ਸਫਲਤਾ ਲਈ ਜ਼ਰੂਰੀ ਹੈ ਹਿੰਮਤੀ ਮਨ

9/19/2016 10:42:45 AM

ਜਲੰਧਰ— ਅਸੀਂ ਜੀਵਨ ਨੂੰ ਖੁਸ਼ਨੁਮਾ ਤਾਂ ਹੀ ਬਣਾ ਸਕਦੇ ਹਾਂ, ਜਦੋਂ ਸਾਡਾ ਜੀਵਨ ਪ੍ਰਤੀ ਹਾਂ-ਪੱਖੀ ਨਜ਼ਰੀਆ ਹੁੰਦਾ ਹੈ। ਹਰ ਵਿਅਕਤੀ ਆਪਣੇ ਜੀਵਨ ਵਿਚ ਸਫਲਤਾ ਦੀਆਂ ਉਚਾਈਆਂ ਛੂਹਣਾ ਚਾਹੁੰਦਾ ਹੈ। ਉਸ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਮਨਪਸੰਦ ਚੀਜ਼ ਮਿਲੇ, ਮਨਪਸੰਦ ਅਹੁਦਾ ਮਿਲੇ, ਮਨਪਸੰਦ ਜੀਵਨ ਸਾਥੀ ਮਿਲੇ, ਮਾਣ-ਸਨਮਾਨ ਪ੍ਰਾਪਤ ਹੋਵੇ, ਬੰਗਲਾ-ਕਾਰ ਦਾ ਸੁੱਖ ਮਿਲੇ ਪਰ ਅਜਿਹੇ ਭਾਗਾਂ ਵਾਲੇ ਵਿਅਕਤੀ ਘੱਟ ਹੀ ਹੁੰਦੇ ਹਨ, ਜਿਨ੍ਹਾਂ ਦੀਆਂ ਜ਼ਿਆਦਾਤਰ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਉਹ ਵਿਅਕਤੀ ਜ਼ਿਆਦਾ ਭਾਗਾਂ ਵਾਲਾ ਹੈ, ਜੋ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾ ਹੋਣ ''ਤੇ ਵੀ ਆਪਣੇ ਜੀਵਨ ਨੂੰ ਧੰਨ ਮੰਨਦਾ ਹੈ। ਸਾਡੀ ਨਜ਼ਰ ''ਲੈਣ'' ਜਾਂ ''ਭੋਗਣ'' ਨਾਲੋਂ ਜ਼ਿਆਦਾ ਦੇਣ ਜਾਂ ਤਿਆਗਣ ਵਿਚ ਹੋਣੀ ਚਾਹੀਦੀ ਹੈ। ''ਦੇਣ ਦਾ ਸੁੱਖ'' ਸੱਚਮੁੱਚ ਅਨੋਖਾ ਹੁੰਦਾ ਹੈ। ਕਿਸੇ ਲਈ ਕੁਝ ਕਰ ਕੇ ਜੋ ਸੰਤੁਸ਼ਟੀ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਉਹ ਸਖਤ ਠੰਡ ਵਿਚ ਕਿਸੇ ਗਰੀਬ ਨੂੰ ਇਕ ਕੱਪ ਚਾਹ ਦੇਣੀ ਹੀ ਕਿਉਂ ਨਾ ਹੋਵੇ ਅਤੇ ਇਸ ਦੇ ਨਾਲ ਮਨ ਵਿਚ ''ਜੋ ਮਿਲਿਆ ਬਹੁਤ ਮਿਲਿਆ, ਸ਼ੁਕਰੀਆ'' ਦੀ ਭਾਵਨਾ ਹੋਵੇ ਤਾਂ ਜੀਵਨ ਬੜੇ ਸਕੂਨ ਨਾਲ ਸਾਰਥਕ ਅਤੇ ਸਫਲ ਬਣਾਇਆ ਜਾ ਸਕਦਾ ਹੈ ਪਰ ਅਜਿਹਾ ਹੁੰਦਾ ਨਹੀਂ ਕਿਉਂਕਿ ਕਿਸੇ ਨਾ ਕਿਸੇ ਕਾਰਨ ਸਾਨੂੰ ਨਿਰਾਸ਼ਾ ਘੇਰੀ ਰੱਖਦੀ ਹੈ।
ਸਫਲਤਾ ਦਾ ਅਹਿਮ ਸੂਤਰ ਹੈ ਹਿੰਮਤੀ ਮਨ ਦਾ ਹੋਣਾ। ਮਨ ਜੇ ਬੁਝਿਆ-ਬੁਝਿਆ ਜਿਹਾ ਹੈ ਤਾਂ ਸਰੀਰ ਕਦੇ ਸਰਗਰਮ ਨਹੀਂ ਬਣ ਸਕਦਾ। ਮਨ ਵਿਚ ਖੁਦ ਪ੍ਰਤੀ ਵਿਸ਼ਵਾਸ ਹੋਣਾ ਜ਼ਰੂਰੀ ਹੈ ਕਿ ਮੇਰੇ ਵਿਚ ਵੱਡੀ ਸ਼ਕਤੀ ਦਾ ਭੰਡਾਰ ਹੈ। ਮੈਂ ਵੀ ਉਹ ਸਭ ਕੁਝ ਕਰ ਸਕਦਾ ਹਾਂ, ਜੋ ਦੂਜੇ ਲੋਕ ਕਰਦੇ ਹਨ। ਆਪਣੇ ਕਦਮਾਂ ''ਤੇ ਖੜ੍ਹੇ ਹੋਣ ਦੀ ਹਿੰਮਤ ਵੀ ਜਿਨ੍ਹਾਂ ਵਿਚ ਨਾ ਹੋਵੇ, ਭਲਾ ਅਜਿਹੇ ਲੋਕ ਜੀਵਨ ਵਿਚ ਕੀ ਕਰ ਸਕਦੇ ਹਨ? ਇਸ ਲਈ ਮਹਾਵੀਰ ਨੇ ਉਪਦੇਸ਼ ਦਿੱਤਾ ਹੈ ਕਿ ਹਿੰਮਤੀ ਬਣੋ। ਆਪਣੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ। ਸਫਲ ਹੋ ਜਾਂ ਅਸਫਲ, ਖੁਸ਼ ਹੋ ਜਾਂ ਨਾਖੁਸ਼। ਜੋ ਕਰਨਾ ਹੈ, ਤੁਸੀਂ ਹੀ ਕਰਨਾ ਹੈ। ਆਪਣੇ ਹਾਲਾਤ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਕੋਈ ਮਤਲਬ ਨਹੀਂ ਹੁੰਦਾ। ਹਰ ਕੋਈ ਆਪਣੇ ਸੁੱਖ-ਦੁੱਖ ਆਪਣੇ ਢੰਗ ਨਾਲ ਭੋਗ ਰਿਹਾ ਹੈ।