ਲੋਕਪ੍ਰਿਯਤਾ ਦਾ ਸੂਤਰ

9/7/2017 10:46:27 AM

ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਦਾਸ ਪ੍ਰਥਾ ਖਤਮ ਕਰਨ ਵਰਗੇ ਵੱਡੇ-ਵੱਡੇ ਕੰਮਾਂ ਲਈ ਜਾਣੇ ਜਾਂਦੇ ਹਨ। ਇਕ ਵਾਰ ਜਦੋਂ ਉਹ ਕਾਂਗਰਸ 'ਚ ਹਿੱਸਾ ਲੈਣ ਲਈ ਜਾ ਰਹੇ ਸਨ, ਉਦੋਂ ਰਸਤੇ 'ਚ ਉਨ੍ਹਾਂ ਇਕ ਸੂਰ ਨੂੰ ਚਿੱਕੜ 'ਚ ਫਸਿਆ ਦੇਖਿਆ। ਉਸ ਦੀ ਪੀੜ ਨੇ ਉਨ੍ਹਾਂ ਨੂੰ ਬੇਚੈਨ ਕਰ ਦਿੱਤਾ। ਉਨ੍ਹਾਂ ਡਰਾਈਵਰ ਨੂੰ ਤੁਰੰਤ ਗੱਡੀ ਰੋਕਣ ਲਈ ਕਿਹਾ ਅਤੇ ਜਾਨਵਰ ਨੂੰ ਬਾਹਰ ਕੱਢਣ ਲਈ ਗੱਡੀ 'ਚੋਂ ਉਤਰਨ ਲੱਗੇ।
ਇਹ ਦੇਖ ਕੇ ਡਰਾਈਵਰ ਨੇ ਰਾਸ਼ਟਰਪਤੀ ਨੂੰ ਕਿਹਾ, ''ਤੁਸੀਂ ਜ਼ਰੂਰੀ ਕੰਮ ਲਈ ਕਾਂਗਰਸ ਜਾ ਰਹੇ ਹੋ। ਅਜਿਹਾ ਨਾ ਕਰੋ, ਤੁਹਾਡੇ ਕੱਪੜੇ ਗੰਦੇ ਹੋ ਜਾਣਗੇ।'' ਇਸ 'ਤੇ ਲਿੰਕਨ ਨੇ ਜਵਾਬ ਦਿੱਤਾ, ''ਸੂਰ ਦਾ ਜੀਵਨ ਮੇਰੇ ਲਈ ਜ਼ਿਆਦਾ ਮਹੱਤਵਪੂਰਨ ਹੈ।'' ਪਰ ਉਨ੍ਹਾਂ ਦੀ ਇਸ ਗੱਲ ਨਾਲ ਡਰਾਈਵਰ ਸਹਿਮਤ ਨਹੀਂ ਹੋਇਆ ਅਤੇ ਬੋਲਿਆ, ''ਤੁਸੀਂ ਰਹਿਣ ਦਿਓ। ਮੈਂ ਉਸ ਜਾਨਵਰ ਨੂੰ ਕੱਢਦਾ ਹਾਂ।'' ਅਜਿਹਾ ਕਹਿ ਕੇ ਉਹ ਚਿੱਕੜ 'ਚੋਂ ਸੂਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ।
ਚਿੱਕੜ ਬਹੁਤ ਜ਼ਿਆਦਾ ਸੀ ਅਤੇ ਸੂਰ ਤੋਂ ਉਸ 'ਚੋਂ ਨਿਕਲ ਨਹੀਂ ਹੋ ਰਿਹਾ ਸੀ। ਹੁਣ ਲਿੰਕਨ ਤੋਂ ਰਿਹਾ ਨਾ ਗਿਆ ਅਤੇ ਉਹ ਵੀ ਚਿੱਕੜ 'ਚ ਉਤਰ ਗਏ। ਰਾਸ਼ਟਰਪਤੀ ਅਤੇ ਡਰਾਈਵਰ ਦੀਆਂ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਹੀ ਸੂਰ ਬਾਹਰ ਨਿਕਲਿਆ। ਇਸੇ ਦੌਰਾਨ   ਲਿੰਕਨ ਦੇ ਸਾਰੇ ਕੱਪੜੇ ਚਿੱਕੜ ਨਾਲ ਲਿੱਬੜ ਗਏ। ਡਰਾਈਵਰ ਨੇ ਉਨ੍ਹਾਂ ਨੂੰ ਵਾਪਸ ਘਰ ਜਾ ਕੇ ਕੱਪੜੇ ਬਦਲਣ ਦੀ ਬੇਨਤੀ ਕੀਤੀ ਪਰ ਲਿੰਕਨ ਬੋਲੇ, ''ਕਾਂਗਰਸ ਵਿਚ ਸਮੇਂ ਸਿਰ ਪਹੁੰਚਣਾ ਜ਼ਿਆਦਾ ਜ਼ਰੂਰੀ ਹੈ।'' ਉਹ ਕਾਂਗਰਸ ਪਹੁੰਚੇ ਤਾਂ ਸਾਰੇ ਉਨ੍ਹਾਂ ਦੀ ਹਾਲਤ ਦੇਖ ਕੇ ਹੈਰਾਨ ਸਨ। ਜਦੋਂ ਇਹ ਪਤਾ ਲੱਗਾ ਕਿ ਲਿੰਕਨ ਨੇ ਕਿਸ ਤਰ੍ਹਾਂ ਮਜਬੂਰ ਜਾਨਵਰ ਦੀ ਰੱਖਿਆ ਕੀਤੀ ਤਾਂ ਵਿਰੋਧੀ ਅਤੇ ਸਮਰਥਕ ਸਾਰੇ ਉਨ੍ਹਾਂ ਦੇ ਮੁਰੀਦ ਹੋ ਗਏ। ਇਕ ਛੋਟੇ ਜਿਹੇ ਕਿਸਾਨ ਦੇ ਬੇਟੇ ਅਤੇ ਅਮਰੀਕਾ ਦੇ ਸਭ ਤੋਂ ਲੋਕਪ੍ਰਿਯ ਰਾਸ਼ਟਰਪਤੀ ਲਿੰਕਨ ਦੀ ਪ੍ਰਸਿੱਧੀ ਦਾ ਮੂਲ ਸੀ-ਉਦਾਰਤਾ ਤੇ ਦੂਸਰਿਆਂ ਦੀ ਸਹਾਇਤਾ ਕਰਨ ਦਾ ਸੁਭਾਅ। ਲਿੰਕਨ ਦੇ ਇਸ ਸੂਤਰ ਨੂੰ ਯਾਦ ਰੱਖਿਆ ਜਾਵੇ ਤਾਂ ਹਰ ਕੋਈ ਲੋਕਪ੍ਰਿਯਤਾ ਪ੍ਰਾਪਤ ਕਰ ਸਕਦਾ ਹੈ।