ਸਰਯੂਦਾਸ ਜੀ ਦੀ ਅਜਿਹੀ ਸਹਿਣਸ਼ੀਲਤਾ ਦੇਖ ਕੇ ਦੁਸ਼ਮਣ ਦੀਆਂ ਅੱਖਾਂ ''ਚ ਆਇਆ ਪਾਣੀ

1/10/2018 9:02:50 AM

ਮਹਾਤਮਾ ਸਰਯੂਦਾਸ ਦਾ ਜਨਮ ਗੁਜਰਾਤ ਦੇ ਪਾਰਡੀ ਨਾਮੀ ਪਿੰਡ 'ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਂ 'ਭੋਗੀ ਲਾਲ' ਸੀ। ਬਚਪਨ ਵਿਚ ਉਨ੍ਹਾਂ ਨੂੰ ਆਪਣੇ ਗੁਆਂਢੀ 'ਬਜਾ ਭਗਤ' ਦਾ ਸਤਿਸੰਗ ਮਿਲਿਆ। ਸਰਯੂਦਾਸ ਜੀ ਦੀ ਸਿੱਖਿਆ-ਦੀਕਸ਼ਾ ਬਹੁਤ ਥੋੜ੍ਹੀ ਸੀ। ਉਹ ਆਪਣੇ ਮਾਮਾ ਦੇ ਹੀ ਘਰ 'ਚ ਰਹਿ ਕੇ ਉਨ੍ਹਾਂ ਦਾ ਵਪਾਰ ਸੰਭਾਲਦੇ ਸਨ। ਕੁਝ ਦਿਨਾਂ ਬਾਅਦ ਸਰਯੂਦਾਸ ਦਾ ਵਿਆਹ ਹੋ ਗਿਆ ਪਰ ਉਨ੍ਹਾਂ ਦੀ ਪਤਨੀ ਜ਼ਿਆਦਾ ਦਿਨਾਂ ਤਕ ਜ਼ਿੰਦਾ ਨਹੀਂ ਰਹਿ ਸਕੀ। ਇਕ ਵਾਰ ਦੀ ਗੱਲ ਹੈ ਕਿ ਸਰਯੂਦਾਸ ਰੇਲ ਗੱਡੀ ਰਾਹੀਂ ਕਿਤੇ ਜਾ ਰਹੇ ਸਨ। ਗੱਡੀ 'ਚ ਬਹੁਤ ਭੀੜ ਸੀ।
ਕਿਸੇ ਤਰ੍ਹਾਂ ਸਰਯੂਦਾਸ ਜੀ ਨੂੰ ਗੱਡੀ 'ਚ ਬੈਠਣ ਦੀ ਜਗ੍ਹਾ ਮਿਲ ਗਈ। ਗੱਡੀ ਵਿਚ ਉਨ੍ਹਾਂ ਦੇ ਕੋਲ ਹੀ ਇਕ ਮਜ਼ਬੂਤ ਕੱਦ-ਕਾਠੀ ਵਾਲਾ ਵਿਅਕਤੀ ਬੈਠਾ ਸੀ। ਉਹ ਵਾਰ-ਵਾਰ ਉਨ੍ਹਾਂ ਵੱਲ ਪੈਰ ਵਧਾ ਕੇ ਉਨ੍ਹਾਂ ਨੂੰ ਠੋਕਰ ਮਾਰ ਦਿੰਦਾ ਸੀ। ਸੰਤ ਸਰਯੂਦਾਸ ਨੇ ਬੜੇ ਦਇਆ ਭਾਵ ਨਾਲ ਕਿਹਾ, ''ਭਾਈ ਸੰਕੋਚ ਨਾ ਕਰਨਾ। ਲੱਗਦਾ ਹੈ ਕਿ ਤੁਹਾਡੇ ਪੈਰ ਵਿਚ ਕਿਤੇ ਦਰਦ ਹੈ, ਜਿਸ ਨੂੰ ਦਿਖਾਉਣ ਲਈ ਤੂੰ ਵਾਰ-ਵਾਰ ਪੈਰ ਮੇਰੇ ਵੱਲ ਵਧਾਉਂਦਾ ਹੈਂ, ਫਿਰ ਵਾਪਸ ਖਿੱਚ ਲੈਂਦਾ ਹੈਂ। ਮੈਨੂੰ ਸੇਵਾ ਦਾ ਮੌਕਾ ਦੇ। ਮੈਂ ਵੀ ਤੇਰਾ ਆਪਣਾ ਹੀ ਹਾਂ।'' ਇਹ ਕਹਿੰਦੇ ਹੋਏ ਸੰਤ ਜੀ ਨੇ ਵਿਅਕਤੀ ਦੇ ਪੈਰ ਚੁੱਕ ਕੇ ਆਪਣੀ ਗੋਦ 'ਚ ਰੱਖ ਲਏ ਅਤੇ ਉਨ੍ਹਾਂ ਨੂੰ ਸਹਿਲਾਉਣ ਲੱਗੇ। ਸੰਤ ਜੀ ਵਲੋਂ ਅਜਿਹਾ ਕਰਨ 'ਤੇ ਯਾਤਰੀ ਸ਼ਰਮਿੰਦਾ ਹੋਇਆ ਅਤੇ ਮੁਆਫੀ ਮੰਗਦੇ ਹੋਏ ਕਹਿਣ ਲੱਗਾ, ''ਮਹਾਰਾਜ ਮੇਰਾ ਅਪਰਾਧ ਮੁਆਫ ਕਰੋ। ਤੁਸੀਂ ਮਹਾਤਮਾ ਹੋ, ਇਹ ਮੈਨੂੰ ਹੁਣ ਅਹਿਸਾਸ ਹੋਇਆ ਹੈ।''
ਸਹਿਣਸ਼ੀਲਤਾ ਅਜਿਹਾ ਗੁਣ ਹੈ, ਜਿਸ ਨੂੰ ਸਾਨੂੰ ਆਪਣੇ ਅੰਦਰ ਵਿਕਸਿਤ ਕਰਨਾ ਚਾਹੀਦਾ ਹੈ। ਵਿਅਕਤੀ ਦਾ ਸਹਿਣਸ਼ੀਲ ਹੋਣਾ ਹੀ ਉਸ ਨੂੰ ਇਸ ਦੁਨੀਆ ਵਿਚ ਅੱਗੇ ਲਿਜਾਂਦਾ ਹੈ। ਦਿਲ ਦੀ ਵਿਸ਼ਾਲਤਾ ਦਾ ਮੁਲਾਂਕਣ ਬਾਹਰੀ ਸ਼ਾਨ ਨਾਲ ਨਹੀਂ ਕੀਤਾ ਜਾ ਸਕਦਾ। ਦਿਲ 'ਚ ਜਗ੍ਹਾ ਹੋਵੇ ਤਾਂ ਛੋਟੀ ਕੁਟੀਆ ਵਿਚ ਵੀ ਸਥਾਨ ਬਣ ਜਾਣਾ ਮੁਸ਼ਕਿਲ ਨਹੀਂ ਹੈ। ਦਿਲ 'ਚ ਪ੍ਰੇਮ, ਸੰਤੋਖ ਹੈ ਤਾਂ ਇਨਸਾਨ ਕੁਟੀਆ 'ਚ ਵੀ ਸੁਖੀ ਰਹਿੰਦਾ ਹੈ ਅਤੇ ਅਸੰਤੋਖ ਹੈ ਤਾਂ ਅਜਿਹਾ ਜੀਵ ਮਹਿਲਾਂ 'ਚ ਵੀ ਸੁਖੀ ਨਹੀਂ ਰਹਿੰਦਾ।