ਮਨ ਦੀ ਸਥਿਤੀ

4/17/2017 5:52:19 AM

ਇਕ ਨਵਾਂ ਵਿਆਹਿਆ ਜੋੜਾ ਕਿਸੇ ਕਿਰਾਏ ਦੇ ਮਕਾਨ ''ਚ ਰਹਿਣ ਪਹੁੰਚਿਆ। ਅਗਲੀ ਸਵੇਰ ਜਦੋਂ ਉਹ ਨਾਸ਼ਤਾ ਕਰ ਰਹੇ ਸੀ, ਉਦੋਂ ਪਤਨੀ ਨੇ ਖਿੜਕੀ ਤੋਂ ਦੇਖਿਆ ਕਿ ਸਾਹਮਣੇ ਵਾਲੀ ਛੱਤ ''ਤੇ ਕੁਝ ਕੱਪੜੇ ਫੈਲੇ ਹਨ, ''''ਲੱਗਦੈ ਇਨ੍ਹਾਂ ਲੋਕਾਂ ਨੂੰ ਕੱਪੜੇ ਸਾਫ ਕਰਨਾ ਵੀ ਨਹੀਂ ਆਉਂਦਾ। ਜ਼ਰਾ ਦੇਖੋ ਕਿ ਕਿੰਨੇ ਮੈਲੇ ਲੱਗ ਰਹੇ ਹਨ?'''' ਪਤੀ ਨੇ ਉਸ ਦੀ ਗੱਲ ਸੁਣੀ ਪਰ ਜ਼ਿਆਦਾ ਧਿਆਨ ਨਹੀਂ ਦਿੱਤਾ। ਇਕ-ਦੋ ਦਿਨ ਬਾਅਦ ਫਿਰ ਉਸੇ ਜਗ੍ਹਾ ਕੁਝ ਕੱਪੜੇ ਫੈਲੇ ਸਨ। ਪਤਨੀ ਨੇ ਉਨ੍ਹਾਂ ਨੂੰ ਦੇਖਦਿਆਂ ਹੀ ਆਪਣੀ ਗੱਲ ਦੁਹਰਾ ਦਿੱਤੀ, ''''ਕਦੋਂ ਸਿੱਖਣਗੇ ਇਹ ਲੋਕ ਕਿ ਕੱਪੜੇ ਕਿਵੇਂ ਸਾਫ ਕਰਦੇ ਹਨ।'''' ਪਤੀ ਸੁਣਦਾ ਰਿਹਾ ਪਰ ਇਸ ਵਾਰ ਵੀ ਉਸ ਨੇ ਕੁਝ ਨਹੀਂ ਕਿਹਾ ਪਰ ਹੁਣ ਤਾਂ ਰੋਜ਼ਾਨਾ ਦੀ ਗੱਲ ਹੋ ਗਈ, ਜਦੋਂ ਵੀ ਪਤਨੀ ਕੱਪੜੇ ਖਿੱਲਰੇ ਦੇਖਦੀ ਚੰਗਾ-ਮਾੜਾ ਕਹਿਣਾ ਸ਼ੁਰੂ ਕਰ ਦਿੰਦੀ। ਲੱਗਭਗ ਇਕ ਮਹੀਨੇ ਬਾਅਦ ਉਹ ਉਂਝ ਹੀ ਬੈਠ ਕੇ ਨਾਸ਼ਤਾ ਕਰ ਰਹੇ ਸੀ। ਪਤਨੀ ਨੇ ਹਮੇਸ਼ਾ ਵਾਂਗ ਨਜ਼ਰ ਮਾਰੀ ਅਤੇ ਸਾਹਮਣੇ ਵਾਲੀ ਛੱਤ ਵੱਲ ਦੇਖਿਆ, ''''ਬਈ ਵਾਹ, ਲੱਗਦੈ ਇਨ੍ਹਾਂ ਨੂੰ ਅਕਲ ਆ ਹੀ ਗਈ, ਅੱਜ ਤਾਂ ਕੱਪੜੇ ਬਿਲਕੁਲ ਸਾਫ ਦਿਖ ਰਹੇ ਹਨ, ਜ਼ਰੂਰ ਕਿਸੇ ਨੇ ਟੋਕਿਆ ਹੋਵੇਗਾ।'''' ਪਤੀ ਕਹਿਣ ਲੱਗਾ, ''''ਨਹੀਂ ਉਨ੍ਹਾਂ ਨੂੰ ਕਿਸੇ ਨੇ ਨਹੀਂ ਟੋਕਿਆ।'''' ''''ਤੁਹਾਨੂੰ ਕਿਵੇਂ ਪਤਾ?'''' ਪਤਨੀ ਨੇ ਹੈਰਾਨੀ ਨਾਲ ਪੁੱਛਿਆ। ''''ਅੱਜ ਮੈਂ ਸਵੇਰੇ ਛੇਤੀ ਉੱਠ ਗਿਆ ਸੀ ਅਤੇ ਮੈਂ ਇਸ ਖਿੜਕੀ ''ਤੇ ਲੱਗੇ ਕੱਚ ਨੂੰ ਬਾਹਰੋਂ ਸਾਫ ਕਰ ਦਿੱਤਾ, ਇਸ ਲਈ ਤੈਨੂੰ ਕੱਪੜੇ ਸਾਫ ਨਜ਼ਰ ਆ ਰਹੇ ਹਨ।'''' ਪਤੀ ਨੇ ਗੱਲ ਪੂਰੀ ਕੀਤੀ।

ਸਿੱਖਿਆ : ਕਈ ਵਾਰ ਅਸੀਂ ਦੂਸਰਿਆਂ ਨੂੰ ਕਿਵੇਂ ਦੇਖਦੇ ਹਾਂ, ਇਹ ਇਸ ''ਤੇ ਨਿਰਭਰ ਕਰਦਾ ਹੈ ਕਿ ਅਸੀਂ ਖੁਦ ਅੰਦਰੋਂ ਕਿੰਨੇ ਸਾਫ ਹਾਂ। ਕਿਸੇ ਦੇ ਬਾਰੇ ਮਾੜਾ-ਚੰਗਾ ਕਹਿਣ ਤੋਂ ਪਹਿਲਾਂ ਆਪਣੇ ਮਨ ਦੀ ਸਥਿਤੀ ਦੇਖ ਲੈਣੀ ਚਾਹੀਦੀ ਹੈ ਅਤੇ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਸਾਹਮਣੇ ਵਾਲੇ ''ਚ ਕੁਝ ਬਿਹਤਰ ਦੇਖਣ ਲਈ ਤਿਆਰ ਹਾਂ ਜਾਂ ਅਜੇ ਵੀ ਸਾਡੀ ਖਿੜਕੀ ਗੰਦੀ ਹੈ।
—ਸੰਤੋਸ਼ ਚਤੁਰਵੇਦੀ