ਵਿਆਖਿਆ ਸ੍ਰੀ ਜਪੁ ਜੀ ਸਾਹਿਬ

4/24/2017 7:10:51 AM

ਇਕ ਕਿਸਾਨ ਖੇਤੀ ਕਰਨਾ ਚਾਹੁੰਦੈ। ਰੇਗਿਸਤਾਨੀ ਬੰਜਰ ਜ਼ਮੀਨ ਦੇ ਇਕ ਖੰਡ ਵਿਚ ਉਸਨੂੰ ਦੱਸਿਆ ਜਾਂਦੈ ਕਿ ਇਥੇ ਧਰਤੀ ਅੰਦਰ ਪਾਣੀ ਐ। ਤੂੰ ਇਥੇ ਖੇਤੀ ਕਰੇਂਗਾ ਤਾਂ ਸਫਲ ਹੋ ਜਾਏਂਗਾ। ਕੀ ਉਥੇ ਸਿੱਧੇ ਹੀ ਬੀਜ ਪਾਉਣ ਨਾਲ ਫਸਲ ਤਿਆਰ ਹੋ ਜਾਊਗੀ? ਜਦੋਂ ਤਕ ਖੂਹ ਪੁੱਟ ਕੇ, ਪਾਣੀ ਧਰਤੀ ਉਪਰ ਨਾ ਲਿਆਂਦਾ ਜਾਵੇ, ਫਿਰ ਉਸ ਨਾਲ ਖੇਤ ਨੂੰ ਸਿੰਜਿਆ ਨਾ ਜਾਵੇ, ਉਦੋਂ ਤਕ ਧਰਤੀ ਦੇ ਹੇਠਲਾ ਅਥਾਹ ਪਾਣੀ ਫਸਲ ਦੀ ਰੱਖਿਆ ਨਹੀਂ ਕਰ ਸਕਦਾ। ਇਵੇਂ ਹੀ ਪ੍ਰਮਾਤਮਾ ਤਾਂ ਸਾਡੇ ਅੰਦਰ ਹੀ, ਸਭ ਦੇ ਅੰਦਰ ਹੀ ਹੈ, ਉਸਦੀ ਗਿਆਨ ਸ਼ਕਤੀ ਸਭ ਵਿਚ ਹੈ ਹੀ। ਕੀ ਇਹ ਜਾਣ ਲੈਣ ਨਾਲ ਹੀ ਗਿਆਨ ਪ੍ਰਚੰਡ ਹੋ ਜਾਵੇਗਾ। ਜਪ-ਤਪ ਸਿਮਰਨ ਵਾਲੀ ਸਾਧਨਾ ''ਚ ਨਾਦ-ਨਗਾਰੇ ਵੱਜਦੇ ਸੁਣਾਈ ਦੇਣ ਲੱਗਣਗੇ। ਸਿਰਫ ਜਾਣ ਲੈਣਾ ਹੀ ਕਾਫੀ ਨਹੀਂ ਹੈ। ਮਨ ਵਿਚ, ਪ੍ਰਾਣਾਂ ਵਿਚ, ਬੁੱਧ ਵਿਚ, ਇੰਦਰੀਆਂ ਵਿਚ, ਵਿਵਹਾਰ ਵਿਚ ਇਹ ਜਾਣਕਾਰੀ ਸਦਾ ਹੀ ਬਣੀ ਰਹਿਣੀ ਚਾਹੀਦੀ ਹੈ, ਔਖੇ ਵੇਲੇ ਜਦੋਂ ਕੋਈ ਨਿੰਦਾ ਕਰ ਰਿਹਾ ਹੋਵੇ, ਜਦੋਂ ਗੁੱਸਾ ਆਉਣ ਵਾਲਾ ਹੋਵੇ, ਜਦੋਂ ਵੱਡਾ ਪ੍ਰਲੋਭਨ ਸਾਹਮਣੇ ਹੋਵੇ ਤਾਂ ਵੀ ਪ੍ਰਮਾਤਮੀ ਜੋਤ ਦੀ ਜਾਣਕਾਰੀ ਪੂਰੀ ਬਣੀ ਰਹਿਣੀ ਚਾਹੀਦੀ ਹੈ ਤਾਂ ਹੀ ਜਪ ਸਿਮਰਨ ਵਿਚ ਵੀ ਗਿਆਨ ਜੋਤਿ ਪ੍ਰਚੰਡ ਹੋਣ ਦਾ ਰਸਤਾ ਖੁੱਲ੍ਹੇਗਾ—ਤਾਂ ਹੀ ਜਪ ਸਿਮਰਨ ਦੀ ਖੇਤੀ ਹਰੀ-ਭਰੀ ਹੋ ਸਕੇਗੀ, ਨਹੀਂ ਤਾਂ ਕਾਮ, ਕ੍ਰੋਧ ਦੀ ਨ੍ਹੇਰੀ ਨੇ ਸਾਰੀ ਖੇਤੀ ਤਬਾਹ ਕਰ ਦੇਣੀ ਹੈ। ਜਿਵੇਂ ਇਕ ਹਾਰਿਆ ਰਾਜਾ, ਜਿਹੜਾ ਹਰ ਪਾਸੇ ਦੁਸ਼ਮਣਾਂ ਨਾਲ ਘਿਰਿਆ ਹੋਵੇ ਪਰ ਜ਼ੋਰਾਂ ਨਾਲ ਹੋਕਾ ਦਿੰਦਾ ਰਹੇ—''ਮੈਂ ਰਾਜਾ ਹਾਂ, ਮੈਂ ਰਾਜਾ ਹਾਂ।'' ਤਾਂ ਕੀ ਉਹ ਇਸ ਤਰ੍ਹਾਂ ਰਾਜਗੱਦੀ ਪ੍ਰਾਪਤ ਕਰਕੇ, ਰਾਜ ''ਤੇ ਸ਼ਾਸਨ ਕਰਨ ਦੀ ਸਮਰੱਥਾ ਪ੍ਰਾਪਤ ਕਰ ਲਵੇਗਾ। ਕੀ ਸੈਨਾ ਇਕੱਠੀ ਕਰਕੇ ਦੁਸ਼ਮਣਾਂ ਨਾਲ ਯੁੱਧ ਕਰਕੇ, ਜਿੱਤ ਪ੍ਰਾਪਤ ਕੀਤੇ ਬਿਨਾਂ ਹੀ ''ਮੈਂ ਰਾਜਾ ਹਾਂ'' ਇੰਝ ਜਾਪ ਕਰਨ ਨਾਲ ਹੀ ਰਾਜਾ ਬਣ ਸਕਦੈ? ਇਵੇਂ ਹੀ ਮੈਂ ਗੁਰੂ ਦਾ ਸਿੱਖ ਹਾਂ, ''ਮਨ ਤੂ ਜੋਤਿ ਸਰੂਪ ਹੈ, ਤੋਹੀ ਮੋਹੀ ਅੰਤਰ ਕੈਸਾ'' ਇਸ ਤਰ੍ਹਾਂ ਦੇ ਗੁਰੂ ਵਾਕਾਂ ਦਾ ਪਾਠ ਕਰਦੇ ਰਹਿਣ ਨਾਲ ਪਰ ਕਾਮ, ਕ੍ਰੋਧ, ਲੋਭ ਦੁਸ਼ਮਣਾਂ ਨਾਲ ਘਿਰੇ ਰਹਿੰਦੇ ਹੋਏ ਵੀ ਕੀ ਕਿਸੇ ਦੇ ਅੰਦਰ ਗਿਆਨ ਪ੍ਰਚੰਡ ਹੋ ਸਕਦੈ?
ਜਿਵੇਂ ਲੱਕੜੀ ''ਚ ਅੱਗ ਹੈ, ਇਹ ਜਾਨਣ ਨਾਲ ਹੀ ਲੱਕੜੀ ਦੀ ਅੱਗ ਪ੍ਰਚੰਡ ਨਹੀਂ ਹੋ ਜਾਂਦੀ। ਜਾਨਣਾ ਹੀ ਕਾਫੀ ਨਹੀਂ ਹੈ—''ਲੱਕੜੀ ''ਚ ਅੱਗ—ਗਿਆਨ ਖੰਡ ''ਚ ਅਨੇਕਾਂ ਦੈਵੀ ਸ਼ਕਤੀਆਂ ਹਨ''—ਇਹ ਰਟਦੇ ਰਹਿਣਾ, ਅੱਗ ਪ੍ਰਚੰਡ ਕਰਨ ਦਾ ਸਾਧਨ ਨਹੀਂ, ਸਗੋਂ ਲੱਕੜੀ ਨਾਲ ਅੱਗ ਰੂਪੀ ਚਿੰਗਾਰੀ ਦਾ ਮੇਲ ਹੋਣ ਨਾਲ ਅੱਗ ਪ੍ਰਚੰਡ ਹੋਵੇਗੀ।