ਅਧਿਆਤਮ ਕੋਈ ਮੰਜ਼ਿਲ ਨਹੀਂ, ਸਗੋਂ ਯਾਤਰਾ ਹੈ

11/28/2015 1:23:38 PM

ਅਧਿਆਤਮ ਬਹੁਤ ਸਰਲ ਹੈ। ਫਿਰ ਵੀ ਲੋਕ ਮਨ ਵਿਚ ਕਈ ਭੁਲੇਖੇ ਰੱਖਦੇ ਹਨ ਕਿ ਕਿਤੇ ਅਧਿਆਤਮਕ ਬਣਨ ''ਤੇ ਘਰ ਛੱਡ ਕੇ ਸੰਨਿਆਸ ਨਾ ਲੈਣਾ ਪੈ ਜਾਵੇ, ਕਿਤੇ ਵੈਰਾਗੀ ਨਾ ਬਣ ਜਾਈਏ, ਕਿਤੇ ਗ੍ਰਹਿਸਥ ਧਰਮ ਨਾ ਛੱਡਣਾ ਪਵੇ। ਅਧਿਆਤਮ ਤਾਂ ਸਾਨੂੰ ਜੀਵਨ ਜਿਊਣਾ ਸਿਖਾਉਂਦਾ ਹੈ। ਜਿਵੇਂ ਕੋਈ ਵੀ ਮਸ਼ੀਨ ਖਰੀਦਣ ''ਤੇ ਉਸ ਦੇ ਨਾਲ ਇਕ ਮੈਨੁਅਲ ਬੁੱਕ ਆਉਂਦੀ ਹੈ, ਉਸੇ ਤਰ੍ਹਾਂ ਤਨ-ਮਨ ਨੂੰ ਚਲਾਉਣ ਲਈ ਮੈਨੁਅਲ ਬੁੱਕ ਗੀਤਾ ਆਦਿ ਅਧਿਆਤਮਕ ਸ਼ਾਸਤਰ ਤੇ ਗੁਰੂ ਹੁੰਦੇ ਹਨ, ਜੋ ਸਾਨੂੰ ਸਰੀਰ, ਇੰਦਰੀਆਂ, ਮਨ ਤੇ ਬੁੱਧੀ ਦੀ ਵਰਤੋਂ ਕਰਨੀ ਸਿਖਾਉਂਦੇ ਹਨ, ਘਰ-ਗ੍ਰਹਿਸਥੀ ਵਿਚ ਤਾਲਮੇਲ ਬਿਠਾਉਣਾ ਸਿਖਾਉਂਦੇ ਹਨ, ਸਮਾਜ ਵਿਚ ਆਦਰਸ਼ ਦੇ ਰੂਪ ''ਚ ਰਹਿਣਾ ਸਿਖਾਉਂਦੇ ਹਨ, ਮਨ ਨੂੰ ਸੁਲਝਾਉਣਾ ਸਿਖਾਉਂਦੇ ਹਨ, ਇਸ ਲਈ ਧਰਮ ਕੋਈ ਵੀ ਹੋਵੇ ਪਰ ਸਾਰਿਆਂ ਨੂੰ ਅਧਿਆਤਮਕ ਜ਼ਰੂਰ ਹੋਣਾ ਚਾਹੀਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਧਿਆਤਮ ਦਾ ਟੀਚਾ ਕੀ ਹੈ? ਇਹ ਸਮਝੋ ਜਿਵੇਂ ਤੁਸੀਂ ਕਿਤੇ ਪਹਾੜੀਆਂ ਵਿਚ ਘੁੰਮਣ ਜਾਂਦੇ ਹੋ। ਪਹਾੜੀਆਂ ''ਤੇ ਮੰਜ਼ਿਲ ਵੀ ਉਸੇ ਤਰ੍ਹਾਂ ਦੀ ਹੁੰਦੀ ਹੈ, ਜਿਸ ਤਰ੍ਹਾਂ ਦਾ ਰਸਤਾ। ਫਿਰ ਤੁਸੀਂ ਰਸਤੇ ਦੇ ਸਾਈਡ ਦ੍ਰਿਸ਼ ਦਾ ਆਨੰਦ ਲੈਂਦੇ ਹੋ, ਹਰ ਦ੍ਰਿਸ਼ ਨੂੰ ਦੇਖ ਕੇ ਪ੍ਰਸੰਨ ਹੁੰਦੇ ਹੋ, ਉਸ ਦਾ ਮਜ਼ਾ ਲੈਂਦੇ ਹੋ। ਫਿਰ ਅਖੀਰ ਵਿਚ ਜਿਥੇ ਪਹੁੰਚਦੇ ਹੋ, ਉਥੇ ਵੀ ਉਹੀ ਦ੍ਰਿਸ਼ ਮਿਲਦਾ ਹੈ। ਲੌਂਗ ਡਰਾਈਵ ਵਿਚ ਤੁਸੀਂ ਰਸਤੇ ਦਾ ਹੀ ਆਨੰਦ ਲੈਂਦੇ ਹੋ। ਅਧਿਆਤਮ ਦੀ ਯਾਤਰਾ ਵੀ ਅਜਿਹੀ ਹੁੰਦੀ ਹੈ, ਜਿਸ ਵਿਚ ਰਸਤੇ ਦਾ ਹੀ ਮਜ਼ਾ ਹੈ।
ਅਧਿਆਤਮ ਕਹਿੰਦਾ ਹੈ ਕਿ ਬੀਤਦੇ ਹੋਏ ਹਰ ਪਲ ਦਾ ਆਨੰਦ ਲਵੋ, ਉਸ ਪਲ ਵਿਚ ਰਹੋ, ਹਰ ਪਲ ਨੂੰ ਖੁਸ਼ੀ ਨਾਲ ਜੀਓ। ਹਰ ਸਥਿਤੀ, ਸੁੱਖ-ਦੁੱਖ, ਮਾਣ-ਸਨਮਾਨ, ਨਫੇ-ਨੁਕਸਾਨ ਤੋਂ ਲੰਘਦਿਆਂ ਆਪਣੇ-ਆਪ ਵਿਚ ਮਸਤ ਰਹੋ। ਹਰ ਤਰ੍ਹਾਂ ਦੀ ਸਥਿਤੀ ਵਿਚ ਇਕੋ ਜਿਹੇ ਰਹੋ ਕਿਉਂਕਿ ਮੁਕਤੀ ਮਰਨ ਤੋਂ ਬਾਅਦ ਦੀ ਨਹੀਂ, ਜਿਊਂਦੇ ਜੀਅ ਦੀ ਅਵਸਥਾ ਹੈ। ਜਦੋਂ ਅਸੀਂ ਆਪਣੇ ਸਰੂਪ ਨਾਲ ਜੁੜ ਕੇ ਹਰ ਪਲ ਨੂੰ ਜਿਊਂਦੇ ਹਾਂ ਤਾਂ ਉਹ ਜਿਊਂਦੇ ਜੀਅ ਮੁਕਤ ਭਾਵਨਾ ਵਿਚ ਹੀ ਬਣਿਆ ਰਹਿੰਦਾ ਹੈ। ਅਧਿਆਤਮ ਕੋਈ ਮੰਜ਼ਿਲ ਨਹੀਂ, ਸਗੋਂ ਯਾਤਰਾ ਹੈ। ਇਸ ਵਿਚ ਉਮਰ ਭਰ ਚਲਦੇ ਰਹਿਣਾ ਹੈ। ਇਹ ਯਾਤਰਾ ਸਾਨੂੰ ਆਪਣੇ ਅੱਜ ਵਿਚ ਰਹਿਣਾ ਅਤੇ ਆਨੰਦ ਲੈਣਾ ਸਿਖਾਉਂਦੀ ਹੈ।
ਜੇ ਅਸੀਂ ਅੱਜ ਵਿਚ ਰਹਿ ਕੇ ਉਸ ਆਨੰਦ ਨੂੰ ਨਾ ਮਹਿਸੂਸ ਕਰ ਸਕੇ ਤਾਂ ਕਦੇ ਵੀ ਉਹ ਆਨੰਦ ਨਹੀਂ ਲੈ ਸਕਾਂਗੇ। ਉਂਝ ਅਸੀਂ ਪੂਰੀ ਜ਼ਿੰਦਗੀ ਅੱਜ ਦੀ ਲੜੀ ਵਿਚ ਜਿਊਂਦੇ ਹਾਂ। ਜਨਮ ਤੋਂ ਲੈ ਕੇ ਮਰਨ ਤੱਕ ਅੱਜ ਵਿਚ ਹੀ ਜਿਊਂਦੇ ਹਾਂ। ਫਿਰ ਵੀ ਮਨ ਭੂਤਕਾਲ ਜਾਂ ਭਵਿੱਖ ਵਿਚ ਹੀ ਫਸਿਆ ਰਹਿੰਦਾ ਹੈ ਅਤੇ ਭੂਤਕਾਲ ਦਾ ਦੁੱਖ ਜਾਂ ਭਵਿੱਖ ਦੇ ਡਰ ਜਾਂ ਲਾਲਚ ਵਿਚ ਹੀ ਮਨ ਘੁੰਮਦਾ ਰਹਿੰਦਾ ਹੈ ਪਰ ਜਦੋਂ ਅਸੀਂ ਆਪਣੇ ਅੱਜ ਵਿਚ ਆਉਂਦੇ ਹਾਂ ਤਾਂ ਉਸੇ ਵੇਲੇ ਤੋਂ ਸਾਡੇ ਜੀਵਨ ਵਿਚ ਅਧਿਆਤਮ ਦੀ ਸ਼ੁਰੂਆਤ ਹੁੰਦੀ ਹੈ ਅਤੇ ਫਿਰ ਅਸੀਂ ਇਸ ਅੱਜ ਨੂੰ ਫੜ ਕੇ ਰੱਖਦੇ ਹਾਂ, ਇਸ ਲਈ ਮੁਕਤੀ ਅੱਜ ਵਿਚ ਹੈ, ਭਵਿੱਖ ਵਿਚ ਨਹੀਂ। ਜੇ ਅਸੀਂ ਪੂਰੀ ਉਮਰ ਅੱਜ ਨੂੰ ਫੜ ਕੇ ਰੱਖ ਸਕੀਏ ਤਾਂ ਫਿਰ ਅਸੀਂ ਜਿਥੇ ਹਾਂ-ਜਿਵੇਂ ਹਾਂ, ਉਥੇ ਹੀ ਅਧਿਆਤਮਕ ਹੋ ਸਕਦੇ ਹਾਂ।