਾਂ ਕਿ ਉਹ ਚੰਗੇ, ਦਿਆਲੂ, ਦੂਜਿਆਂ ਦਾ ਧਿਆਨ ਰੱਖਣ ਵਾਲੇ ਅਤੇ ਆਪਣੇ ਸਵਾਰਥ ਦਾ ਤਿਆਗ ਕਰਨ ਵਾਲੇ ਹੁੰਦੇ ਹਨ। ਉਨ੍ਹਾਂ ਦਾ ਦਿਲ ਦੂਜਿਆਂ ਦੇ ਦੁੱਖ ਨਾਲ ਭਰ ਜਾਂਦਾ ਹੈ। ਉਹ ਟੁੱਟੇ ਹੋਏ ਦਿਲਾਂ ਨੂੰ ਆਰਾਮ ਤੇ ਪਿਆਰ ਦਿੰਦੇ ਹਨ। ਜੇ ਅਸੀਂ ਇਨ੍ਹਾਂ ਸੰਤਾਂ ਦੇ ਕਹਿਣ ਅਨੁਸਾਰ ਚੱਲਾਂਗੇ ਤਾਂ ਦੇਖਾਂਗੇ ਕਿ ਅਸੀਂ ਵੀ ਜ਼ਿਆਦਾ ਸੰਵੇਦਨਸ਼ੀਲ ਹੋ ਰਹੇ ਹਾਂ। ਦੂਜਿਆਂ ਨੂੰ ਸਮਝਣਾ ਜਾਂ ਉਨ੍ਹਾਂ ਦੇ ਦੁੱਖਾਂ ਨੂੰ ਸਮਝਣਾ ਤੁਹਾਨੂੰ ਚੰਗਾ ਇਨਸਾਨ ਬਣਾਉਂਦਾ ਹੈ। ਜੇ ਅਸੀਂ ਉਨ੍ਹਾਂ ਦੇ ਸਮਰਪਣ ਨੂੰ ਅਪਣਾਵਾਂਗੇ ਤਾਂ ਅਸੀਂ ਵੀ ਉਨ੍ਹਾਂ ਉਚਾਈਆਂ ਦੇ ਨੇੜੇ ਤਾਂ ਪਹੁੰਚ ਹੀ ਸਕਦੇ ਹਾਂ, ਜਿਨ੍ਹਾਂ ''ਤੇ ਉਹ ਹਨ।
ਇਹ ਚੋਣ ਅਸੀਂ ਹੀ ਕਰਨੀ ਹੈ ਕਿ ਅਸੀਂ ਕਿਨ੍ਹਾਂ ਨਾਲ ਰਹਿਣਾ ਚਾਹੁੰਦੇ ਹਾਂ। ਕਿਨ੍ਹਾਂ ਵਰਗਾ ਬਣਨਾ ਚਾਹੁੰਦੇ ਹਾਂ। ਜੇ ਅਸੀਂ ਉਨ੍ਹਾਂ ਲੋਕਾਂ ਦੀ ਸੰਗਤ ਵਿਚ ਰਹਿੰਦੇ ਹਾਂ, ਜੋ ਨਾਂਹ-ਪੱਖੀ ਵਿਚਾਰ ਰੱਖਦੇ ਹਨ ਤਾਂ ਅਸੀਂ ਵੀ ਉਹੋ ਜਿਹੇ ਹੀ ਬਣ ਜਾਵਾਂਗੇ।