ਵਿਆਖਿਆ ਸ੍ਰੀ ਜਪੁ ਜੀ ਸਾਹਿਬ

7/10/2017 6:31:15 AM

(1) ਜਦ ਇਕ ਸਿੱਖ ਦਾ ਮੂੰਹ ਵੀ ਪ੍ਰਮਾਤਮਾ ਵੱਲ ਹੋ ਜਾਵੇ-ਵਿਸ਼ਿਆਂ ਤੇ ਧਨ ਮਾਨ ਤੋਂ ਉਪਰਾਮ ਹੋ ਕੇ। ਇਹ ਸਥਿਤੀ ਧਰਮ ਖੰਡ ਵਿਚ ਬਣਦੀ ਹੈ।
(2) ਉਸ ਵਿਚ ਪ੍ਰਮਾਤਮੀ ਸ਼ਕਤੀ ਦਾ ਜਾਗਰਣ ਹੋ ਜਾਵੇ, ਉਸ ਵਿਚ ਕੰਮ ਕਰਨ ਦੀ ਸ਼ਕਤੀ ਧਨ ਤੇ ਲੋਕਾਂ ਦੇ ਆਸਰੇ ਨਾ ਹੋ ਕੇ ਪ੍ਰਮਾਤਮੀ ਸ਼ਕਤੀ ਨਾਲ ਸੰਬੰਧ ਜੁੜਨ ਕਾਰਨ ਹੋਵੇ। ਇਹ ਸਥਿਤੀ ਗਿਆਨ ਖੰਡ ਵਿਚ ਬਣਦੀ ਐ।
(3) ਅਗਿਆਨ ਦਾ ਪਰਦਾ ਪੂਰਾ ਹੀ ਚੁੱਕਿਆ ਜਾਵੇ ਅਤੇ ਉਹ ਪ੍ਰਮਾਤਮੀ ਜੋਤਿ ਨਾਲ ਇਕਮਿਕ ਹੋਇਆ, ਆਪਣੇ ਆਪ ਨੂੰ ਪ੍ਰਮਾਤਮਾ ਦਾ ਅਭਿੰਨ ਅੰਸ਼ ਹੀ ਅਨੁਭਵ ਕਰੇ। ਉਸਦੇ ਮਨ, ਬੁੱਧ ਤੇ ਪ੍ਰਾਣਾਂ ਵਿਚ ਠਾਠਾਂ ਮਾਰਦੀ ਹੋਈ ਗਤੀਸ਼ੀਲ ਹੋ ਜਾਵੇ। ਇਹ ਸਥਿਤੀ ਦਸਵੇਂ ਦੁਆਰ ਦੇ ਪਾਰ ਪਹੁੰਚ ਕੇ ਹੀ ਬਣਦੀ ਐ। ਇਹ ਹੀ ਧਰਮ ਖੰਡ ਹੈ।
'ਗਿਆਨ ਖੰਡ' ਦੀ ਯਾਤਰਾ ਇਹੋ ਜਿਹੀ ਹੈ ਕਿ ਜਿਵੇਂ ਬੂੰਦ ਸਮੁੰਦਰ ਵਿਚ ਲੀਨ ਹੋ ਰਹੀ ਹੋਵੇ-ਪਤੰਗਾ ਦੀਪਕ ਦੀ ਲੋਅ ਵੱਲ ਖਿੱਚਿਆ ਚਲੇ ਜਾਂਦਾ ਹੋਵੇ-ਗੰਗਾ ਸਮੁੰਦਰ ਨੂੰ ਮਿਲਣ ਵਾਸਤੇ ਛਲਾਂਗਾਂ ਮਾਰਦੀ ਦੌੜਦੀ ਜਾਵੇ।
'ਸਰਮ ਖੰਡ' ਦੀ ਯਾਤਰਾ ਤਾਂ ਹੋਰ ਵੀ ਵਿਲੱਖਣ ਹੈ। ਇਹ ਯਾਤਰਾ ਤਾਂ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਬੂੰਦ ਸਮੁੰਦਰ ਨੂੰ ਹੀ ਆਪਣੇ ਆਪ ਵਿਚ ਪ੍ਰਗਟ ਕਰਦੀ ਜਾਵੇ। ਇਕ ਸੱਚਾ ਤੇ ਪੂਰਾ ਸਿੱਖ ਪਰਮ ਗੁਰੂ ਨੂੰ ਹੀ ਆਪਣੇ ਅੰਦਰੋਂ ਪ੍ਰਕਾਸ਼ਿਤ ਕਰਦਾ ਜਾਂਦਾ ਹੋਵੇ। ਪਿੰਡ ਵਿਚ ਹੀ ਬ੍ਰਹਿਮੰਡ ਪੂਰਾ ਵਿਕਸਿਤ ਹੋਇਆ ਲੀਨ ਹੁੰਦਾ ਜਾਵੇ। ਮਨ ਬੁੱਧ ਮਤਿ ਸੁਰਤਿ ਨੂੰ ਪ੍ਰਮਾਤਮੀ ਜੋਤਿ ਦੇ ਆਕਾਰ ਵਿਚ ਘੜਿਆ ਜਾਣਾ ਹੀ ਇਸ 'ਸਰਮ ਖੰਡ' ਦੀ ਮਹਾਸਾਧਨਾ ਹੈ। ਇਹ ਹੀ ਸੱਚਾ ਪੁਰਖਾਰਥ ਹੈ, ਇਸੇ ਨੂੰ ਗੁਰੂ ਸਾਹਿਬ ਨੇ ਸਰਮ (Ÿਥਗ) ਦਾ ਨਾਮ ਦਿੱਤੈ। ਫਿਰ ਧਿਆਨ ਰਹੇ ਐਥੇ-ਹਉਮੈ ਅਤੇ ਅਗਿਆਨ ਦਾ ਤਾਂ ਨਾਮੋ-ਨਿਸ਼ਾਨ ਹੀ ਨਹੀਂ, ਜਾਂ ਮੈਂ ਇਹ ਦੁਰਲੱਭ ਸਥਿਤੀ ਪ੍ਰਾਪਤ ਕਰਨ ਦੀ ਸਾਧਨਾ ਕਰਨੀ ਹੈ ਜਾਂ ਕਰ ਲਈ ਹੈ, ਇਨ੍ਹਾਂ ਅਨਾਤਮ ਫੁਰਨਿਆਂ ਦੇ ਹੋਣ ਦੀ ਸੰਭਾਵਨਾ ਵੀ ਸਰਮ ਖੰਡ ਵਿਚ ਨਹੀਂ। ਐਥੇ ਸਰਮ ਖੰਡ 'ਚ ਤਾਂ ਪ੍ਰਮਾਤਮੀ ਪੂਰਨ ਜੋਤਿ ਹੀ ਇਕ ਪੂਰਨ ਸਿੱਖ ਸਾਧਕ ਦੇ ਰੂਪ ਵਿਚ ਪ੍ਰਗਟ ਹੋਈ-ਸ੍ਰਿਸ਼ਟੀ ਦਾ ਅਲੌਕਿਕ ਵਿਸਥਾਰ ਕਰਦੀ ਹੈ। ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ ਦੇ ਗੂੜ੍ਹ ਰਹੱਸਾਂ ਦੀ ਧਾਰਨਾ ਸਿਰਫ ਦ੍ਰਿਸ਼ਟਾਂਤਾਂ, ਦਿਮਾਗੀ ਜੁਗਤੀਆਂ ਨਾਲ ਹੀ ਕਰਨੀ ਜੇ ਅਸੰਭਵ ਨਹੀਂ ਤਾਂ ਬਹੁਤ ਹੀ ਕਠਿਨ ਜ਼ਰੂਰ ਹੈ ਕਿਉਂਕਿ ਦੁਨੀਆਵੀ ਕੋਈ ਵੀ ਅਜਿਹਾ ਦ੍ਰਿਸ਼ਟਾਂਤ ਨਹੀਂ ਹੈ ਜਿਸ ਨਾਲ ਇਨ੍ਹਾਂ ਦੇ ਰਹੱਸਾਂ ਦੀ ਥੋੜ੍ਹੀ ਵੀ ਤੁਲਨਾ ਕੀਤੀ ਜਾ ਸਕੇ।
ਬੇਸ਼ੱਕ ਦ੍ਰਿਸ਼ਟਾਂਤਾਂ ਅਤੇ ਜੁਗਤੀਆਂ ਦੀ ਮਦਦ ਵੀ ਲਈ ਜਾਂਦੀ ਹੈ ਪਰ ਇਹ ਸਭ ਉਨ੍ਹਾਂ ਦੇ ਹੀ ਮਦਦਗਾਰ ਹੋਣਗੇ, ਜਿਨ੍ਹਾਂ ਵਿਚ ਸ਼ਰਧਾ ਹੈ ਗੁਰੂ ਵਾਕਾਂ 'ਚ, ਜਿਨ੍ਹਾਂ ਨੂੰ ਸ਼ੌਕ ਹੈ ਸਾਧਨਾ ਕਰਨ ਦਾ, ਜਿਨ੍ਹਾਂ ਦਾ ਇਕੋ ਵਰਤ ਹੈ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਅਤੇ ਜਿਹੜੇ ਸਾਧਨਾ ਪਥ 'ਤੇ ਇਕ ਹੱਦ ਤੱਕ ਅੱਗੇ ਵਧ ਵੀ ਚੁੱਕੇ ਹਨ।