ਸ੍ਰੀ ਗੁਰੂ ਰਵਿਦਾਸ ਮਿਸ਼ਨ ਨੂੰ ਸਮਰਪਿਤ ਸਨ ਸੰਤ ਰਾਮਾਨੰਦ ਜੀ

5/22/2017 7:18:34 AM

ਗੁਰੂ ਰਵਿਦਾਸ ਜੀ ਨੇ ਵਿਸ਼ਵ ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ। ਸਤਿਗੁਰੂ ਰਵਿਦਾਸ ਜੀ ਦੀ ਅੰਮ੍ਰਿਤਮਈ ਬਾਣੀ ਹੈ ਜਿਹੜੀ ਸਮੁੱਚੇ ਵਿਸ਼ਵ ਵਿਚ ਇਕ ਵਿਸ਼ਵ ਰਾਜ, ਵਿਸ਼ਵ ਧਰਮ ਅਤੇ ਪੂਰਨ ਆਜ਼ਾਦੀ ਦੀ ਗੱਲ ਹੀ ਨਹੀਂ ਕਰਦੀ ਸਗੋਂ ਉਸ ਨੂੰ ਲਾਗੂ ਕਰਨ ਲਈ ਆਪਣੇ ਸਿਧਾਂਤ ਵੀ ਪੇਸ਼ ਕਰਦੀ ਹੈ। ਇਸ ਮਹਾਨ ਵਿਸ਼ਵ ਸ਼ਾਂਤੀ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਫੈਲਾਉਣ ਦਾ ਬੀੜਾ ਡੇਰਾ ਸੱਚਖੰਡ ਬੱਲਾਂ ਦੇ ਬਾਨੀ ਸੰਤ ਸਰਵਣ ਦਾਸ ਜੀ ਬੱਲਾਂ ਵਾਲਿਆਂ ਨੇ ਚੁੱਕਿਆ। ਸੰਤ ਮਹਾਰਾਜ ਜੀ ਮਗਰੋਂ ਸੰਤ ਹਰੀਦਾਸ ਜੀ, ਸੰਤ ਗਰੀਬ ਦਾਸ ਜੀ, ਗੱਦੀ ''ਤੇ ਬਿਰਾਜਮਾਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਮਿਸ਼ਨ ਪ੍ਰਚਾਰ ਨੂੰ ਅੱਗੇ ਵਧਾਇਆ। ਪੂਜਨੀਕ ਸੰਤ ਸਰਵਣ ਦਾਸ ਜੀ ਦੇ ਨਕਸ਼ੇ ਕਦਮ ''ਤੇ ਚੱਲਦਿਆਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੇ ਆਪਣੇ ਜੀਵਨ ਵਿਚ ਅਨੇਕਾਂ ਹੀ ਧਾਰਮਿਕ ਅਤੇ ਸਮਾਜ-ਸੇਵਾ ਦੇ ਮਹੱਤਵਪੂਰਨ ਕਾਰਜ ਕੀਤੇ। ਇਸ ਮਹਾਨ ਸ਼ਖਸੀਅਤ ਦਾ ਜਨਮ ਆਦਰਯੋਗ ਮਾਤਾ ਜੀਤ ਕੌਰ ਜੀ ਦੀ ਕੁੱਖੋਂ 2 ਫਰਵਰੀ ਸੰਨ 1952 ਈ. ਨੂੰ ਸਤਿਕਾਰਯੋਗ ਪਿਤਾ ਮਹਿੰਗਾ ਰਾਮ ਜੀ ਦੇ ਘਰ ਪਿੰਡ ਰਾਮਦਾਸਪੁਰ (ਅਲਾਵਲਪੁਰ) ਜਲੰਧਰ ਦੇ ਇਕ ਗਰੀਬ ਪਰਿਵਾਰ ਵਿਚ ਹੋਇਆ। ਬੀ. ਏ. ਤਕ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਆਪ ਸੰਤ ਹਰੀ ਦਾਸ ਜੀ ਦੀ ਸੰਗਤ ਵਿਚ ਆ ਗਏ। ਸੰਤ ਹਰੀ ਦਾਸ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਪ੍ਰਭੂ ਸਿਮਰਨ ਤੇ ਸਮਾਜ-ਸੇਵਾ ''ਚ ਜੁਟ ਗਏ। ਭੇਖ ਦੀ ਦਾਤ ਸੰਤ ਰਾਮਾਨੰਦ ਜੀ ਨੇ ਸੰਤ ਗਰੀਬ ਦਾਸ ਜੀ ਪਾਸੋਂ ਪ੍ਰਾਪਤ ਕੀਤੀ। ਬਹੁਤ ਵਾਰ ਸੰਤ ਗਰੀਬ ਦਾਸ ਜੀ ਅਤੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਨਾਲ ਆਪ ਜੀ ਨੂੰ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਪ੍ਰਦੇਸਾਂ ਵਿਚ ਜਾ ਕੇ ਦਲਿਤ ਸਮਾਜ ਨੂੰ ਸਤਿਗੁਰੂ ਰਵਿਦਾਸ ਜੀ ਦੀ ਵਿਸ਼ਵਵਿਆਪੀ ਸਰਬ ਸਾਂਝੀਵਾਲਤਾ ਤੇ ਇਨਕਲਾਬੀ ਆਧੁਨਿਕ ਵਿਚਾਰਧਾਰਾ ਦਾ ਪ੍ਰਚਾਰ ਕਰਕੇ ਰਵਿਦਾਸੀਆ ਕੌਮ ਨੂੰ ਮਿਸ਼ਨ ਨਾਲ ਜੋੜਿਆ। ਆਪ ਜੀ ਦਾ ਮੁੱਖ ਮਕਸਦ ਸੀ ਹਰੇਕ ਜੀਵ ਸਤਿਗੁਰੂ ਰਵਿਦਾਸ ਜੀ ਦੇ ਦੱਸੇ ਮਾਰਗ ਅਨੁਸਾਰ ਭਗਤੀ ਕਰੇ, ਸਤਿਸੰਗ ਵਿਚ ਜਾ ਕੇ ਜੀਵਨ ਸਫਲ ਬਣਾਵੇ। ਸੰਤ ਰਾਮਾਨੰਦ ਜੀ ਨੇ ਡੇਰਾ ਸੱਚਖੰਡ ਬੱਲਾਂ ਵਿਚ ਸੇਵਾਵਾਂ ਨਿਭਾਉਂਦਿਆਂ ਹੋਇਆਂ ਹਮੇਸ਼ਾ ਮਹਾਪੁਰਸ਼ ਸੰਤ ਹਰੀ ਦਾਸ ਜੀ, ਸੰਤ ਗਰੀਬ ਦਾਸ ਜੀ ਤੇ ਸੰਤ ਨਿਰੰਜਨ ਦਾਸ ਜੀ ਦੇ ਹੁਕਮ ਦੀ ਪਾਲਣਾ ਕੀਤੀ।
ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਆਸਟਰੀਆ ਦੇ ਵਿਆਨਾ ਸ਼ਹਿਰ ਵਿਚ 25 ਮਈ 2009 ਨੂੰ ਸ਼ਹੀਦੀ ਪਾ ਗਏ। ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਇਹ ਮਹਾਨ ਸ਼ਹੀਦੀ ਦਲਿਤ ਵਰਗ ਲਈ ਪ੍ਰੇਰਣਾ ਦਾ ਨਵਾਂ ਮਾਰਗ ਦਿਖਾ ਗਈ। ਸੰਤ ਰਾਮਾਨੰਦ ਜੀ ਦਾ ਸ਼ਹੀਦੀ ਪੁਰਬ ਡੇਰਾ ਸੱਚਖੰਡ ਬੱਲਾਂ ਵਿਚ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੀ ਪਾਵਨ ਹਜ਼ੂਰੀ ਵਿਚ ਹਰੇਕ ਸਾਲ 25 ਮਈ ਨੂੰ ਮਨਾਇਆ ਜਾਂਦਾ ਹੈ।
—ਮਹਿੰਦਰ ਸੰਧੂ ''ਮਹੇੜੂ''