ਸੂਰਜ ਮੰਦਿਰ ਦੀ ਨਗਰੀ ਕੋਣਾਰਕ

4/24/2017 7:08:04 AM

ਉੜੀਸਾ ਸੂਬੇ ''ਚ ਸਥਿਤ ਕੋਣਾਰਕ ਭਾਰਤ ਦੀ ਵਿਸ਼ਵ ਪ੍ਰਸਿੱਧ ਵਿਰਾਸਤ ਹੈ। ਯੂਨੈਸਕੋ ਨੇ ਵੀ ਇਤਿਹਾਸਕ ਪੁਰਾਤਨ ਵਿਰਾਸਤਾਂ ''ਚ ਇਸ ਨੂੰ ਸ਼ਾਮਲ ਕੀਤਾ ਹੋਇਆ ਹੈ। ਆਪਣੀ ਸ਼ਿਲਪ ਕਲਾ, ਸਥਾਪਨਾ ਕਲਾ, ਮੂਰਤੀ ਕਲਾ, ਅਨੋਖੀ ਨੱਕਾਸ਼ੀ ਤੇ ਸਜੀਵ ਮੈਥੁਨ ਦ੍ਰਿਸ਼ਾਂ ਲਈ ਮਸ਼ਹੂਰ ਕੋਣਾਰਕ ''ਚ ਸੂਰਜ ਮੰਦਿਰ ਦੀ ਹੋਂਦ ਹੈ। ਉਂਝ ਤਾਂ ਸੂਰਜ ਭਗਵਾਨ ਸ਼ਕਤੀਸ਼ਾਲੀ ਦੇਵਤਿਆਂ ''ਚ ਸ਼ਾਮਲ ਹੁੰਦੇ ਹਨ ਪਰ ਕੋਹੜ ਦੀ ਬੀਮਾਰੀ ਤੋਂ ਮੁਕਤੀ ਲਈ ਤੇ ਸ਼ਨੀ ਦੀ ਪੀੜਾ ਤੋਂ ਮੁਕਤੀ ਹਾਸਲ ਕਰਨ ਲਈ ਅਨਾਦੀਕਾਲ ਤੋਂ ਸੂਰਜ ਉਪਾਸਨਾ ਇਕ ਅਹਿਮ ਕਰਮ ਰਿਹਾ ਹੈ।
ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪੁੱਤਰ ਸਾਂਬ ਨੂੰ ਕੋਹੜ ਰੋਗ ਹੋ ਗਿਆ ਸੀ। ਕੋਹੜ ਰੋਗ ਤੋਂ ਮੁਕਤੀ ਲਈ ਉਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਖੁਦ ਸਾਂਬ ਨੂੰ ਸੂਰਜ ਦੀ ਉਪਾਸਨਾ ਦਾ ਨਿਰਦੇਸ਼ ਦਿੱਤਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਉਦੋਂ ਸਾਂਬ ਨੇ ਸੂਰਜ ਭਗਵਾਨ ਦੀ ਮੂਰਤੀ ਸਥਾਪਿਤ ਕੀਤੀ ਸੀ, ਜੋ ਅੱਜ ਜਗਨਨਾਥਪੁਰੀ ''ਚ ਸੁਰੱਖਿਅਤ ਹੈ। ਇਸੇ ਤਰ੍ਹਾਂ ਰਾਜਾ ਲਾਂਗੁਲਾ ਨਰਸਿੰਘ ਦੇਵ ਨੂੰ ਵੀ ਕੋਹੜ ਦਾ ਰੋਗ ਹੋ ਗਿਆ ਸੀ, ਜਿਸ ਤੋਂ ਮੁਕਤੀ ਲਈ ਧਰਮ ਦੇ ਜਾਣਕਾਰਾਂ ਨੇ ਉਨ੍ਹਾਂ ਨੂੰ ਸੂਰਜ ਮੰਦਿਰ ਦੀ ਸਥਾਪਨਾ ਕਰ ਕੇ ਇਸ ਰੋਗ ਤੋਂ ਮੁਕਤੀ ਦਾ ਉਪਾਅ ਦੱਸਿਆ ਸੀ। ਧਰਮ ਦੇ ਜਾਣਕਾਰਾਂ ਦੀ ਸਲਾਹ ''ਤੇ ਰਾਜਾ ਨੇ ਉੜੀਸਾ ਦੇ ਇਕਾਂਤ ਸਾਗਰ ਤੱਟ ''ਤੇ ਭਗਵਾਨ ਸੂਰਜ ਦਾ ਅਜਿਹਾ ਵਿਸ਼ਾਲ ਮੰਦਿਰ ਬਣਾਇਆ, ਜਿਹੋ ਜਿਹਾ ਅੱਜ ਤਕ ਕੋਈ ਨਹੀਂ ਬਣਿਆ। ਕੋਣਾਰਕ ਜਗਨਨਾਥਪੁਰੀ ਤੇ ਭੁਵਨੇਸ਼ਵਰ ਤੋਂ ਜ਼ਿਆਦਾ ਦੂਰੀ ''ਤੇ ਨਹੀਂ ਹੈ। ਸਿਰਫ ਕੁਝ ਸਮੇਂ ''ਚ ਹੀ ਉਸ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ।
ਇਕ ਤਾਂ ਸਮੁੰਦਰੀ ਕਿਨਾਰਾ, ਦੂਜਾ ਚੰਦਰਭਾਗਾ ਨਦੀ ਦਾ ਨੇੜੇ ਹੋਣਾ ਕੋਣਾਰਕ ਦੇ ਸੂਰਜ ਮੰਦਿਰ ਲਈ ਵਰਦਾਨ ਸਿੱਧ ਹੋਇਆ। ਪ੍ਰਾਚੀਨ ਸਮੇਂ ''ਚ ਮਾਘ ਸ਼ੁਕਲਾ ਸਪਤਮੀ ਦੇ ਦਿਨ ਚੰਦਰਭਾਨ ਨਦੀ ''ਚ ਇਸ਼ਨਾਨ ਕਰਨਾ ਪੁੰਨ ਦੇਣਵਾਲਾ ਵਾਲਾ ਮੰਨਿਆ ਜਾਂਦਾ ਸੀ। ਮਾਨਤਾ ਅੱਜ ਵੀ ਕਾਇਮ ਹੈ। 13ਵੀਂ ਸਦੀ ''ਚ ਕਾਲੇ ਗ੍ਰੇਨਾਈਟ ਪੱਥਰਾਂ ਨਾਲ ਬਣੇ ਕੋਣਾਰਕ ਦੇ ਸੂਰਜ ਮੰਦਿਰ ਨੂੰ ''ਬਲੈਕ ਪੈਗੋਡਾ'' ਵੀ ਕਿਹਾ ਜਾਂਦਾ ਹੈ। ਰਾਬਿੰਦਰਨਾਥ ਟੈਗੋਰ ਨੇ ਇਸ ਮੰਦਿਰ ਦੇ ਵਿਸ਼ੇ ''ਚ ਇਹ ਕਿਹਾ ਸੀ ਕਿ ਕੋਣਾਰਕ ਦਾ ਸੂਰਜ ਮੰਦਿਰ ਉਹ ਸਥਾਨ ਹੈ, ਜਿਥੇ ਪੱਥਰਾਂ ਦੀ ਭਾਸ਼ਾ, ਮਨੁੱਖਾਂ ਦੀ ਭਾਸ਼ਾ ਤੋਂ ਵੱਧ ਕੇ ਹੈ।
ਕੋਣਾਰਕ ਮੰਦਿਰ ''ਚ ਕੋਈ ਮੂਰਤੀ ਨਹੀਂ ਹੈ, ਇਹ ਇਸ ਮੰਦਿਰ ਦੀ ਅਨੋਖੀ ਵਿਸ਼ੇਸ਼ਤਾ ਹੈ। ਇਹ ਮੰਦਿਰ ਚਾਰੇ ਪਾਸਿਓਂ ਪੱਕੇ ਘੇਰੇ ਦੇ ਅੰਦਰ ਹੈ, ਜੋ ਸਰੋਵਰ ਵਾਂਗ ਲੱਗਦਾ ਹੈ। ਅਸਲ ''ਚ ਇਹ ਵਿਸ਼ਾਲ ਰੱਥ ਮੰਦਿਰ ਹੈ, ਜਿਸ ਵਿਚ ਰੱਥ ''ਤੇ ਸਵਾਰ ਸੂਰਜ ਭਗਵਾਨ ਦੀ ਕਲਪਨਾ ਕੀਤੀ ਗਈ ਹੈ। ਇਹ ਮੰਦਿਰ 1200 ਸ਼ਿਲਪੀਆਂ ਦੀ ਸਖਤ ਮਿਹਨਤ ਨਾਲ 12 ਸਾਲਾਂ ''ਚ ਲੱਖਾਂ ਰੁਪਏ ਦੇ ਖਰਚੇ ਤੋਂ ਬਾਅਦ ਬਣਾਇਆ ਗਿਆ। ਕੋਣਾਰਕ ਮੰਦਿਰ ''ਚ 3 ਆਕਾਰ ਦੇ ਸੂਰਜ ਦੇਵਤਾ ਹਨ, ਜੋ ਚਾਰੇ ਪਾਸੇ ਦੀਆਂ ਬਾਹਰੀ ਦੀਵਾਰਾਂ ''ਤੇ ਸਥਿਤ ਹਨ।
ਮੰਦਿਰ ਦੇ ਦੱਖਣ ਵੱਲ ਸੂਰਜ ਦੇਵਤਾ ਨੂੰ ਉਗਦੇ ਸੂਰਜ ਦੇਵ ਦੇ ਰੂਪ ''ਚ ਉਕਰਿਆ ਗਿਆ ਹੈ, ਜਿਸ ਦੀ ਉਚਾਈ 8.3 ਫੁੱਟ ਹੈ। ਪੱਛਮ ਵੱਲ ਸੂਰਜ ਦੇਵਤਾ ਨੂੰ ਦੁਪਹਿਰ ਦੇ ਸੂਰਜ ''ਚ ਮੰਨਿਆ ਗਿਆ ਹੈ, ਜਿਸ ਦੀ ਉਚਾਈ 9.6 ਫੁੱਟ ਹੈ। ਉੱਤਰ ਵੱਲ ਜੋ ਸੂਰਜ ਦੇਵਤਾ ਉਕਰੇ ਗਏ ਹਨ, ਉਨ੍ਹਾਂ ਦੀ ਕਲਪਨਾ ਡੁੱਬਦੇ ਸੂਰਜ ਦੇ ਰੂਪ ''ਚ ਕੀਤੀ ਗਈ ਹੈ, ਜਿਨ੍ਹਾਂ ਦੀ ਉਚਾਈ 3.49 ਮੀਟਰ ਹੈ। ਕੋਣਾਰਕ ਦੇ ਸੂਰਜ ਮੰਦਿਰ ''ਚ 7 ਘੋੜੇ ਹਨ ਤੇ ਸਾਰਥੀ ਦਾ ਸਥਾਨ ਵੀ ਬਣਿਆ ਹੈ, ਜੋ ਬਹੁਤ ਉੱਚਾ ਹੈ। ਮੰਦਿਰ ਦਾ ਜੋ ਸਿਖਰ ਹਿੱਸਾ ਸੀ ਉਹ ਤਾਂ ਅੱਜ ਅਲੋਪ ਹੈ। ਮੁਗਲ ਬਾਦਸ਼ਾਹ ਜਹਾਂਗੀਰ ਨੇ ਕੋਣਾਰਕ ਦੇ ਸੂਰਜ ਮੰਦਿਰ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਸਮੇਂ ਦੇ ਨਾਲ ਇਹ ਮੰਦਿਰ ਧਰਤੀ ''ਚ ਵੀ ਧਸ ਗਿਆ ਸੀ, ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਸਿਰਫ 3 ਕਿਲੋਮੀਟਰ ਦੀ ਦੂਰੀ ''ਤੇ ਹੀ ਸਮੁੰਦਰ ਹੈ। ਸ਼ਾਇਦ ਭਿਆਨਕ ਹੜ੍ਹ ਨੇ ਮੰਦਿਰ ਨੂੰ ਜ਼ਮੀਨ ''ਚ ਧਸਾ ਦਿੱਤਾ ਹੋਵੇ?
ਪੁਰਾਤੱਤਵ ਵਿਭਾਗ ਦੀ ਖੋਜ ਨਾਲ ਇਸ ਮੰਦਿਰ ਦੀ ਹੋਂਦ ਮੁੜ ਉੱਭਰੀ ਤੇ ਧਸੇ ਹੋਏ ਮੰਦਿਰ ਨੂੰ ਸਾਵਧਾਨੀ ਨਾਲ ਬਾਹਰ ਕੱਢਿਆ ਗਿਆ। ਅੱਜ ਦੇ ਮੌਜੂਦਾ ਸਰੂਪ ''ਚ ਸਿਖਰ ਦਾ ਹਿੱਸਾ ਟੁੱਟਾ ਹੋਇਆ ਹੈ। ਸ਼੍ਰੀ ਮੰਦਿਰ ਤਾਂ ਹੈ ਹੀ ਨਹੀਂ ਸਿਰਫ ਸਾਹਮਣੇ ਦੇ ਭੋਗ ਮੰਡਪ ਦਾ ਕੁਝ ਹਿੱਸਾ ਖੜ੍ਹਾ ਹੈ। ਕੋਣਾਰਕ ਦੇ ਮੰਦਿਰ ਦੀ ਸ਼ੁਰੂਆਤ ਦੋ ਸ਼ੇਰਾਂ ਤੋਂ ਹੁੰਦੀ ਹੈ, ਜਿਨ੍ਹਾਂ ਨੇ ਹਮਲਾਵਰ ਰੂਪ ''ਚ ਦੋ ਹਾਥੀਆਂ ਨੂੰ ਆਪਣੇ ਹੇਠਾਂ ਦਬਾਇਆ ਹੋਇਆ ਹੈ। ਇਸੇ ਤਰ੍ਹਾਂ ਦੱਖਣ ਵੱਲ ਅਲੰਕਾਰ ਨਾਲ ਸਜੇ ਦੋ ਭੜਕੀਲੇ ਯੋਧਾ ਘੋੜੇ ਹਨ, ਜਿਸ ਵਿਚ ਹਰੇਕ ਘੋੜੇ ਦੀ ਲੰਬਾਈ 10 ਫੁੱਟ, ਚੌੜ੍ਹਾਈ 7 ਫੁੱਟ ਹੈ। ਇਨ੍ਹਾਂ ਘੋੜਿਆਂ ਨੂੰ ਉੜੀਸਾ ਸਰਕਾਰ ਨੇ ਆਪਣੀ ਸਰਕਾਰੀ ਮੋਹਰ ਦੇ ਰੂਪ ''ਚ ਸਵੀਕਾਰ ਕੀਤਾ ਹੋਇਆ ਹੈ। ਕੋਣਾਰਕ ਦੇ ਇਸ ਸੂਰਜ ਮੰਦਿਰ ''ਚ ਤਿੰਨ ਪਾਸੇ ਉੱਚੇ-ਉੱਚੇ ਪ੍ਰਵੇਸ਼ ਦੁਆਰ ਹਨ। ਮੁੱਖ ਦੁਆਰ ਪੂਰਬ ਦਿਸ਼ਾ ''ਚ ਸੀ, ਜਿਸ ਦੇ ਠੀਕ ਸਾਹਮਣੇ ਸਮੁੰਦਰ ਤੋਂ ਸੂਰਜ ਉਗਦਾ ਹੁੰਦਾ ਸੀ। ਇਹ ਵਿਸ਼ਾਵ ਸੂਰਜ ਮੰਦਿਰ ਨਾਟਯ ਮੰਡਪ, ਯੱਗ ਮੰਡਪ ਅਤੇ ਗਰਭ ਗ੍ਰਹਿ ਆਦਿ 3 ਹਿੱਸਿਆਂ ''ਚ ਵੰਡਿਆ ਗਿਆ ਹੈ।
ਖਜੁਰਾਹੋ ਤੋਂ ਬਾਅਦ ਕੋਣਾਰਕ ਦਾ ਸੂਰਜ ਮੰਦਿਰ ਹੀ ਸੰਸਾਰ ਦੀ ਅਜਿਹੀ ਇਮਾਰਤ ਹੈ, ਜਿਥੇ ਸ਼ਿੰਗਾਰ ਰਸ ਨੂੰ ਸਜੀਵ ਮੈਥੁਨਿਕ ਰੂਪ ''ਚ ਉਕਰਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਕੋਣਾਰਕ ਮੰਦਿਰ ਦੇ ਕੁਝ ਆਕਰਸ਼ਕ ਹਿੱਸੇ ਪਪੁਰੀ ਦੇ ਜਗਨਨਾਥ ਮੰਦਿਰ ''ਚ ਸਥਿਤ ਹਨ। ਕੁਝ ਹਿੱਸੇ ਰਾਜਾ ਵੱਲੋਂ ਬਣਵਾਏ ਗਏ ਕਿਲੇ ''ਚ ਕੰਮ ਵਿਚ ਲਿਆਏ ਗਏ ਤੇ ਕੁਝ ਹਿੱਸੇ ਸਥਾਨਕ ਲੋਕਾਂ ਵੱਲੋਂ ਵਰਤੋਂ ''ਚ ਲਿਆਏ ਗਏ। ਉੜੀਸਾ ਦੇ ਰੇਤਲੇ ਲਾਲ ਪੱਥਰਾਂ ਤੇ ਕਾਲੇ ਗ੍ਰੇਨਾਈਟ ਪੱਥਰਾਂ ਨਾਲ ਬਣਿਆ ਕੋਣਾਰਕ ਦਾ ਸੂਰਜ ਮੰਦਿਰ ਦਾ ਮੁੱਖ ਹਿੱਸਾ 227 ਫੁੱਟ ਉੱਚਾ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ ਮੰਦਿਰ ਦੇ ਸਿਖਰ ''ਤੇ ਸਥਿਤ ਲੋਡਸਟੋਨ ਪੱਥਰ ਚੁੰਬਕੀ ਪ੍ਰਭਾਵ ਰੱਖਦਾ ਹੈ, ਜਿਸ ਕਾਰਨ ਸਮੁੰਦਰ ''ਚ ਪਹਿਲਾਂ ਕਈ ਜਹਾਜ਼ ਨੁਕਸਾਨੇ ਵੀ ਜਾ ਚੁੱਕੇ ਹਨ।
—ਪਵਨ ਕੁਮਾਰ