ਅੰਧਵਿਸ਼ਵਾਸ ਰੂਪੀ ਬਿੱਲੀ

7/25/2016 11:21:58 AM

ਇਕ ਮਹਾਤਮਾ ਜੀ ਆਪਣੇ ਕੁਝ ਚੇਲਿਆਂ ਨਾਲ ਜੰਗਲ ਵਿਚ ਆਸ਼ਰਮ ਬਣਾ ਕੇ ਰਹਿੰਦੇ ਸਨ। ਇਕ ਦਿਨ ਇਕ ਬਲੂੰਗੜਾ ਰਸਤਾ ਭਟਕ ਕੇ ਆਸ਼ਰਮ ਵਿਚ ਆ ਗਿਆ। ਮਹਾਤਮਾ ਜੀ ਨੇ ਉਸ ਭੁੱਖੇ-ਪਿਆਸੇ ਬਲੂੰਗੜੇ ਨੂੰ ਦੁੱਧ-ਰੋਟੀ ਖੁਆਈ। ਬਲੂੰਗੜਾ ਉਥੇ ਹੀ ਆਸ਼ਰਮ ਵਿਚ ਰਹਿ ਕੇ ਪਲਣ ਲੱਗਾ ਪਰ ਉਸ ਦੇ ਆਉਣ ਤੋਂ ਬਾਅਦ ਮਹਾਤਮਾ ਜੀ ਨੂੰ ਇਕ ਪ੍ਰੇਸ਼ਾਨੀ ਹੋਣ ਲੱਗੀ। ਜਦੋਂ ਉਹ ਸ਼ਾਮ ਨੂੰ ਧਿਆਨ ਵਿਚ ਬੈਠਦੇ ਤਾਂ ਬਲੂੰਗੜਾ ਕਦੇ ਉਨ੍ਹਾਂ ਦੀ ਗੋਦ ਵਿਚ ਚੜ੍ਹ ਜਾਂਦਾ, ਕਦੇ ਮੋਢੇ ਜਾਂ ਸਿਰ ''ਤੇ ਬੈਠ ਜਾਂਦਾ।
ਮਹਾਤਮਾ ਜੀ ਨੇ ਆਪਣੇ ਇਕ ਚੇਲੇ ਨੂੰ ਸੱਦਿਆ ਅਤੇ ਬੋਲੇ,''''ਦੇਖ, ਮੈਂ ਜਦੋਂ ਸ਼ਾਮ ਨੂੰ ਧਿਆਨ ''ਚ ਬੈਠਾਂ ਤਾਂ ਉਸ ਤੋਂ ਪਹਿਲਾਂ ਤੂੰ ਬਲੂੰਗੜੇ ਨੂੰ ਦੂਰ ਇਕ ਦਰੱਖਤ ਨਾਲ ਬੰਨ੍ਹ ਆਇਆ ਕਰ।''''
ਹੁਣ ਤਾਂ ਇਹ ਨਿਯਮ ਹੀ ਬਣ ਗਿਆ। ਮਹਾਤਮਾ ਜੀ ਦੇ ਧਿਆਨ ਵਿਚ ਬੈਠਣ ਤੋਂ ਪਹਿਲਾਂ ਬਲੂੰਗੜਾ ਦਰੱਖਤ ਨਾਲ ਬੰਨ੍ਹਿਆ ਜਾਣ ਲੱਗਾ। ਇਕ ਦਿਨ ਮਹਾਤਮਾ ਜੀ ਦੀ ਮੌਤ ਹੋ ਗਈ ਤਾਂ ਉਨ੍ਹਾਂ ਦਾ ਇਕ ਕਾਬਲ ਚੇਲਾ ਉਨ੍ਹਾਂ ਦੀ ਗੱਦੀ ''ਤੇ ਬੈਠਾ। ਉਹ ਵੀ ਜਦੋਂ ਧਿਆਨ ਵਿਚ ਬੈਠਦਾ ਤਾਂ ਉਸ ਤੋਂ ਪਹਿਲਾਂ ਬਲੂੰਗੜੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਜਾਂਦਾ। ਕੁਝ ਦਿਨ ਅਜਿਹਾ ਹੀ ਚੱਲਿਆ। ਬਲੂੰਗੜਾ ਵੱਡਾ ਹੋ ਗਿਆ। ਇਕ ਦਿਨ ਉਸ ਦੀ ਵੀ ਮੌਤ ਹੋ ਗਈ। ਸਾਰੇ ਚੇਲਿਆਂ ਨੇ ਵਿਚਾਰ-ਵਟਾਂਦਰਾ ਕੀਤਾ। ਆਖਰ ਕਾਫੀ ਲੱਭਣ ਤੋਂ ਬਾਅਦ ਇਕ ਬਿੱਲੀ ਮਿਲੀ ਜਿਸ ਨੂੰ ਦਰੱਖਤ ਨਾਲ ਬੰਨ੍ਹਣ ਤੋਂ ਬਾਅਦ ਮਹਾਤਮਾ ਜੀ ਧਿਆਨ ਵਿਚ ਬੈਠੇ।
ਇਸ ਤੋਂ ਬਾਅਦ ਉਸ ਆਸ਼ਰਮ ਵਿਚ ਹਰ ਮਹਾਤਮਾ ਦੇ ਧਿਆਨ ''ਚ ਬੈਠਣ ਵੇਲੇ ਬਿੱਲੀ ਨੂੰ ਬੰਨ੍ਹੇ ਜਾਣ ਦਾ ਰਿਵਾਜ ਚੱਲ ਪਿਆ। ਬਿੱਲੀਆਂ ਬਦਲਦੀਆਂ ਰਹੀਆਂ ਅਤੇ ਇਹ ਪ੍ਰੰਪਰਾ ਬਣ ਗਈ। ਪ੍ਰੰਪਰਾ ਦੇ ਨਾਂ ''ਤੇ ਕਈ ਚੀਜ਼ਾਂ ਅੰਧਵਿਸ਼ਵਾਸ ਵਿਚ ਵਾਧਾ ਕਰਦੀਆਂ ਹਨ।
ਲੋੜ ਇਸ ਗੱਲ ਦੀ ਹੈ ਕਿ ਅਸੀਂ ਅੰਧਵਿਸ਼ਵਾਸ ਦੀਆਂ ਅਜਿਹੀਆਂ ਪ੍ਰੰਪਰਾਵਾਂ ਨੂੰ ਪੈਦਾ ਨਾ ਹੋਣ ਦੇਈਏ। ਅਸੀਂ ਚੰਗੀ ਤਰ੍ਹਾਂ ਸੋਚ ਲਈਏ ਕਿ ਕਿਤੇ ਅਣਜਾਣਪੁਣੇ ''ਚ ਅਸੀਂ ਅੰਧਵਿਸ਼ਵਾਸ ਰੂਪੀ ਬਿੱਲੀ ਤਾਂ ਨਹੀਂ ਪਾਲ ਰਹੇ?