ਪ੍ਰਸਿੱਧੀ ਹਾਸਿਲ ਕਰਨ ਦੀ ਇੱਛਾ

4/14/2017 4:26:44 PM

ਇਕ ਵਾਰ ਦੀ ਗੱਲ ਹੈ। ਰਾਜਾ ਭੋਜ ਪੂਰੇ ਦਿਨ ਦੇ ਰੁਝੇਵਿਆਂ ਤੋਂ ਬਾਅਦ ਡੂੰਘੀ ਨੀਂਦ ਸੁੱਤੇ ਪਏ ਸਨ। ਸੁਪਨੇ ਵਿਚ ਉਨ੍ਹਾਂ ਨੂੰ ਇਕ ਦੈਵਿਕ ਪੁਰਸ਼ ਦੇ ਦਰਸ਼ਨ ਹੋਏ। ਉਸ ਪੁਰਸ਼ ਦੇ ਚਾਰੇ ਪਾਸੇ ਉਜਾਲਾ ਫੈਲਿਆ ਹੋਇਆ ਸੀ। ਭੋਜ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਦਾ ਪਰੀਚੈ ਪੁੱਛਿਆ।
ਮੁਸਕਰਾਉਂਦੇ ਹੋਏ ਦੈਵਿਕ ਪੁਰਸ਼ ਬੋਲੇ,''''ਮੈਂ ਸੱਚ ਹਾਂ। ਮੈਂ ਤੈਨੂੰ ਕਥਿਤ ਪ੍ਰਾਪਤੀਆਂ ਦਾ ਅਸਲ ਰੂਪ ਦਿਖਾਉਣ ਆਇਆ ਹਾਂ। ਚੱਲ ਮੇਰੇ ਨਾਲ।''''
ਰਾਜਾ ਭੋਜ ਉਤਸੁਕਤਾ ਤੇ ਖੁਸ਼ੀ ਨਾਲ ਉਨ੍ਹਾਂ ਦੇ ਨਾਲ ਚੱਲ ਪਏ। ਭੋਜ ਖੁਦ ਨੂੰ ਬਹੁਤ ਵੱਡਾ ਧਰਮਾਤਮਾ ਸਮਝਦੇ ਸਨ। ਉਨ੍ਹਾਂ ਆਪਣੇ ਰਾਜ ਵਿਚ ਕਈ ਮੰਦਰ, ਧਰਮਸ਼ਾਲਾਵਾਂ, ਨਹਿਰਾਂ, ਖੂਹ ਆਦਿ ਬਣਵਾਏ ਸਨ। ਉਨ੍ਹਾਂ ਦੇ ਮਨ ਵਿਚ ਇਨ੍ਹਾਂ ਕੰਮਾਂ ਲਈ ਮਾਣ ਵੀ ਸੀ। ਦੈਵਿਕ ਪੁਰਸ਼ ਭੋਜ ਨੂੰ ਉਨ੍ਹਾਂ ਦੇ ਹੀ ਸ਼ਾਨਦਾਰ ਬਗੀਚੇ ਵਿਚ ਲੈ ਗਏ ਅਤੇ ਬੋਲੇ,''''ਤੈਨੂੰ ਇਸ ਬਗੀਚੇ ਦਾ ਬੜਾ ਮਾਣ ਹੈ ਨਾ?''''
ਫਿਰ ਉਨ੍ਹਾਂ ਨੇ ਇਕ ਦਰੱਖਤ ਨੂੰ ਛੂਹਿਆ ਅਤੇ ਦੇਖਦੇ ਹੀ ਦੇਖਦੇ ਉਹ ਮੁਰਝਾ ਗਿਆ। ਉਹ ਇਕ-ਇਕ ਕਰ ਕੇ ਸਾਰੇ ਸੁੰਦਰ ਫਲਾਂ ਨਾਲ ਲੱਦੇ ਦਰੱਖਤਾਂ ਨੂੰ ਛੂੰਹਦੇ ਗਏ ਅਤੇ ਉਹ ਸਭ ਮੁਰਝਾਉਂਦੇ ਗਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਭੋਜ ਦੇ ਸੋਨੇ ਨਾਲ ਜੜੇ ਇਕ ਮੰਦਰ ਨੇੜੇ ਲੈ ਗਏ। ਭੋਜ ਨੂੰ ਉਸ ਮੰਦਰ ਨਾਲ ਬਹੁਤ ਪਿਆਰ ਸੀ। ਦੈਵਿਕ ਪੁਰਸ਼ ਨੇ ਜਿਉਂ ਹੀ ਉਸ ਨੂੰ ਛੂਹਿਆ, ਉਹ ਲੋਹੇ ਵਰਗਾ ਕਾਲਾ ਹੋ ਗਿਆ ਅਤੇ ਖੰਡਰ ਵਾਂਗ ਡਿਗਦਾ ਚਲਾ ਗਿਆ। ਇਹ ਦੇਖ ਕੇ ਰਾਜੇ ਦੇ ਤਾਂ ਹੋਸ਼ ਹੀ ਉੱਡ ਗਏ। ਉਹ ਦੋਵੇਂ ਉਨ੍ਹਾਂ ਸਾਰੀਆਂ ਥਾਵਾਂ ''ਤੇ ਗਏ ਜੋ ਰਾਜਾ ਭੋਜ ਨੇ ਚਾਅ ਨਾਲ ਬਣਵਾਈਆਂ ਸਨ।
ਦੈਵਿਕ ਪੁਰਸ਼ ਬੋਲੇ,''''ਰਾਜਨ, ਭੁਲੇਖੇ ਵਿਚ ਨਾ ਪੈ। ਦੁਨਿਆਵੀ ਚੀਜ਼ਾਂ ਦੇ ਆਧਾਰ ''ਤੇ ਮਹਾਨਤਾ ਨਹੀਂ ਮਿੱਥੀ ਜਾਂਦੀ। ਇਕ ਗਰੀਬ ਆਦਮੀ ਵਲੋਂ ਪਿਲਾਏ ਗਏ ਇਕ ਗਲਾਸ ਪਾਣੀ ਦੀ ਕੀਮਤ ਤੇ ਉਸ ਦਾ ਪੁੰਨ ਕਿਸੇ ਐਸ਼ੋ-ਆਰਾਮ ਵਿਚ ਡੁੱਬੇ ਅਮੀਰ ਦੀਆਂ ਕਰੋੜਾਂ ਸੋਨੇ ਦੀਆਂ ਮੁਦਰਾਵਾਂ ਨਾਲੋਂ ਕਿਤੇ ਜ਼ਿਆਦਾ ਹੈ।''''
ਇੰਨਾ ਕਹਿ ਕੇ ਉਹ ਅੰਤਰਧਿਆਨ ਹੋ ਗਏ। ਰਾਜਾ ਭੋਜ ਨੇ ਸੁਪਨੇ ''ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਫਿਰ ਅਜਿਹੇ ਕੰਮਾਂ ਵਿਚ ਲੱਗ ਗਏ, ਜਿਨ੍ਹਾਂ ਨੂੰ ਕਰਦਿਆਂ ਉਨ੍ਹਾਂ ਨੂੰ ਪ੍ਰਸਿੱਧੀ ਹਾਸਿਲ ਕਰਨ ਦੀ ਇੱਛਾ ਬਿਲਕੁਲ ਨਹੀਂ ਰਹੀ।