ਵਿਆਖਿਆ ਸ੍ਰੀ ਜਪੁ ਜੀ ਸਾਹਿਬ

7/17/2017 7:00:12 AM

ਸਰਮ ਖੰਡ ਕੀ ਬਾਣੀ ਰੂਪੁ : ਜਿਵੇਂ ਮਾਤਿ ਲੋਕ ਧਰਮ ਖੰਡ ਦੀ ਬਾਣੀ, À, ਅ, ਕ, ਖ, ਗ ਆਦਿ ਬੈਖਰੀ ਅੱਖਰਾਂ ਤੋਂ ਰਚਿਤ ਉਹ ਬਾਣੀ ਹੈ, ਜਿਸ ਨੂੰ ਮੂੰਹੋਂ ਬੋਲਿਆ ਜਾਂਦੈ ਤੇ ਕੰਨਾਂ ਰਾਹੀਂ ਸੁਣਿਆ ਜਾਂਦੈ। ਗਿਆਨ ਖੰਡ ਦੀ ਬਾਣੀ ਅਨਹਦ ਨਾਦ ਹਨ—ਇਹ ਉਹ ਅਨੇਕਾਂ ਸੁਰ ਹਨ ਜਿਨ੍ਹਾਂ ਵਿਚ ਕ, ਖ, ਗ ਆਦਿ ਸਾਰੇ ਵਿਅੰਜਨ ਲੀਨ ਹੋ ਜਾਂਦੇ ਹਨ। ਇਹ ਬਾਣੀ ਮੂੰਹ ਰਾਹੀਂ ਨਹੀਂ ਸਗੋਂ ਪ੍ਰਾਣੀ ਦੀ ਅੰਤਰਮੁਖੀ ਗਤੀ ਤੋਂ ਉਪਜਦੀ ਹੈ।
ਸਰਮ ਖੰਡ ਦੀ ਬਾਣੀ ਹੋਰ ਵੀ ਜ਼ਿਆਦਾ ਸੂਖਮ, ਸ਼ਕਤੀਸ਼ਾਲੀ ਤੇ ਵਿਆਪਕ ਹੈ। ਇਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ—'ਸਰਮ ਖੰਡ ਕੀ ਬਾਣੀ ਰੂਪੁ।' ਇਹ ਉਸ ਜੋਤਿ ਸਰੂਪ ਮਨ ਤੋਂ ਉਪਜਦੀ ਐ, ਜਿਸ ਵਿਚ ਕ, ਖ, ਗ ਆਦਿ ਸਾਰੇ ਵਿਅੰਜਨ ਹੀ ਨਹੀਂ ਸਗੋਂ ਪ੍ਰਾਣ ਰੂਪੀ ਸਾਰੇ ਹੀ ਸੁਰ ਵੀ (ਨਾਦ ਵੀ) ਸਮਾ ਜਾਂਦੇ ਹਨ।
ਜਦੋਂ ਸਰਮ ਖੰਡ ਦਾ ਵਾਸੀ ਇਸ ਅਲੌਕਿਕ ਬਾਣੀ ਦਾ ਉਚਾਰਣ ਕਰਦੈ ਅਰਥਾਤ ਦੂਜਿਆਂ ਜੀਆਂ ਨਾਲ ਸੰਬੰਧ ਜੋੜਦੈ ਤਾਂ ਇਹ ਬਾਣੀ ਅਨੇਕਾਂ ਆਕਾਰ ਧਾਰਨ ਕਰਦੀ ਹੋਈ ਪ੍ਰਗਟ ਹੁੰਦੀ ਹੈ—ਜਿਸ ਪ੍ਰਾਣੀ ਵਾਸਤੇ ਇਸਨੂੰ ਉਚਾਰਿਆ ਗਿਆ ਹੁੰਦੈ ਜਾਂ ਜਿਹੜਾ ਪ੍ਰਾਣੀ ਇਸ ਨੂੰ ਸੁਣਦੈ, ਉਸ ਦੇ ਮਨ ਵਿਚ ਇਹ ਬਾਣੀ ਸਿੱਧਾ ਹੀ ਪ੍ਰਵੇਸ਼ ਕਰ ਜਾਂਦੀ ਐ।
ਇਸ ਦਾ ਅਰਥ ਇਹ ਹੈ ਕਿ ਉਚਾਰੀ ਗਈ ਬਾਣੀ ਦਾ ਅਰਥ (ਜਿਹੋ ਜਿਹਾ ਅਰਥ ਉਚਾਰਨ ਕਰਤਾ ਦਾ ਹੁੰਦੈ, ਬਿਲਕੁਲ ਉਹੋ ਜਿਹਾ ਹੀ) ਸੁਣਨ ਵਾਲੇ ਦੇ ਹਿਰਦੇ ਵਿਚ ਪ੍ਰਕਾਸ਼ਿਤ ਕਰਨ ਦੀ ਸਮਰੱਥਾ ਇਸ ਬਾਣੀ ਵਿਚ ਹੁੰਦੀ ਹੈ।
ਬਾਣੀ ਅਤੇ ਉਸ ਦੇ ਅਰਥ ਦਾ ਅਭੇਦ ਸੰਬੰਧ ਇਸ ਸਤਰ 'ਤੇ ਹੁੰਦਾ ਹੈ। 'ਰੂਪ' ਹੀ ਬਾਣੀ ਦਾ ਅਰਥ ਹੈ।
ਮੰਨ ਲਵੋ ਜੇ ਕੋਈ ਮਹਾਗਿਆਨੀ ਸਰਮ ਖੰਡ ਦੀ ਬਾਣੀ ਵਿਚ 'ਅੱਗ' ਇਸ ਸ਼ਬਦ ਦਾ ਉਚਾਰਨ ਕਰਦਾ ਹੈ ਤਾਂ ਅੱਗ ਦਾ ਲਪਟਾਂ ਮਾਰਦਾ ਹੋਇਆ ਤੇਜ ਤੇ ਪ੍ਰਕਾਸ਼ ਦੇਣ ਵਾਲਾ ਰੂਪ ਵੀ ਨਾਲ ਹੀ ਪ੍ਰਗਟ ਹੋਵੇਗਾ। ਜੇ ਕੋਈ ਸੱਚਾ ਸਿੱਖ ਇਸ ਅਲੌਕਿਕ ਬਾਣੀ ਨੂੰ ਜਿਉਂ ਦੀ ਤਿਉਂ ਸੁਣੇਗਾ ਤਾਂ ਉਸ ਨੂੰ 'ਅੱਗ' ਦਾ ਅਨੁਭਵ ਵੀ ਹੋਵੇਗਾ।
ਬੈਖਰੀ ਬਾਣੀ ਵਿਚ ਜੇ 'ਅੱਗ' ਸ਼ਬਦ ਦਾ ਉਚਾਰਨ ਕੀਤਾ ਜਾਵੇ ਤਾਂ ਸੁਣਨ ਵਾਲੇ ਨੂੰ ਅਨੁਮਾਨ ਕਰਨਾ ਪੈਂਦੈ ਕਿ ਅੱਗ ਇਹੋ ਜਿਹੀ ਹੁੰਦੀ ਹੈ। ਜੇ ਉਸ ਨੇ ਕਦੇ ਅੱਗ ਨਾ ਦੇਖੀ ਹੋਵੇ ਤਾਂ ਉਸ ਦਾ ਅਨੁਮਾਨ ਅਧੂਰਾ ਤੇ ਗਲਤ ਵੀ ਹੋ ਸਕਦੈ।