ਸੋਚ ਸਰੀਰ ਨੂੰ ਵੀ ਬਣਾਉਂਦੀ-ਵਿਗਾੜਦੀ ਹੈ

7/21/2017 11:47:47 AM

ਸੋਚ ਸੁਭਾਅ ਹੀ ਨਹੀਂ, ਸਰੀਰ ਨੂੰ ਵੀ ਬਣਾਉਂਦੀ-ਵਿਗਾੜਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਰੀਰ ਨੂੰ ਜਿੰਨੀਆਂ ਵੀ ਘਾਤਕ ਬੀਮਾਰੀਆਂ ਲਗਦੀਆਂ ਹਨ, ਉਨ੍ਹਾਂ ਦਾ ਪ੍ਰਮੁੱਖ ਕਾਰਨ ਦਿਮਾਗੀ ਸੰਘਰਸ਼ ਤੇ ਜੀਵਨ ਪ੍ਰਤੀ ਨਿਰਾਸ਼ਾ ਭਰਿਆ ਨਜ਼ਰੀਆ ਹੈ ਪਰ ਜੀਵਨ ਪ੍ਰਤੀ ਹਾਂ-ਪੱਖੀ ਨਜ਼ਰੀਏ ਨਾਲ ਘਾਤਕ ਬੀਮਾਰੀਆਂ ਤੋਂ ਵੀ ਛੁਟਕਾਰਾ ਹਾਸਿਲ ਕੀਤਾ ਜਾ ਸਕਦਾ ਹੈ। ਜੀਵਨ ਪ੍ਰਤੀ ਹਾਂ-ਪੱਖੀ ਸੋਚ ਤੇ ਦ੍ਰਿੜ੍ਹ ਇੱਛਾ ਸ਼ਕਤੀ ਵਿਅਕਤੀ ਨੂੰ ਕਿਸੇ ਮਹਾਨ ਟੀਚੇ ਪ੍ਰਤੀ ਜਾਗਰੂਕ ਕਰ ਦਿੰਦੇ ਹਨ। ਇਸ ਸਥਿਤੀ ਵਿਚ ਵਿਅਕਤੀ ਖੁਦ ਨੰ ਊਰਜਾ ਨਾਲ ਭਰਪੂਰ ਤੇ ਸਿਹਤਮੰਦ ਮਹਿਸੂਸ ਕਰਦਾ ਹੈ। ਇਹ ਅੰਦਰੂਨੀ ਊਰਜਾ ਜਿਸ ਨੂੰ ਯੌਗਿਕ ਭਾਸ਼ਾ ਵਿਚ ਪ੍ਰਾਣ ਊਰਜਾ ਕਿਹਾ ਜਾਂਦਾ ਹੈ, ਵਿਅਕਤੀ ਦੀ ਬੀਮਾਰੀ-ਰੋਕੂ ਸਮਰੱਥਾ ਮਜ਼ਬੂਤ ਕਰਦੀ ਹੈ ਅਤੇ ਬੀਮਾਰੀ ਨਾਲ ਪੀੜਤ ਮੁਰਦਾ ਕੋਸ਼ਿਕਾਵਾਂ ਨੂੰ ਸਰਗਰਮ ਕਰ ਦਿੰਦੀ ਹੈ।
ਕ੍ਰਿਕਟਰ ਯੁਵਰਾਜ ਸਿੰਘ ਮੰਨਦੇ ਹਨ ਕਿ ਹਾਂ-ਪੱਖੀ ਸੋਚ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ਕ੍ਰਿਕਟ ਖੇਡਣ ਪ੍ਰਤੀ ਜਾਗਰੂਕਤਾ ਕਾਰਨ ਹੀ ਉਹ ਕੈਂਸਰ ਵਰਗੀ ਘਾਤਕ ਬੀਮਾਰੀ ਨੂੰ ਹਰਾਉਣ ਵਿਚ ਕਾਮਯਾਬ ਰਹੇ। ਮੁਕਾਬਲੇਬਾਜ਼ੀ ਅਤੇ ਪੈਸੇ ਦੀ ਭੱਜ-ਦੌੜ ਕਾਰਨ ਅੱਜ ਇਨਸਾਨ ਦਿਮਾਗੀ ਉਲਝਣਾਂ ਤੇ ਤਣਾਅ ਵਿਚਕਾਰ ਸਮਾਂ ਬਿਤਾ ਰਿਹਾ ਹੈ। ਇਹ ਤਣਾਅ ਭਰੀ ਜੀਵਨ-ਸ਼ੈਲੀ ਘਾਤਕ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਸਿਹਤਮੰਦ ਤੇ ਅਰੋਗ ਜੀਵਨ-ਸ਼ੈਲੀ ਦੀ ਧਾਰਾ ਜਿਨ੍ਹਾਂ 2 ਕਿਨਾਰਿਆਂ ਵਿਚਕਾਰ ਵਗਦੀ ਹੈ, ਉਸ ਦਾ ਇਕ ਸਿਰਾ ਆਤਮ-ਨਿਰੀਖਣ ਹੈ ਤਾਂ ਦੂਜਾ ਹਾਂ-ਪੱਖੀ ਸੋਚ। ਜਿਨ੍ਹਾਂ ਦੀ ਸੋਚ ਹਾਂ-ਪੱਖੀ ਨਹੀਂ, ਜੋ ਖੁਦ ਪ੍ਰਤੀ ਜਾਗਰੂਕ ਨਹੀਂ, ਬੀਮਾਰੀ ਉਨ੍ਹਾਂ ਦਾ ਮੁਕੱਦਰ ਬਣ ਜਾਂਦੀ ਹੈ। ਇਸ ਲਈ ਜਾਗਰੂਕਤਾ ਨਾਲ ਆਤਮ-ਨਿਰੀਖਣ ਕਰਦਿਆਂ ਲਗਾਤਾਰ ਆਪਣੀ ਸੋਚ ਹਾਂ-ਪੱਖੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਤਮ-ਨਿਰੀਖਣ ਤੇ ਹਾਂ-ਪੱਖੀ ਸੋਚ ਦਾ ਵਿਕਾਸ ਕਿਵੇਂ ਕੀਤਾ ਜਾਵੇ? ਹਾਂ-ਪੱਖੀ ਸੋਚ ਤੇ ਜਾਗਰੂਕਤਾ ਨੂੰ ਵਿਕਸਿਤ ਕਰਨ ਦਾ ਪ੍ਰਮੁੱਖ ਮਾਧਿਅਮ ਹੈ—ਰੋਜ਼ਾਨਾ ਯੋਗਾ ਅਭਿਆਸ। ਜਿਸ ਵਿਅਕਤੀ ਦਾ ਸਰੀਰ ਅਰੋਗ ਨਹੀਂ, ਉਸ ਦਾ ਨਜ਼ਰੀਆ ਕਦੇ ਵੀ ਰਚਨਾਤਮਕ ਨਹੀਂ ਹੋ ਸਕਦਾ। ਪ੍ਰਾਣਾਯਾਮ ਰਾਹੀਂ ਮਨ ਸ਼ਾਂਤ ਤੇ ਚਿੱਤ ਨਿਰਮਲ ਬਣਦਾ ਹੈ। 
ਤਨ-ਮਨ ਵਿਚ ਚੁਸਤੀ-ਫੁਰਤੀ ਤੇ ਉਤਸ਼ਾਹ ਮਹਿਸੂਸ ਹੁੰਦਾ ਹੈ। ਪ੍ਰਾਣਾਯਾਮ ਦੇ ਲਗਾਤਾਰ ਅਭਿਆਸ ਨਾਲ ਜਾਗਰੂਕਤਾ ਅਤੇ ਹਾਂ-ਪੱਖੀ ਨਜ਼ਰੀਆ ਆਸਾਨੀ ਨਾਲ ਮਿਲ ਜਾਂਦਾ ਹੈ। ਆਪਣੇ ਰੋਜ਼ਾਨਾ ਦੇ ਕੰਮਾਂ ਪ੍ਰਤੀ ਸੰਪੂਰਨ ਜਾਗਰੂਕਤਾ ਤੇ ਰਚਨਾਤਮਕ ਨਜ਼ਰੀਆ ਬਣਾਈ ਰੱਖਣ ਨਾਲ ਵਿਅਕਤੀ ਦਾ ਤਣਾਅ ਵਾਸ਼ਪ ਬਣ ਕੇ ਉੱਡ ਜਾਂਦਾ ਹੈ।