ਮਿਥਿਲਾ ''ਚ ਸ਼ੁਕਦੇਵ

7/23/2017 10:50:29 AM

ਆਪਣੇ ਪਿਤਾ ਵੇਦ ਵਿਆਸ ਜੀ ਦੀ ਆਗਿਆ ਨਾਲ ਸ਼ੁਕਦੇਵ ਆਤਮ-ਗਿਆਨ ਹਾਸਿਲ ਕਰਨ ਲਈ ਰਾਜਾ ਜਨਕ ਦੀ ਮਿਥਿਲਾ ਨਗਰੀ ਪਹੁੰਚੇ। ਉਥੇ ਉਨ੍ਹਾਂ ਦੇ ਸਵਾਗਤ ਲਈ ਬਹੁਤ ਸਾਰੇ ਲੋਕ ਸਜੇ ਹੋਏ ਹਾਥੀਆਂ, ਘੋੜਿਆਂ ਤੇ ਰੱਥਾਂ ਨਾਲ ਖੜ੍ਹੇ ਸਨ। ਸ਼ੁਕਦੇਵ 'ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਪਿਆ। ਇਸ ਚਮਕ-ਧਮਕ ਤੋਂ ਪ੍ਰਭਾਵਿਤ ਨਾ ਹੋ ਕੇ ਉਹ ਖੁਦ ਵਿਚ ਹੀ ਗੁਆਚੇ ਰਹੇ। ਮਹੱਲ ਸਾਹਮਣੇ ਡਿਓਢੀ 'ਤੇ ਜਦੋਂ ਉਹ ਪਹੁੰਚੇ ਤਾਂ ਦੁਆਰਪਾਲਾਂ ਨੇ ਉਨ੍ਹਾਂ ਨੂੰ ਉਥੇ ਹੀ ਰੋਕ ਦਿੱਤਾ। ਸ਼ੁਕਦੇਵ ਉਥੇ ਧੁੱਪ 'ਚ ਖੜ੍ਹੇ ਹੋ ਗਏ। ਉਹ ਜ਼ਰਾ ਵੀ ਪ੍ਰੇਸ਼ਾਨ ਨਹੀਂ ਹੋਏ।
ਚੌਥੇ ਦਿਨ ਇਕ ਦੁਆਰਪਾਲ ਨੇ ਉਨ੍ਹਾਂ ਨੂੰ ਦੂਜੀ ਡਿਓਢੀ 'ਤੇ ਠੰਡੀ ਛਾਂ ਵਿਚ ਪਹੁੰਚਾ ਦਿੱਤਾ। ਉਹ ਉਥੇ ਹੀ ਬੈਠ ਕੇ ਆਤਮ-ਚਿੰਤਨ ਕਰਨ ਲੱਗੇ। ਇਸ ਤੋਂ ਬਾਅਦ ਇਕ ਮੰਤਰੀ ਨੇ ਆ ਕੇ ਉਨ੍ਹਾਂ ਨੂੰ ਬਹੁਤ ਸੁੰਦਰ ਜੰਗਲ ਵਿਚ ਪਹੁੰਚਾ ਦਿੱਤਾ। ਉਥੇ ਕੁੜੀਆਂ ਨੇ ਉਨ੍ਹਾਂ ਨੂੰ ਭੋਜਨ ਕਰਵਾਇਆ ਅਤੇ ਉਸ ਤੋਂ ਬਾਅਦ ਹੱਸਦੀਆਂ-ਗਾਉਂਦੀਆਂ ਜੰਗਲ ਦੀ ਸੈਰ ਕਰਵਾਉਣ ਲੈ ਗਈਆਂ। 
ਰਾਤ ਨੂੰ ਉਨ੍ਹਾਂ ਸ਼ੁਕਦੇਵ ਨੂੰ ਆਰਾਮਦੇਹ ਵਿਛਾਉਣੇ 'ਤੇ ਬਿਠਾ ਦਿੱਤਾ। ਉਹ ਪੈਰ ਧੋ ਕੇ ਰਾਤ ਦੇ ਪਹਿਲੇ ਹਿੱਸੇ ਵਿਚ ਧਿਆਨ ਕਰਨ ਲੱਗੇ, ਵਿਚਕਾਰਲੇ ਹਿੱਸੇ ਵਿਚ ਸੁੱਤੇ ਅਤੇ ਚੌਥੇ ਪਹਿਰ ਵਿਚ ਉੱਠ ਕੇ ਫਿਰ ਧਿਆਨ ਕਰਨ ਲੱਗੇ। ਧਿਆਨ ਵੇਲੇ ਵੀ ਕੁੜੀਆਂ ਉਨ੍ਹਾਂ ਨੂੰ ਘੇਰ ਕੇ ਬੈਠੀਆਂ ਰਹੀਆਂ ਪਰ ਉਨ੍ਹਾਂ ਦੇ ਮਨ ਵਿਚ ਕੋਈ ਵਿਕਾਰ ਪੈਦਾ ਨਹੀਂ ਹੋਇਆ। 
ਅਗਲੇ ਦਿਨ ਰਾਜਾ ਜਨਕ ਨੇ ਆ ਕੇ ਉਨ੍ਹਾਂ ਦੀ ਪੂਜਾ ਕੀਤੀ ਅਤੇ ਉੱਚੇ ਆਸਣ 'ਤੇ ਬਿਠਾ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਫਿਰ ਖੁਦ ਗਿਆਨ ਲੈ ਕੇ ਧਰਤੀ 'ਤੇ ਬੈਠ ਗਏ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲੱਗੇ। ਅਖੀਰ ਵਿਚ ਰਾਜਾ ਜਨਕ ਬੋਲੇ, ''ਤੁਸੀਂ ਹਰ ਦ੍ਰਿਸ਼ਟੀ ਤੋਂ ਪੂਰਨ ਹੋ। 
ਤੁਸੀਂ ਪਰਮ ਤੱਤ ਨੂੰ ਹਾਸਿਲ ਕਰ ਲਿਆ ਹੈ ਅਤੇ ਖੁਦ ਤੋਂ ਦੂਰ ਹੋ ਗਏ ਹੋ। ਇਹ ਤੁਹਾਡਾ ਵਡੱਪਣ ਹੈ ਕਿ ਤੁਸੀਂ ਆਪਣੇ ਗਿਆਨ ਵਿਚ ਕਮੀ ਮੰਨਦੇ ਹੋ। ਤੁਹਾਡੇ ਵਿਚ ਇੰਨੀ ਹੀ ਕਮੀ ਹੈ ਕਿ ਤੁਸੀਂ ਪਰਮ ਗਿਆਨੀ ਹੋ ਕੇ ਵੀ ਆਪਣਾ ਅਸਰ ਨਹੀਂ ਜਾਣਦੇ। ਤੁਸੀਂ ਸੁੱਖ-ਦੁੱਖ ਦੇ ਅਹਿਸਾਸ ਤੋਂ ਉੱਪਰ ਉੱਠ ਚੁੱਕੇ ਹੋ। ਇਹ ਸਥਿਤੀ ਤੁਹਾਨੂੰ ਦੈਵਿਕ ਸ਼ਕਤੀ ਪ੍ਰਦਾਨ ਕਰਦੀ ਹੈ।'' ਰਾਜਾ ਜਨਕ ਵਲੋਂ ਅਜਿਹਾ ਕਹਿਣ 'ਤੇ ਸ਼ੁਕਦੇਵ ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ।