ਬ੍ਰਹਮਲੀਨ ਸ਼੍ਰੀ ਸੁਆਮੀ ਚਰਨ ਦਾਸ ਜੀ

5/22/2017 7:21:05 AM

ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਅਸਥਾਨ ਸ਼੍ਰੀ ਰਾਮਪੁਰ ਧਾਮ ਵਾਲੇ ਸ਼੍ਰੀ ਸੁਆਮੀ ਚਰਨ ਦਾਸ ਬ੍ਰਹਮਚਾਰੀ ਮਹਾਰਾਜ ਜੀ ਦਾ ਘਰ ਦਾ ਨਾਂ ਸ. ਜਸਵੰਤ ਸਿੰਘ ਸੀ। ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਂ ਸ. ਸੁਰੈਣ ਸਿੰਘ ਸੀ ਅਤੇ ਪੂਜਨੀਕ ਮਾਤਾ ਜੀ ਦਾ ਨਾਂ ਸ਼੍ਰੀਮਤੀ ਕਰਤਾਰ ਕੌਰ ਸੀ। ਆਪ ਜੀ ਦਾ ਜਨਮ ਜ਼ਿਲਾ ਲਾਇਲਪੁਰ, ਪਿੰਡ ਪਲਾਸੌਰ, ਜੋ ਅੱਜਕਲ ਪਾਕਿਸਤਾਨ ''ਚ ਹੈ, ਵਿਖੇ 13 ਅਪ੍ਰੈਲ 1935 ਨੂੰ ਵਿਸਾਖੀ ਵਾਲੇ ਦਿਨ ਹੋਇਆ। ਆਪ ਜੀ ਦੇ 4 ਭਰਾ ਅਤੇ ਇਕ ਭੈਣ ਸਨ। ਆਪ ਜੀ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ। ਭਾਰਤ-ਪਾਕਿ ਦੇ ਬਟਵਾਰੇ ਉਪਰੰਤ ਆਪ ਜੀ ਦਾ ਸਾਰਾ ਪਰਿਵਾਰ ਜ਼ਿਲਾ ਤਰਨਤਾਰਨ ਦੇ ਪਿੰਡ ਪਲਾਸੌਰ ਵਿਖੇ ਆ ਕੇ ਵਸ ਗਿਆ ਸੀ।
ਮਾਤਾ ਜੀ ਦੇ ਦਿਹਾਂਤ ਤੋਂ ਬਾਅਦ ਆਪ ਜੀ ਸੇਵਾ ਕਰਨ ਲਈ ਗੁ. ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ। ਇਕ ਸਾਲ ਸੇਵਾ ਕਰਨ ਤੋਂ ਬਾਅਦ ਸੰਨ 1957 ਨੂੰ 22 ਸਾਲਾਂ ਦੀ ਉਮਰ ''ਚ ਕਿਸੇ ਨੂੰ ਬਿਨਾਂ ਦੱਸੇ ਹੀ ਘਰ-ਬਾਰ ਦਾ ਤਿਆਗ ਕਰ ਕੇ ਚਲੇ ਗਏ। ਰਾਜਸਥਾਨ ''ਚ ਸੂਰਤਗੜ੍ਹ ਦੇ ਨਜ਼ਦੀਕ ਸਰਦਾਰਗੜ੍ਹ ਹੈ, ਜਿੱਥੇ ਬਹੁਤ ਵੱਡਾ ਖੇਤੀਬਾੜੀ ਦਾ ਸਰਕਾਰੀ ਫਾਰਮ ਹੈ। ਇਸ ''ਚ ਪੂਜਨੀਕ ਸ਼੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਮਹਾਰਾਜ ਜੀ ਦੇ ਪਰਮ ਸ਼ਿਸ਼ ਸ਼੍ਰੀ ਸੁਆਮੀ ਸੰਤ ਰਾਮ ਮਹਾਰਾਜ ਜੀ ਦੇ ਆਗਿਆਕਾਰੀ ਸ਼ਿਸ਼ ਸੰਤ ਸ਼੍ਰੀ ਅਮਰਨਾਥ ਮਹਾਰਾਜ ਜੀ ਦੇ ਨਾਲ ਆਪ ਜੀ ਦਾ ਮੇਲ ਹੋਇਆ। ਆਪ ਜੀ 2 ਸਾਲਾਂ ਤੱਕ ਉਨ੍ਹਾਂ ਕੋਲ ਸਰਕਾਰੀ ਫਾਰਮ ''ਚ ਰਹਿੰਦੇ ਰਹੇ।
7 ਜੂਨ 1959 ਨੂੰ ਸੰਤ ਸ਼੍ਰੀ ਅਮਰਨਾਥ ਮਹਾਰਾਜ ਜੀ ਦੇ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ''ਤੇ ਸਮਾਗਮ ''ਚ ਸ਼੍ਰੀ ਰਾਮਪੁਰ ਧਾਮ ਵਿਖੇ ਆਏ। ਸ਼੍ਰੀ ਰਾਮਪੁਰ ਧਾਮ ਵਿਖੇ ਸ਼੍ਰੀ ਸੁਆਮੀ ਸੰਤ ਰਾਮ ਮਹਾਰਾਜ ਜੀ ਤੋਂ ਸ਼ਬਦ ਦੀਕਸ਼ਾ ਅਤੇ ਸੰਨਿਆਸ ਧਾਰਨ ਕਰਕੇ ਸ਼੍ਰੀ ਰਾਮਪੁਰ ਧਾਮ ਦੀ ਸੇਵਾ ''ਚ ਲੱਗ ਗਏ। ਆਪਣੇ ਗੁਰੂਦੇਵ ਸ਼੍ਰੀ ਸੁਆਮੀ ਸੰਤ ਰਾਮ ਮਹਾਰਾਜ ਜੀ ਦੀ ਮੌਜੂਦਗੀ ''ਚ ਸੇਵਾ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਰਹੇ। 3 ਮਾਰਚ 1973 ਨੂੰ ਸ਼੍ਰੀ ਸੁਆਮੀ ਸੰਤ ਰਾਮ ਮਹਾਰਾਜ ਜੀ ਨੇ ਪੰਜ ਭੂਤਕ ਸਰੀਰ ਦਾ ਤਿਆਗ ਕੀਤਾ। ਸ਼੍ਰੀ ਸੁਆਮੀ ਚਰਨ ਦਾਸ ਬ੍ਰਹਮਚਾਰੀ ਮਹਾਰਾਜ ਜੀ ਸ਼੍ਰੀ ਰਾਮਪੁਰ ਧਾਮ ਦੇ ਅਧਿਅਕਸ਼ ਬਣੇ। ਆਪ ਜੀ ਦੇ 3 ਸ਼ਿਸ਼ ਸ਼੍ਰੀ ਸੁਆਮੀ ਕੇਵਲ ਦਾਸ ਮਹਾਰਾਜ ਜੀ, ਸ਼੍ਰੀ ਸੁਆਮੀ ਦਰਸ਼ਨ ਦਾਸ ਮਹਾਰਾਜ ਜੀ ਅਤੇ ਸ਼੍ਰੀ ਸੁਆਮੀ ਰਤਨ ਦਾਸ ਮਹਾਰਾਜ ਜੀ ਸਨ। ਸੰਨ 1982 ''ਚ ਆਪ ਜੀ ਨੇ ''ਬ੍ਰਹਮਸਾਗਰ ਸੰਤ ਚਰਨ ਟਰੱਸਟ'' ਦੀ ਸਥਾਪਨਾ ਕੀਤੀ। ਆਪ ਜੀ ਨੇ ਆਪਣੀ ਮੌਜੂਦਗੀ ''ਚ ਆਪਣੇ ਗੁਰੂਭਾਈ ਸੰਤ ਸ਼੍ਰੀ ਅਮਰਨਾਥ ਮਹਾਰਾਜ ਜੀ ਦੇ ਸਹਿਯੋਗ ਨਾਲ ਆਪਣੇ ਤਿੰਨਾਂ ਸ਼ਿਸ਼ਾਂ ਅਤੇ ਸੰਗਤਾਂ ਨੂੰ ਆਗਿਆ ਦੇ ਕੇ ਕਈ ਵਾਰ ਸ਼੍ਰੀ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੀ ਬਾਣੀ ਦੀਆਂ ਅਠੋਤਰੀਆਂ ਦੇ ਸਮਾਗਮ ਕਰਵਾਏ।
ਲਗਾਤਾਰ 47 ਸਾਲਾਂ ਤੱਕ ਸ਼੍ਰੀ ਰਾਮਪੁਰ ਧਾਮ ਵਿਖੇ ਰਹਿ ਕੇ ਸੇਵਾ-ਸਿਮਰਨ ਕਰਦੇ ਹੋਏ ਸੰਗਤਾਂ ਨੂੰ ਸਤਿਗੁਰੂ ਜੀ ਦੇ ਨਾਲ ਜੋੜਦੇ ਹੋਏ 24 ਮਈ 2006 ਨੂੰ ਜੇਠ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਤਰੋਦਸ਼ੀ ਨੂੰ ਆਪਣੀ ਜੀਵਨ ਯਾਤਰਾ ਸੰਪੂਰਨ ਕਰਦੇ ਹੋਏ ਸਤਿਗੁਰੂ ਜੀ ਦੇ ਲੋਕ ਨੂੰ ਪਧਾਰੇ। ਹਰ ਸਾਲ ਜੇਠ ਮਹੀਨੇ ਦੀ ਤਰੋਦਸ਼ੀ ਨੂੰ ਟਰੱਸਟ ਅਤੇ ਸੰਗਤਾਂ ਵਲੋਂ ਆਪ ਜੀ ਦਾ ਨਿਰਵਾਣ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 22, 23, 24 ਮਈ ਨੂੰ ਸ਼੍ਰੀ ਸੁਆਮੀ ਚਰਨ ਦਾਸ ਬ੍ਰਹਮਚਾਰੀ ਜੀ ਮਹਾਰਾਜ ਦੇ ਨਿਰਵਾਣ ਦਿਵਸ ਦੇ ਸਬੰਧ ''ਚ ਤਿੰਨ ਦਿਨਾ ਸੰਤ ਸਮਾਗਮ ਬੜੀ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ। ਪੇਸ਼ਕਸ਼ : ਤਰਸੇਮ ਕਟਾਰੀਆ ਪੋਜੇਵਾਲ