ਮਹਿਮਾ ਸਿੱਧ ਬਾਬਾ ਸੋਢਲ ਜੀ ਦੀ

9/3/2017 7:08:06 AM

ਬਾਬਾ ਸੋਢਲ ਮੇਲਾ (ਜਲੰਧਰ) ਪੰਜਾਬ 'ਚ ਮੇਲਿਆਂ ਦੀ ਸੂਚੀ 'ਚ ਇਕ ਮੁੱਖ ਸਥਾਨ ਰੱਖਦਾ ਹੈ। ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੰਦਿਰ ਅਤੇ ਤਲਾਬ ਲੱਗਭਗ 200 ਸਾਲ ਪੁਰਾਣਾ ਹੈ। ਇਸ ਤੋਂ ਪਹਿਲਾਂ ਇਥੇ ਚਾਰੇ ਪਾਸੇ ਸੰਘਣਾ ਜੰਗਲ ਹੁੰਦਾ ਸੀ। ਦੀਵਾਰ 'ਚ ਉਨ੍ਹਾਂ ਦਾ ਸ਼੍ਰੀ ਰੂਪ ਸਥਾਪਿਤ ਹੈ, ਜਿਸ ਨੂੰ ਮੰਦਿਰ ਦਾ ਸਰੂਪ ਦਿੱਤਾ ਗਿਆ ਹੈ। ਮੇਲਾ ਬਾਬਾ ਸੋਢਲ ਦੀ ਮਹਾਨ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਹਰ ਸਾਲ ਇਹ ਜਲੰਧਰ ਸ਼ਹਿਰ 'ਚ ਭਾਦੋਂ ਦੇ ਮਹੀਨੇ 'ਚ ਸ਼ੁਕਲ ਪੱਖ ਦੇ 14ਵੇਂ ਦਿਨ 'ਤੇ ਆਯੋਜਿਤ ਕੀਤਾ ਜਾਂਦਾ ਹੈ।
ਇਸ ਦਿਨ ਦੇਸ਼ ਭਰ 'ਚੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਇਸ ਮੇਲੇ 'ਚ ਸੋਢਲ ਬਾਬਾ ਦੇ ਦਰਸ਼ਨ ਕਰਨ ਆਉਂਦੇ ਹਨ।
ਸੋਢਲ ਮੰਦਿਰ 'ਚ ਪ੍ਰਸਿੱਧ ਇਤਿਹਾਸਕ ਸੋਢਲ ਸਰੋਵਰ ਹੈ, ਜਿਥੇ ਸੋਢਲ ਬਾਬਾ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਗਈ ਹੈ। ਸ਼ਰਧਾਲੂ ਇਸ ਪਵਿੱਤਰ ਸਰੋਵਰ ਦਾ ਜਲ ਆਪਣੇ ਉੱਪਰ ਛਿੜਕਦੇ ਹਨ ਅਤੇ ਚਰਨਾਮਤ  ਦੀ ਤਰ੍ਹਾਂ ਪੀਂਦੇ ਹਨ।
ਮੇਲੇ ਤੋਂ 2-3 ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਭਗਤਾਂ ਦੀ ਭੀੜ ਮੇਲੇ ਤੋਂ ਬਾਅਦ ਵੀ 2-3 ਦਿਨ ਤਕ ਲਗਾਤਾਰ ਬਰਕਰਾਰ  ਰਹਿੰਦੀ ਹੈ। ਹਰ ਧਰਮ ਅਤੇ ਭਾਈਚਾਰੇ ਦੇ ਲੋਕ ਬਾਬਾ ਜੀ ਦੇ ਦਰਬਾਰ 'ਚ ਨਤਮਸਤਕ ਹੁੰਦੇ ਹਨ। ਜਿਨ੍ਹਾਂ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ, ਉਹ ਬੈਂਡ-ਵਾਜਿਆਂ ਨਾਲ ਬਾਬਾ ਜੀ ਦੇ ਦਰਬਾਰ 'ਚ ਆਉਂਦੇ ਹਨ।
ਕੀ ਹੈ ਬਾਬਾ ਸੋਢਲ ਜੀ ਦਾ ਇਤਿਹਾਸ?
ਬਾਬਾ ਸੋਢਲ ਦਾ ਜਨਮ ਜਲੰਧਰ ਸ਼ਹਿਰ 'ਚ ਚੱਢਾ ਪਰਿਵਾਰ 'ਚ ਹੋਇਆ ਸੀ। ਸੋਢਲ ਬਾਬਾ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਕਿ ਜਦੋਂ ਸੋਢਲ ਬਾਬਾ ਬਹੁਤ ਛੋਟੇ ਸਨ, ਉਹ ਆਪਣੀ ਮਾਤਾ ਨਾਲ ਇਕ ਤਲਾਬ ਕੋਲ ਗਏ। ਮਾਤਾ ਕੱਪੜੇ ਧੋਣ 'ਚ ਰੁੱਝੀ ਸੀ ਅਤੇ ਬਾਬਾ ਜੀ ਨੇੜੇ ਹੀ ਖੇਡ ਰਹੇ ਸਨ।
ਤਲਾਬ ਦੇ ਨੇੜੇ ਆਉਣ 'ਤੇ ਮਾਤਾ ਨੇ ਉਨ੍ਹਾਂ ਨੂੰ ਕਈ ਵਾਰ ਰੋਕਿਆ ਅਤੇ ਗੁੱਸੇ ਵੀ ਹੋਏ। ਬਾਬਾ ਜੀ ਦੇ ਨਾ ਮੰਨਣ 'ਤੇ ਮਾਤਾ ਨੇ ਗੁੱਸੇ 'ਚ ਉਨ੍ਹਾਂ ਨੂੰ ਕੋਸਿਆ ਅਤੇ ਕਿਹਾ ਕਿ ਜਾਹ, ਗਰਕ ਜਾ। ਇਸ ਗੁੱਸੇ ਪਿੱਛੇ ਮਾਤਾ ਦਾ ਪਿਆਰ ਲੁਕਿਆ ਹੋਇਆ ਸੀ। ਬਾਬਾ ਸੋਢਲ ਨੇ ਮਾਤਾ ਦੇ ਕਹੇ ਅਨੁਸਾਰ ਤਲਾਬ 'ਚ ਛਾਲ ਮਾਰ ਦਿੱਤੀ। ਮਾਤਾ ਨੇ ਆਪਣੇ ਪੁੱਤਰ ਵਲੋਂ ਤਲਾਬ 'ਚ ਛਾਲ ਮਾਰਨ ਨੂੰ ਲੈ ਕੇ ਵਿਰਲਾਪ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਬਾਬਾ ਜੀ ਪਵਿੱਤਰ ਨਾਗ ਦੇਵਤਾ ਦੇ ਰੂਪ 'ਚ ਪ੍ਰਗਟ ਹੋਏ। ਉਨ੍ਹਾਂ ਨੇ ਚੱਢਾ ਅਤੇ ਆਨੰਦ ਬਰਾਦਰੀ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਪੁਨਰ-ਜਨਮ ਨੂੰ ਸਵੀਕਾਰ ਕਰਦੇ ਹੋਏ ਮੱਠੀ, ਜਿਸ ਨੂੰ ਟੋਪਾ ਕਿਹਾ ਜਾਂਦਾ ਹੈ, ਚੜ੍ਹਾਉਣ ਦਾ ਨਿਰਦੇਸ਼ ਦਿੱਤਾ।
ਇਸ ਟੋਪੇ ਦਾ ਸੇਵਨ ਸਿਰਫ ਚੱਢਾ ਅਤੇ ਆਨੰਦ ਪਰਿਵਾਰਾਂ ਦੇ ਮੈਂਬਰ ਹੀ ਕਰ ਸਕਦੇ ਹਨ। ਇਸ ਪ੍ਰਸ਼ਾਦ ਦਾ ਸੇਵਨ ਪਰਿਵਾਰ 'ਚ ਜਨਮੀ ਬੇਟੀ ਤਾਂ ਕਰ ਸਕਦੀ ਹੈ ਪਰ ਜਵਾਈ ਅਤੇ ਉਸ ਦੇ ਬੱਚਿਆਂ ਲਈ ਇਸ ਦੀ ਮਨਾਹੀ ਹੈ। ਸੋਢਲ ਮੇਲੇ ਵਾਲੇ ਦਿਨ ਸ਼ਰਧਾਲੂ ਪਵਿੱਤਰ ਤਲਾਬ 'ਚੋਂ ਆਪਣੇ ਹਰੇਕ ਪੁੱਤਰ ਦੇ ਨਾਂ ਦੀ ਮਿੱਟੀ 14 ਵਾਰ ਕੱਢਦੇ ਹਨ। ਸ਼ਰਧਾਲੂ ਆਪਣੇ-ਆਪਣੇ ਘਰਾਂ 'ਚ ਪਵਿੱਤਰ ਖੇਤਰੀ ਬੀਜਦੇ ਹਨ, ਜੋ ਹਰ ਪਰਿਵਾਰ ਦੀ ਖੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਮੇਲੇ ਵਾਲੇ ਦਿਨ ਸ਼ਰਧਾਲੂ ਇਸ ਨੂੰ ਬਾਬਾ ਜੀ ਦੇ ਚਰਨਾਂ 'ਚ ਭੇਟ ਕਰ ਕੇ ਮੱਥਾ ਟੇਕਦੇ ਹਨ।
—ਅਮਿਤ ਗੁਪਤਾ, ਜਲੰਧਰ