ਅਜਿਹੇ ਸਨ ਸੰਤ ਨਾਮਦੇਵ

4/27/2017 1:22:27 PM

ਨਾਮਦੇਵ ਨਾਮੀ ਇਕ ਬਾਲਕ ਘਰ ਤੋਂ ਬਾਹਰ ਖੇਡ ਰਿਹਾ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਬੁਲਾਇਆ ਅਤੇ ਕਿਹਾ, ''''ਬੇਟਾ, ਅਮੁਕ ਦਰੱਖਤ ਦਾ ਸੱਕ ਉਤਾਰ ਲਿਆਓ, ਇਕ ਜ਼ਰੂਰੀ ਦਵਾਈ ਬਣਾਉਣੀ ਹੈ। ਮਾਂ ਦਾ ਹੁਕਮ ਮਿਲਦੇ ਹੀ ਬਾਲਕ ਜੰਗਲ ''ਚ ਚਲਾ ਗਿਆ। ਜੰਗਲ ਵਿਚ ਉਸ ਨੇ ਚਾਕੂ ਨਾਲ ਦਰੱਖਤ ਦਾ ਸੱਕ ਖੁਰਚਿਆ ਅਤੇ ਉਸ ਨੂੰ ਲੈ ਕੇ ਵਾਪਸ ਆਉਣ ਲੱਗਾ ਪਰ ਉਸ ''ਚੋਂ ਰਸ ਨਿਕਲ ਰਿਹਾ ਸੀ। ਬਾਲਕ ਦਾ ਸੁਭਾਅ ਬਚਪਨ ਤੋਂ ਹੀ ਸਤਿਸੰਗੀ ਸੀ। ਜੰਗਲ ਤੋਂ ਪਰਤਦੇ ਹੋਏ ਰਸਤੇ ਵਿਚ ਉਸ ਨੂੰ ਇਕ ਸੰਤ ਮਿਲੇ, ਨਾਮਦੇਵ ਨੇ ਉਨ੍ਹਾਂ ਨੂੰ ਝੁਕ ਕੇ ਪ੍ਰਣਾਮ ਕੀਤਾ।
ਸੰਤ ਨੇ ਪੁੱਛਿਆ, ''''ਹੱਥ ਵਿਚ ਇਹ ਕੀ ਹੈ ਨਾਮਦੇਵ।'''' ਨਾਮਦੇਵ ਨੇ ਜਵਾਬ ਦਿੱਤਾ, ''''ਦਵਾਈ ਬਣਾਉਣ ਲਈ ਦਰੱਖਤ ਦਾ ਸੱਕ ਲੈ ਕੇ ਜਾ ਰਿਹਾ ਹਾਂ।'''' ਸੰਤ ਬੋਲੇ, ''''ਕੀ ਤੈਨੂੰ ਪਤਾ ਨਹੀਂ ਕਿ ਹਰੇ ਦਰੱਖਤ ਨੂੰ ਨੁਕਸਾਨ ਪਹੁੰਚਾਉਣਾ ਅਧਰਮ ਹੈ, ਦਰੱਖਤਾਂ ਵਿਚ ਵੀ ਜੀਵਨ ਹੁੰਦਾ ਹੈ। ਇਨ੍ਹਾਂ ਨੂੰ ਦੇਵਤਾ ਮੰਨ ਕੇ ਪੂਜਿਆ ਜਾਂਦਾ ਹੈ। ਵੈਦ ਜਦੋਂ ਇਸ ਦੀਆਂ ਪੱਤੀਆਂ ਤੋੜਦੇ ਹਨ ਤਾਂ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਨ ਕਿ ਦੂਜਿਆਂ ਦੇ ਪ੍ਰਾਣ ਬਚਾਉਣ ਦੇ ਉਦੇਸ਼ ਨਾਲ ਤੁਹਾਨੂੰ ਕਸ਼ਟ ਦੇ ਰਹੇ ਹਾਂ। ਇਹ ਸਾਡੀ ਸੰਸਕ੍ਰਿਤੀ ਦਾ ਵਿਧਾਨ ਹੈ। ਸੰਤ ਦੇ ਵਚਨਾਂ ਨੇ ਨਾਮਦੇਵ ''ਤੇ ਡੂੰਘਾ ਅਸਰ ਪਾਇਆ।
ਡੂੰਘੀ ਸੋਚ ਵਿਚ ਡੁੱਬਿਆ ਨਾਮਦੇਵ ਘਰ ਪਹੁੰਚਿਆ। ਉਸ ਨੇ ਸੱਕ ਮਾਂ ਨੂੰ ਦੇ ਦਿੱਤਾ ਅਤੇ ਕਮਰੇ ਦੇ ਕੋਨੇ ਵਿਚ ਬੈਠ ਕੇ ਚਾਕੂ ਨਾਲ ਆਪਣੇ ਪੈਰ ਦੀ ਚਮੜੀ ਉਤਾਰਨ ਲੱਗਾ। ਜਦ ਪੈਰ ''ਚੋਂ ਖੂਨ ਵਹਿੰਦਾ ਦੇਖਿਆ ਤਾਂ ਮਾਂ ਘਬਰਾਉਂਦੀ ਹੋਈ ਬੋਲੀ, ''''ਕੀ ਤੂੰ ਪਾਗਲ ਹੋ ਗਿਆ ਏਂ, ਇਹ ਕੀ ਕਰ ਰਿਹਾ ਹੈਂ।'''' ਬਾਲਕ ਬੋਲਿਆ, ''''ਸੰਤ ਜੀ ਨੇ ਕਿਹਾ ਸੀ ਕਿ ਦਰੱਖਤਾਂ ਵਿਚ ਜੀਵਨ ਹੁੰਦਾ ਹੈ। ਮੈਂ ਪੈਰ ਦੀ ਚਮੜੀ ਉਤਾਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਦੋਂ ਮੈਂ ਦਰੱਖਤ ਦਾ ਸੱਕ ਉਤਾਰ ਰਿਹਾ ਸੀ, ਉਦੋਂ ਦਰੱਖਤ ਨੂੰ ਕਿੰਨਾ ਦਰਦ ਹੋਇਆ ਹੋਵੇਗਾ।''''
ਮਾਂ ਨੇ ਬੇਟੇ ਨੂੰ ਛਾਤੀ ਨਾਲ ਲਾ ਲਿਆ, ਉਹ ਸਮਝ ਗਈ ਕਿ ਸਤਿਸੰਗੀ ਵਿਚਾਰਾਂ ਵਿਚ ਆ ਕੇ ਇਹ ਸੰਤ ਬਣ ਗਿਆ ਹੈ। ਅੱਗੇ ਚੱਲ ਕੇ ਇਹੀ ਬਾਲਕ ਸੰਤ ਨਾਮਦੇਵ ਦੇ ਨਾਂ ਨਾਲ ਪ੍ਰਸਿੱਧ ਹੋਇਆ ਅਤੇ ਉਨ੍ਹਾਂ ਨੇ ਕਣ-ਕਣ ਵਿਚ ਭਗਵਾਨ ਦੇ ਦਰਸ਼ਨ ਕੀਤੇ। ਦਰੱਖਤ ਤਾਂ ਦਰੱਖਤ, ਕੀੜੀ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ, ਉਹ ਇਸ ਦਾ ਹਮੇਸ਼ਾ ਧਿਆਨ ਰੱਖਦੇ ਸਨ।