ਸੱਤ ਘੋੜਿਆਂ ''ਤੇ ਸਵਾਰ ਹੋ ਕੇ ਨਿਕਲਦੇ ਨੇ ਸੂਰਜ

12/5/2016 6:43:42 AM

ਉਂਝ ਤਾਂ ਦੇਸ਼ ''ਚ ਕਈ ਸੂਰਜ ਮੰਦਿਰ ਹਨ ਪਰ ਗਵਾਲੀਅਰ ਦੇ ਸੂਰਜ ਮੰਦਿਰ ਦੀ ਵਿਸ਼ਾਲਤਾ ਅਨੋਖੀ ਹੈ। ਸ਼ਹਿਰ ਦੇ ਮੁਰਾਰ ਇਲਾਕੇ ''ਚ ਸਥਿਤ ਵਿਵਸਵਾਨ ਸੂਰਜ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ 23 ਜਨਵਰੀ, 1988 ਨੂੰ ਕੀਤੀ ਗਈ ਸੀ। ਮੰਦਿਰ ਦਾ ਉਦਘਾਟਨ ਬਸੰਤ ਕੁਮਾਰ ਬਿੜਲਾ ਨੇ ਕੀਤਾ ਸੀ। ਪੂਰਬ ਰੁਖ਼ ਵਾਲੇ ਇਸ ਮੰਦਿਰ ''ਚ ਸੱਤ ਘੋੜਿਆਂ ''ਤੇ ਸਵਾਰ ਸੂਰਜ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਮੰਦਿਰ ਦਾ ਰੁਖ਼ ਪੂਰਬ ਵੱਲ ਹੋਣ ਕਾਰਨ ਸਵੇਰ ਦੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦੋਂ ਮੰਦਿਰ ਦੇ ਪ੍ਰਵੇਸ਼ ਦੁਆਰ ਨੂੰ ਚੁੰਮਦੀਆਂ ਹਨ ਤਾਂ ਮੰਦਿਰ ਦੀ ਸੁੰਦਰਤਾ ਅਨੋਖੀ ਦਿਖਾਈ ਦਿੰਦੀ ਹੈ। ਬਾਹਰੋਂ ਲਾਲ ਪੱਥਰ ਨਾਲ ਬਣੇ ਪੂਰੇ ਮੰਦਿਰ ਦੀ ਆਕ੍ਰਿਤੀ ਕਿਸੇ ਵਿਸ਼ਾਲ ਰੱਥ ਜਿਹੀ ਹੈ, ਜਿਸ ਵਿਚ ਦੋਵੇਂ ਪਾਸੇ 16 ਪਹੀਏ ਲੱਗੇ ਹੋਏ ਹਨ। ਮੰਦਿਰ ਦਾ ਡਿਜ਼ਾਈਨ ਓਡਿਸ਼ਾ ਦੇ ਕੋਣਾਰਕ ਸਥਿਤ ਵਿਸ਼ਵ ਪ੍ਰਸਿੱਧ ਸੂਰਜ ਮੰਦਿਰ ਨਾਲ ਕਾਫੀ ਕੁਝ ਮਿਲਦਾ-ਜੁਲਦਾ ਹੈ। ਮੰਦਿਰ ਦੇ ਮੁੱਖ ਦਰਵਾਜ਼ੇ ''ਤੇ ਸੱਤ ਘੋੜੇ ਬਣੇ ਹੋਏ ਹਨ ਜੋ ਸੂਰਜ ਦੇ ਰੱਥ ਨੂੰ ਖਿੱਚਦੇ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਸੂਰਜ ਦੇਵਤਾ ਹਰ ਸਵੇਰ ਸੱਤ ਘੋੜਿਆਂ ''ਤੇ ਸਵਾਰ ਹੋ ਕੇ ਸੰਸਾਰ ਨੂੰ ਰੋਸ਼ਨ ਕਰਨ ਲਈ ਨਿਕਲਦੇ ਹਨ।
ਮੰਦਿਰ ਦੀ ਅੰਦਰੂਨੀ ਸਜਾਵਟ ''ਚ ਸਫੈਦ ਸੰਗਮਰਮਰ ਦਾ ਇਸਤੇਮਾਲ ਕੀਤਾ ਗਿਆ ਹੈ। ਅੰਦਰ ਥਾਂ-ਥਾਂ ਦੀਵਾਰਾਂ ''ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉਕਰੀਆਂ ਹੋਈਆਂ ਹਨ। ਸੂਰਜ ਮੰਦਿਰ ਹੁਣ ਗਵਾਲੀਅਰ ਸ਼ਹਿਰ ਦੇ ਪ੍ਰਮੁੱਖ ਦੇਖਣਯੋਗ ਸਥਾਨਾਂ ''ਚ ਸ਼ਾਮਲ ਹੋ ਚੁੱਕਾ ਹੈ। ਆਮ ਸ਼ਰਧਾਲੂਆਂ ਲਈ ਮੰਦਿਰ, ਸੂਰਜ ਚੜ੍ਹਣ ਤੋਂ ਲੈ ਕੇ ਸੂਰਜ ਡੁੱਬਣ ਤਕ ਖੁੱਲ੍ਹਾ ਰਹਿੰਦਾ ਹੈ ਅਤੇ ਦੁਪਹਿਰ 12 ਤੋਂ 1 ਵਜੇ ਤਕ ਮੰਦਿਰ ਬੰਦ ਹੁੰਦਾ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਸੂਰਜ ਮੰਿਦਰ ਸ਼ਾਮ 7.30 ਵਜੇ ਤਕ ਖੁੱਲ੍ਹਾ ਰਹਿੰਦਾ ਹੈ। ਕਈ ਏਕੜ ''ਚ ਫੈਲੇ ਇਸ ਮੰਦਿਰ ਕੰਪਲੈਕਸ ''ਚ ਹਰਿਆਲੀ ਅਜਿਹੀ ਹੈ ਕਿ ਇਥੋਂ ਛੇਤੀ ਬਾਹਰ ਨਿਕਲਣ ਦਾ ਦਿਲ ਹੀ ਨਹੀਂ ਕਰਦਾ। ਮੰਦਿਰ ਕੰਪਲੈਕਸ ''ਚ ਲੋਕਾਂ ਲਈ ਘਣਸ਼ਿਆਮ ਦਾਸ ਬਿੜਲਾ ਦਾ ਇਹ ਸੰਦੇਸ਼ ਲਿਖਿਆ ਗਿਆ ਹੈ-ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਚੰਗੇ ਕਰਮ ਕਰੋ ਅਤੇ ਭਗਵਾਨ ਦਾ ਨਾਂ ਲਓ। ਈਸ਼ਵਰ ਤੁਹਾਨੂੰ ਖੁਸ਼ੀ ਦੇਵੇਗਾ।
ਸੂਰਜ ਮੰਦਿਰ, ਮੋਢੇਰਾ
ਇਹ ਮੰਦਿਰ ਅਹਿਮਦਾਬਾਦ ਤੋਂ ਲੱਗਭਗ 100 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਿਰ ਦਾ ਨਿਰਮਾਣ ਸਮਰਾਟ ਭੀਮਦੇਵੀ ਸੋਲੰਕੀ ਪ੍ਰਥਮ ਨੇ ਕਰਵਾਇਆ ਸੀ। ਇਥੇ ਇਸ ਦੇ ਸੰਬੰਧ ''ਚ ਇਕ ਪੱਥਰ ''ਤੇ ਲਿਖਿਆ ਮਿਲਦਾ ਹੈ। ਸੋਲੰਕੀ ਸੂਰਜਵੰਸ਼ੀ ਸਨ ਅਤੇ ਉਹ ਸੂਰਜ ਨੂੰ ਕੁਲਦੇਵਤਾ ਦੇ ਰੂਪ ''ਚ ਪੂਜਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਪੂਜਣਯੋਗ ਦੇਵਤਾ ਦੀ ਅਰਾਧਨਾ ਲਈ ਇਕ ਵਿਸ਼ਾਲ ਮੰਦਿਰ ਬਣਾਉਣ ਦਾ ਨਿਸ਼ਚੈ ਕੀਤਾ। ਇਸ ਤਰ੍ਹਾਂ ਮੋਢੇਰਾ ਦੇ ਸੂਰਜ ਮੰਦਿਰ ਨੇ ਆਕਾਰ ਲਿਆ। ਇਹ ਮੰਦਿਰ ਉਸ ਸਮੇਂ ਦੀ ਸ਼ਿਲਪਕਲਾ ਦੀ ਅਨੋਖੀ ਮਿਸਾਲ ਹੈ। ਇਸ ਵਿਸ਼ਵ ਪ੍ਰਸਿੱਧ ਮੰਦਿਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪੂਰੇ ਮੰਦਿਰ ਦੇ ਨਿਰਮਾਣ ''ਚ ਜੁੜਾਈ ਲਈ ਕਿਤੇ ਵੀ ਚੂਨੇ ਦੀ ਵਰਤੋਂ ਨਹੀਂ ਕੀਤੀ ਗਈ ਈਰਾਨੀ ਸ਼ੈਲੀ ''ਚ ਬਣਾਏ ਇਸ ਮੰਦਿਰ ਨੂੰ ਭੀਮਦੇਵ ਨੇ ਤਿੰਨ ਹਿੱਸਿਆਂ ''ਚ ਬਣਵਾਇਆ ਸੀ। ਪਹਿਲਾ ਹਿੱਸਾ ਗਰਭਗ੍ਰਹਿ, ਦੂਸਰਾ ਸਭਾਮੰਡਪ ਅਤੇ ਤੀਸਰਾ ਸੂਰਜਕੁੰਡ ਹੈ।
ਮਾਰਤੰਡ ਸੂਰਜ ਮੰਦਿਰ
ਇਸ ਮੰਦਿਰ ਦਾ ਨਿਰਮਾਣ ਮੱਧਕਾਲੀ ਯੁੱਗ ''ਚ 7ਵੀਂ ਅਤੇ 8ਵੀਂ ਸਦੀ ਦੌਰਾਨ ਹੋਇਆ ਸੀ। ਸੂਰਜ ਰਾਜਵੰਸ਼ ਦੇ ਰਾਜਾ ਲਲਿਤਾਦਿਤਯ ਨੇ ਇਸ ਮੰਦਿਰ ਦਾ ਨਿਰਮਾਣ ਇਕ ਛੋਟੇ ਜਿਹੇ ਸ਼ਹਿਰ ਅਨੰਤਨਾਗ ਦੇ ਕੋਲ ਇਕ ਪਠਾਰ ਦੇ ਉਪਰ ਕੀਤਾ ਸੀ। ਇਸ ਦੀ ਗਿਣਤੀ ਲਲਿਤਾਦਿਤਯ ਦੇ ਪ੍ਰਮੁੱਖ ਕਾਰਜਾਂ ਵਿਚ ਕੀਤੀ ਜਾਂਦੀ ਹੈ। ਇਸ ਵਿਚ 84 ਖੰਭੇ ਹਨ ਜੋ ਇਕੋ ਜਿਹੇ ਵਕਫੇ ''ਤੇ ਰੱਖੇ ਹੋਏ ਹਨ। ਮੰਦਿਰ ਨੂੰ ਬਣਾਉਣ ਲਈ ਚੂਨੇ ਦੇ ਪੱਥਰ ਦੀਆਂ ਚੌਰਸ ਇੱਟਾਂ ਦੀ ਵਰਤੋਂ ਕੀਤੀ ਗਈ ਹੈ, ਜੋ ਉਸ ਸਮੇਂ ਦੇ ਕਲਾਕਾਰਾਂ ਦੀ ਕਾਰੀਗਰੀ ਨੂੰ ਦਰਸਾਉਂਦਾ ਹੈ। ਮੰਦਿਰ ਦੀ ਸ਼ਾਹੀ ਵਾਸਤੂਕਲਾ ਇਸ ਨੂੰ ਵੱਖਰਾ ਬਣਾਉਂਦੀ ਹੈ। ਬਰਫ ਨਾਲ ਢਕੇ ਹੋਏ ਪਹਾੜਾਂ ਦੀ ਪਿਠ ਭੂਮੀ ਨਾਲ ਕੇਂਦਰ ''ਚ ਇਹ ਮੰਦਿਰ ਚਮਤਕਾਰ ਹੀ ਕਿਹਾ ਜਾਏਗਾ। ਇਸ ਮੰਦਿਰ ''ਚ ਕਸ਼ਮੀਰ ਘਾਟੀ ਦਾ ਸੁੰਦਰ ਦ੍ਰਿਸ਼ ਵੀ ਦੇਖਿਆ ਜਾ ਸਕਦਾ ਹੈ।
ਬੇਲਾਉਰ ਸੂਰਜ ਮੰਦਿਰ
ਇਸ ਮੰਦਿਰ ਦਾ ਨਿਰਮਾਣ ਰਾਜਾ ਸੂਬਾ ਨੇ ਕਰਵਾਇਆ ਸੀ। ਬਾਅਦ ''ਚ ਬੇਲਾਉਰ ਪਿੰਡ ''ਚ ਕੁਲ 52 ਪੋਖਰਾਂ (ਤਾਲਾਬਾਂ) ਦਾ ਨਿਰਮਾਣ ਕਰਵਾਉਣ ਵਾਲੇ ਰਾਜਾ ਸੂਬਾ ਨੂੰ ਰਾਜਾ ਬਾਵਨ ਸੂਬ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ। ਬਿਹਾਰ ਦੇ ਭੋਜਪੁਰ ਜ਼ਿਲੇ ਦੇ ਬੇਲਾਉਰ ਪਿੰਡ ਦੇ ਪੱਛਮੀ ਅਤੇ ਦੱਖਣੀ ਸਿਰੇ ''ਤੇ ਸਥਿਤ ਬੇਲਾਉਰ ਸੂਰਜ ਮੰਦਿਰ ਕਾਫੀ ਪ੍ਰਾਚੀਨ ਹੈ। ਰਾਜਾ ਵੱਲੋਂ ਬਣਵਾਏ 52 ਤਲਾਬਾਂ ਵਿਚੋਂ ਇਕ ਤਲਾਬ ਦੇ ਵਿਚਾਲੇ ਇਹ ਸੂਰਜ ਮੰਦਿਰ ਸਥਿਤ ਹੈ। ਇਥੇ ਛੱਠ ਮਹਾਉਤਸਵ ਦੌਰਾਨ ਹਰੇਕ ਸਾਲ ਇਕ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਵਿਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਸ਼ਰਧਾਲੂ ਵੀ ਹੁੰਦੇ ਹਨ।
ਕੋਣਾਰਕ ਸੂਰਜ ਮੰਦਿਰ
ਕੋਣਾਰਕ ਮੰਦਿਰ ਸੂਰਜ ਦੇਵਤਾ ਨੂੰ ਸਮਰਪਿਤ ਹੈ। ਰੱਥ ਦੇ ਆਕਾਰ ''ਚ ਬਣਾਇਆ ਗਿਆ ਇਹ ਮੰਦਿਰ ਭਾਰਤ ਦੀ ਮੱਧਕਾਲੀ ਵਾਸਤੂਕਲਾ ਦੀ ਅਨੋਖੀ ਮਿਸਾਲ ਹੈ। ਇਸ ਸੂਰਜ ਮੰਦਿਰ ਦਾ ਨਿਰਮਾਣ ਰਾਜਾ ਨਰਸਿੰਘ ਦੇਵ ਨੇ 13ਵੀਂ ਸਦੀ ''ਚ ਕਰਵਾਇਆ ਸੀ। ਮੰਦਿਰ ਆਪਣੇ ਵਿਸ਼ੇਸ਼ ਆਕਾਰ ਅਤੇ ਸ਼ਿਲਪਕਲਾ ਲਈ ਦੁਨੀਆ ਭਰ ''ਚ ਮਸ਼ਹੂਰ ਹੈ। ਹਿੰਦੂ ਮਾਨਤਾ ਅਨੁਸਾਰ ਸੂਰਜ ਦੇਵਤਾ ਦੇ ਰੱਥ ''ਚ ਬਾਰ੍ਹਾਂ ਜੋੜੀ ਪਹੀਏ ਹਨ ਅਤੇ ਰੱਥ ਨੂੰ ਖਿੱਚਣ ਲਈ ਉਸ ਵਿਚ 7 ਘੋੜੇ ਜੁਤੇ ਹੋਏ ਹਨ। ਰੱਥ ਦੇ ਆਕਾਰ ''ਚ ਬਣੇ ਕੋਣਾਰਕ ਦੇ ਇਸ ਮੰਦਿਰ ''ਚ ਵੀ ਪੱਥਰ ਦੇ ਪਹੀਏ ਅਤੇ ਘੋੜੇ ਹਨ। ਅਜਿਹਾ ਸ਼ਾਨਦਾਰ ਮੰਦਿਰ ਦੁਨੀਆ ''ਚ ਸ਼ਾਇਦ ਹੀ ਕਿਤੇ ਹੋਵੇ। ਇਸ ਨੂੰ ਦੇਖਣ ਲਈ ਦੁਨੀਆ ਭਰ ''ਚੋਂ ਸੈਲਾਨੀ ਇਥੇ ਆਉਂਦੇ ਹਨ।
ਸੂਰਜ ਮੰਦਿਰ ਰਾਂਚੀ
ਰਾਂਚੀ ਤੋਂ 39 ਕਿਲੋਮੀਟਰ ਦੀ ਦੂਰੀ ''ਤੇ ਰਾਂਚੀ-ਟਾਟਾ ਰੋਡ ''ਤੇ ਸਥਿਤ ਇਹ ਸੂਰਜ ਮੰਦਿਰ ਬੁੰਡੂ ਦੇ ਨੇੜੇ ਹੈ। ਸੰਗਮਰਮਰ ਨਾਲ ਬਣੇ ਇਸ ਮੰਦਿਰ ਦਾ ਨਿਰਮਾਣ 18 ਪਹੀਆਂ ਅਤੇ 7 ਘੋੜਿਆਂ ਦੇ ਰੱਥ ''ਤੇ ਮੌਜੂਦ ਭਗਵਾਨ ਸੂਰਜ ਦੇ ਰੂਪ ''ਚ ਕੀਤਾ ਗਿਆ ਹੈ।
ਰਣਕਪੁਰ ਸੂਰਜ ਮੰਦਿਰ
ਰਾਜਸਥਾਨ ਦੇ ਰਣਕਪੁਰ ''ਚ ਸਥਿਤ ਇਹ ਸੂਰਜ ਮੰਦਿਰ, ਨਾਗਰ ਸ਼ੈਲੀ ''ਚ ਸਫੈਦ ਸੰਗਮਰਮਰ ਨਾਲ ਬਣਿਆ ਹੈ। ਉਦੈਪੁਰ ਤੋਂ ਲੱਗਭਗ 18 ਕਿਲੋਮੀਟਰ ਦੂਰ ਸਥਿਤ ਭਾਰਤੀ ਵਾਸਤੂਕਲਾ ਦੀ ਅਨੋਖੀ ਮਿਸਾਲ ਪੇਸ਼ ਕਰਦਾ ਇਹ ਸੂਰਜ ਮੰਦਿਰ ਜੈਨੀਆਂ ਵੱਲੋਂ ਬਣਵਾਇਆ ਗਿਆ ਸੀ।
ਮਾਰਤੰਡ ਮੰਦਿਰ ਮਾਡਲ
ਦੱਖਣੀ ਕਸ਼ਮੀਰ ਦੇ ਮਾਰਤੰਡ ਦੇ ਮਸ਼ਹੂਰ ਸੂਰਜ ਮੰਦਿਰ ਦੇ ਮਾਡਲ ਦਾ ਸੂਰਜ ਮੰਦਿਰ ਜੰਮੂ ''ਚ ਵੀ ਬਣਾਇਆ ਗਿਆ ਹੈ। ਮੰਦਿਰ ਮੁੱਖ ਤੌਰ ''ਤੇ ਤਿੰਨ ਹਿੱਸਿਆਂ ''ਚ ਬਣਿਆ ਹੈ। ਪਹਿਲੇ ਹਿੱਸੇ ''ਚ ਭਗਵਾਨ ਸੂਰਜ ਰੱਥ ''ਤੇ ਸਵਾਰ ਹਨ ਜਿਸ ਨੂੰ ਸੱਤ ਘੋੜੇ ਖਿੱਚ ਰਹੇ ਹਨ। ਦੂਸਰੇ ਹਿੱਸੇ ''ਚ ਦੁਰਗਾ, ਗਣੇਸ਼, ਕਾਰਤੀਕੇਯ, ਪਾਰਵਤੀ ਅਤੇ ਸ਼ਿਵ ਜੀ ਦੀਆਂ ਮੂਰਤੀਆਂ ਹਨ ਅਤੇ ਤੀਸਰੇ ਹਿੱਸੇ ''ਚ ਯੱਗਸ਼ਾਲਾਵਾਂ ਹਨ। ਹਿੰਦੂ ਮਿਥ ਅਨੁਸਾਰ ਇਹ ਕਸ਼ਯਪ ਰਿਸ਼ੀ ਦੇ ਤੀਸਰੇ ਬੇਟੇ ਦਾ ਜਨਮ ਸਥਾਨ ਹੈ।
ਔਂਗਾਰੀ ਸੂਰਜ ਮੰਦਿਰ
ਨਾਲੰਦਾ ਦਾ ਮਸ਼ਹੂਰ ਸੂਰਜ ਧਾਮ ਔਂਗਾਰੀ ਅਤੇ ਬੜਗਾਂਵ ਦੇ ਸੂਰਜ ਮੰਦਿਰ ਦੇਸ਼ ਭਰ ''ਚ ਮਸ਼ਹੂਰ ਹਨ। ਅਜਿਹੀ ਮਾਨਤਾ ਹੈ ਕਿ ਇਥੇ ਦੇ ਸੂਰਿਆ ਤਾਲਾਬ ''ਚ ਇਸ਼ਨਾਨ ਕਰਕੇ ਮੰਦਿਰ ''ਚ ਪੂਜਾ ਕਰਨ ਨਾਲ ਕੋਹੜ ਦੇ ਰੋਗ ਸਮੇਤ ਕਈ ਲਾਇਲਾਜ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ। ਪ੍ਰਚਲਿਤ ਮਾਨਤਾਵਾਂ ਕਾਰਨ ਇਥੇ ਛੱਠ ਵਰਤ ਕਾਰਨ ਬਿਹਾਰ ਦੇ ਕੋਨੇ-ਕੋਨੇ ਤੋਂ ਨਹੀਂ ਸਗੋਂ ਦੇਸ਼ ਭਰ ਦੇ ਸ਼ਰਧਾਲੂ ਆਉਂਦੇ ਹਨ। ਲੋਕ ਇਥੇ ਤੰਬੂ ਲਗਾ ਕੇ ਸੂਰਜ ਦੀ ਪੂਜਾ ਦਾ ਚਾਰ ਦਿਨਾ ਮਹਾਉਤਸਵ ਛੱਠ ਸੰਪੂਰਨ ਕਰਦੇ ਹਨ। ਕਹਿੰਦੇ ਹਨ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵੰਸ਼ਜ ਸਾਂਬ ਕੁਸ਼ਠ ਰੋਗ ਤੋਂ ਪੀੜਤ ਸਨ। ਇਸ ਲਈ ਉਨ੍ਹਾਂ 12 ਥਾਵਾਂ ''ਤੇ ਵਿਸ਼ਾਲ ਸੂਰਜ ਮੰਦਿਰ ਬਣਵਾਏ ਸਨ ਅਤੇ ਭਗਵਾਨ ਸੂਰਜ ਦੀ ਪੂਜਾ ਕੀਤੀ ਸੀ।
ਝਾਲਰਾਪਾਟਨ ਸੂਰਜ ਮੰਦਿਰ
ਝਾਲਾਵਾੜ ਦੇ ਦੂਸਰੇ ਜੁੜਵਾਂ ਸ਼ਹਿਰ ਝਾਲਰਾਪਾਟਨ ਦੇ ਵਿਚਾਲੇ ਸਥਿਤ ਸੂਰਜ ਮੰਦਿਰ ਝਾਲਰਾਪਾਟਨ ਦਾ ਪ੍ਰਮੁੱਖ ਦੇਖਣਯੋਗ ਸਥਾਨ ਹੈ। ਵਾਸਤੂਕਲਾ ਦੇ ਨਜ਼ਰੀਏ ਤੋਂ ਵੀ ਇਹ ਮੰਦਿਰ ਅਹਿਮ ਹੈ। ਇਸ ਦਾ ਨਿਰਮਾਣ ਦਸਵੀਂ ਸਦੀ ''ਚ ਮਾਲਵਾ ਦੇ ਪਰਮਾਰ ਵੰਸ਼ੀ ਰਾਜਿਆਂ ਨੇ ਕਰਵਾਇਆ ਸੀ। ਮੰਦਿਰ ਦੇ ਗਰਭਗ੍ਰਹਿ ''ਚ ਭਗਵਾਨ ਵਿਸ਼ਨੂੰ ਦੀ ਮੂਰਤੀ ਬਿਰਾਜਮਾਨ ਹੈ। ਇਸ ਨੂੰ ਪਦਮਨਾਭ ਮੰਦਿਰ ਵੀ ਕਿਹਾ ਜਾਂਦਾ ਹੈ।
ਉੱਨਾਵ ਦਾ ਸੂਰਜ ਮੰਦਿਰ
ਉੱਨਾਵ ਦੇ ਸੂਰਜ ਮੰਦਿਰ ਦਾ ਨਾਂ ਬ੍ਰਹਮਾਨਯ ਦੇਵ ਮੰਦਿਰ ਹੈ। ਇਹ ਮੱਧ ਪ੍ਰਦੇਸ਼ ਦੇ ਉੱਨਾਵ ''ਚ ਸਥਿਤ ਹੈ। ਇਸ ਮੰਦਿਰ ''ਚ ਭਗਵਾਨ ਸੂਰਜ ਦੀ ਪੱਥਰ ਦੀ ਮੂਰਤੀ ਹੈ, ਜੋ ਇਕ ਇੱਟ ਨਾਲ ਬਣੇ ਚਬੂਤਰੇ ''ਤੇ ਸਥਿਤ ਹੈ। ਜਿਸ ''ਤੇ ਕਾਲੇ ਧਾਤੂ ਦੀ ਪਰਤ ਚੜ੍ਹੀ ਹੋਈ ਹੈ। ਨਾਲ ਹੀ ਨਾਲ 21 ਕਲਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਸੂਰਜ ਦੇ 21 ਤ੍ਰਿਭੁਜ ਆਕਾਰ ਪ੍ਰਤੀਕ ਮੰਦਿਰ ''ਤੇ ਟਿਕਾਏ ਗਏ ਹਨ।