ਜੀਵਨ ਜਿਊਣ ਦੀ ਕਲਾ ਹੈ ਸਮਝੌਤਾ

Thursday, April 13, 2017 12:49 PM
ਜੀਵਨ ਜਿਊਣ ਦੀ ਕਲਾ ਹੈ ਸਮਝੌਤਾ
ਸਮਝੌਤਾ ਇਕ ਆਮ ਸ਼ਬਦ ਹੈ ਪਰ ਵੱਡੀਆਂ-ਵੱਡੀਆਂ ਈਰਖਾਵਾਂ, ਦੁਸ਼ਮਣੀਆਂ ਤੇ ਸਥਿਤੀਆਂ ਨਾਲ ਤਾਲਮੇਲ ਬਿਠਾਉਣ ਵਿਚ ਇਸ ਦਾ ਕੋਈ ਜਵਾਬ ਨਹੀਂ। ਅੱਜ ਦੀ ਜੀਵਨ ਪ੍ਰਣਾਲੀ ਵਿਚ ਤਣਾਅ ਤੇ ਚਿੰਤਾ ਇੰਨੀ ਵਧ ਗਈ ਹੈ ਕਿ ਮਨੁੱਖ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ।
ਸਾਡੀਆਂ ਇੱਛਾਵਾਂ ਤੋਂ ਇਲਾਵਾ ਇਲੈਕਟ੍ਰਾਨਿਕ ਸਾਧਨਾਂ ਨੇ ਦੁਨੀਆ ਨਾਲ ਤਾਂ ਨੇੜਤਾ ਵਧਾ ਦਿੱਤੀ ਹੈ ਪਰ ਪਰਿਵਾਰ ਤੋਂ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਸੁੱਖ ਤੇ ਖੁਸ਼ਹਾਲੀ ਦੀ ਅੰਨ੍ਹੀ ਦੌੜ ਅਤੇ ਖਿੰਡਰੀ-ਪੁੰਡਰੀ ਸ਼ਖਸੀਅਤ ਕਾਰਨ ਵਿਅਕਤੀ ਤਣਾਅ ਤੇ ਚਿੰਤਾ ਵਿਚ ਰਹਿੰਦਾ ਹੈ। ਇਸ ਨਾਲ ਗੁੱਸਾ ਕਰਨਾ ਅਤੇ ਭੱਦੀ ਭਾਸ਼ਾ ਦੀ ਵਰਤੋਂ ਕਰਨਾ ਉਸ ਦੀ ਆਦਤ ਬਣ ਜਾਂਦੀ ਹੈ। ਨਤੀਜਾ ਟੁੱਟਦੇ ਸੰਬੰਧਾਂ ਤੇ ਬਿਖਰਦੇ ਪਰਿਵਾਰਾਂ ਦੇ ਰੂਪ ''ਚ ਸਾਹਮਣੇ ਆਉਂਦਾ ਹੈ।
ਇਸ ਸਥਿਤੀ ਤੋਂ ਛੁਟਕਾਰਾ ਹਾਸਿਲ ਕਰਨ ਲਈ ਜੋ ਜਿਸ ਤਰ੍ਹਾਂ ਦਾ ਹੈ, ਉਸ ਨੂੰ ਉਸੇ ਰੂਪ ਵਿਚ ਸਵੀਕਾਰ ਕਰ ਕੇ ਜਿਊਣ ਨਾਲ ਜੀਵਨ ਦਾ ਭਾਰ ਘਟ ਜਾਂਦਾ ਹੈ। ਇਸੇ ਸੰਬੰਧੀ ਰੂਸ ਦੇ ਪ੍ਰਸਿੱਧ ਦਾਰਸ਼ਨਿਕ ਟਾਲਸਟਾਏ ਦਾ ਕਹਿਣਾ ਹੈ ਕਿ ਮਨੁੱਖ ਸਭ ਤੋਂ ਜ਼ਿਆਦਾ ਤਸੀਹੇ ਆਪਣੇ ਵਿਚਾਰਾਂ ਕਾਰਨ ਹੀ ਸਹਿੰਦਾ ਹੈ। ਕਿਸੇ ਵੀ ਉਲਟ ਸਥਿਤੀ ਨੂੰ ਬੇਧਿਆਨ ਕਰਨ ਨਾਲ ਉਹ ਘਟਦੀ ਨਹੀਂ, ਸਗੋਂ ਕਈ ਗੁਣਾ ਵਧ ਜਾਂਦੀ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਵਿਅਕਤੀ ਆਪਣੀ ਦੁਨਿਆਵੀ ਨਜ਼ਰ ਦੀ ਥਾਂ ''ਤੇ ਅਧਿਆਤਮਿਕ ਨਜ਼ਰ ਵਿਕਸਿਤ ਕਰੇ। ਦੂਜਿਆਂ ਨਾਲ ਵਰਤਾਅ ਕਰਨ ਵੇਲੇ ਹਉਮੈ ਦਾ ਤਿਆਗ ਕਰੇ, ਦੂਜਿਆਂ ਦੇ ਵਿਚਾਰ ਸੁਣੇ ਤੇ ਸਮਝੇ ਅਤੇ ਸ਼ਾਂਤੀ ਤੇ ਧੀਰਜ ਨਾਲ ਸਹੀ ਤੱਥਾਂ ਦੇ ਆਧਾਰ ''ਤੇ ਫੈਸਲਾ ਲਵੇ।
ਜੀਵਨ ''ਚ ਹਉਮੈ ਨੂੰ ਛੱਡ ਕੇ ਘਟਨਾਵਾਂ, ਸੰਬੰਧਾਂ ਤੇ ਸਥਿਤੀਆਂ ਨਾਲ ਸਮਝੌਤਾਵਾਦੀ ਨਜ਼ਰੀਆ ਅਪਣਾਵੇ। ਸਮਝੌਤਾਵਾਦੀ ਵਿਅਕਤੀ ਨੂੰ ਲੋਕ ਡਰਪੋਕ ਸਮਝਦੇ ਹਨ ਪਰ ਇਹ ਸ਼ਾਂਤੀ ਨਾਲ ਜਿਊਣ ਦੀ ਕਲਾ ਹੈ। ਸਾਨੂੰ ਦੂਜਿਆਂ ਦੀਆਂ ਸਮੱਸਿਆਵਾਂ, ਨਜ਼ਰੀਏ ਤੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਕਿਸੇ ਮੱਧ ਬਿੰਦੂ ''ਤੇ ਆ ਕੇ ਸਮਝੌਤਾ ਕਰਨਾ ਚਾਹੀਦਾ ਹੈ। ਇਸ ਰੁਝਾਨ ਨੂੰ ਵਧਾ ਕੇ ਅਸੀਂ ਆਪਣੇ ਪਰਿਵਾਰਕ ਜੀਵਨ ਦੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਤਲਾਕ, ਆਤਮ-ਹੱਤਿਆ, ਹੱਤਿਆ ਆਦਿ ਸਾਰੀਆਂ ਸਮੱਸਿਆਵਾਂ ਦੇ ਪੈਦਾ ਹੋਣ ਦਾ ਕਾਰਨ ਜੋਸ਼ ਅਤੇ ਦੂਜਿਆਂ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਦੀ ਘਾਟ ਹੁੰਦਾ ਹੈ। ਹਉਮੈ ਨੂੰ ਛੱਡ ਕੇ ਸਮਝੌਤਾ ਕਰਨ ਵਾਲਾ ਮਹਾਨ ਹੁੰਦਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!