ਵਿਆਖਿਆ ਸ੍ਰੀ ਜਪੁ ਜੀ ਸਾਹਿਬ

4/17/2017 6:02:49 AM

ਧਿਆਨ ਰਹੇ ਗਿਆਨ ਖੰਡ ਅਤੇ ਧਰਮ ਖੰਡ ਦੀਆਂ ਸਾਧਨਾਵਾਂ ਦੋ ਪੈਰਾਂ, ਦੋ ਹੱਥ ਜਾਂ ਦੋ ਅੱਖਾਂ ਤੇ ਦੋ ਨਾਸਾਂ ਛਿੱਦਰਾਂ ਦੀ ਗਤੀ ਵਾਂਗ—ਨਾਲੋ-ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਧਰਮ-ਕਰਮ ਹੀ ਕਰਕੇ ਗਿਆਨ ਸਾਧਨਾ ਨਾ ਕਰਨਾ ਜਾਂ ਗਿਆਨ ਸਾਧਨਾ ਹੀ ਕਰਦੇ ਰਹਿਣਾ ਪਰ ਧਰਮ ਸਾਧਨਾ ਨਾ ਕਰਨਾ—ਇਸ ਤਰ੍ਹਾਂ ਕਦੇ ਵੀ ਸਫਲਤਾ ਨਹੀਂ ਮਿਲਦੀ। ਦੂਜਿਆਂ ਨਾਲ ਵਿਵਹਾਰ ਕਰਦਿਆਂ ਧਰਮ ਖੰਡ ਦੀ ਸਾਧਨਾ ਅਤੇ ਆਪਣੇ ਸਰੀਰ ਅੰਦਰ ਗਤੀ ਕਰਦਿਆਂ, ਗਿਆਨ ਖੰਡ ਦੀ ਸਾਧਨਾ—ਇਸ ਤਰ੍ਹਾਂ ਦੋਵੇਂ ਸਾਧਨਾਵਾਂ ਨਾਲੋ-ਨਾਲ ਚੱਲਣੀਆਂ ਚਾਹੀਦੀਆਂ ਹਨ।
ਗਿਆਨ ਖੰਡ ਦੀ ਸਾਧਨਾ—ਜਪ, ਤਪ, ਸਿਮਰਨ, ਕੀਰਤਨ, ਧਿਆਨ, ਆਤਮ ਚਿੰਤਨ ਆਦਿ ਹਨ, ਇਨ੍ਹਾਂ ਦੀ ਚਰਚਾ ਕਰਨ ਦੀ ਇਥੇ ਲੋੜ ਨਹੀਂ ਹੈ ਕਿਉਂਕਿ ਜਪੁਜੀ ਸਾਹਿਬ ਵਿਚ ਪਹਿਲਾਂ ਹੀ ਇਸ ਬਾਰੇ ਬਹੁਤ ਕੁਝ ਦੱਸਿਆ ਜਾ ਚੁੱਕਿਆ ਹੈ ਪਰ ਫਿਰ ਵੀ ਗਿਆਨ ਕੀ ਹੈ—ਦੀ ਕਸਵੱਟੀ ਹੈ ਗਿਆਨ ਦੀ, ਕਿਵੇਂ ਮੰਨਿਆ ਜਾਵੇਗਾ ਕਿ ਗਿਆਨ ਪ੍ਰਚੰਡ ਹੋ ਗਿਆ, ਇਹ ਜਾਣਨਾ ਇਕ ਸਰਲ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ।
ਗਿਆਨ ਕੀ ਹੈ? ਆਮ ਤੌਰ ''ਤੇ ਗਿਆਨ ਦਾ ਅਰਥ ''ਜਾਣਕਾਰੀ'' ਲਗਾਇਆ ਜਾਂਦੈ। ਜਿਵੇਂ ਕੋਈ ਆ ਕੇ ਪੁੱਛਦੈ—ਇਸ ਸ਼ਲੋਕ ਦਾ, ਪਉੜੀ ਦਾ ਕੀ ਅਰਥ ਹੈ—ਤਾਂ ਦੂਸਰਾ ਵਿਅਕਤੀ ਉਸਨੂੰ ਬੋਲ ਕੇ, ਲਿਖ ਕੇ, ਵਿਆਖਿਆ ਕਰਕੇ ਸਮਝਾ ਦਿੰਦੈ। ਜੇ ਪੁੱਛਣ ਵਾਲਾ ਇਹ ਸਮਝੇ ਕਿ ਹੁਣ ਮੈਨੂੰ ਇਸ ਸ਼ਲੋਕ ਦੇ ਅਰਥਾਂ ਦਾ ਗਿਆਨ ਹੋ ਗਿਆ—ਤਾਂ ਉਸਦੀ ਇਹ ਧਾਰਨਾ ਬਿਲਕੁਲ ਅਧੂਰੀ ਹੈ—ਹੋ ਸਕਦੈ ਧੋਖਾ ਦੇਣ ਵਾਲੀ ਵੀ ਹੋਵੇ। ਇਕ ਯਾਤਰੂ ਪੁੱਛਦਾ ਹੈ—ਮੈਂ ਬੇਗਮਪੁਰੇ ਜਾਣਾ ਹੈ—ਮੈਨੂੰ ਦੱਸੋ, ਮੈਂ ਕਿਵੇਂ ਉਥੇ ਜਾਊਂਗਾ। ਬੇਗਮਪੁਰੇ ਦਾ ਜਾਣੂ ਵਿਅਕਤੀ ਉਸਨੂੰ ਦੱਸਦੈ—ਬੇਗਮਪੁਰਾ ਬਹੁਤ ਹੀ ਅਦਭੁੱਤ ਦੇਸ਼ ਹੈ। ਜੇ ਤੁਸੀਂ ਉਥੇ ਜਾਣਾ ਚਾਹੁੰਦੇ ਹੋ ਤਾਂ ਉਸ ਦਾ ਇਹ ਨਕਸ਼ਾ ਐ—ਬਹੁਤ ਮੋੜ-ਘੋੜ ਹਨ ਪਰ ਨਕਸ਼ੇ ਅਨੁਸਾਰ ਚੱਲਦੇ ਜਾਓ—ਤੁਸੀਂ ਪਹੁੰਚ ਜਾਓਗੇ। ਉਹ ਜਾਣੂ ਵਿਅਕਤੀ ਨਕਸ਼ਾ ਪੜ੍ਹਨਾ ਵੀ ਦੱਸ ਦੇਵੇ—ਨਕਸ਼ਾ ਹੱਥ ਵਿਚ ਵੀ ਫੜਾ ਦੇਵੇ ਪਰ ਕੀ ਨਕਸ਼ਾ ਫੜਨ ''ਤੇ ਅਤੇ ਪੜ੍ਹਦੇ ਰਹਿਣ ਨਾਲ ਹੀ ਉਹ ਬੇਗਮਪੁਰੇ ਪਹੁੰਚ ਜਾਊਗਾ ਜਾਂ ਬੇਗਮਪੁਰੇ ਦੇ ਰਸਤੇ ਤੋਂ ਜਾਣੂ ਹੋ ਜਾਊਗਾ? ਨਕਸ਼ੇ ਦੀ ਜਾਣਕਾਰੀ ਹੀ ਬੇਗਮਪੁਰੇ ਪੁੱਜ ਜਾਣਾ ਨਹੀਂ ਹੈ। ਇਕ ਕਿਸਾਨ ਖੇਤੀ ਕਰਨਾ ਚਾਹੁੰਦੈ। ਰੇਗਿਸਤਾਨੀ ਬੰਜਰ ਜ਼ਮੀਨ ਦੇ ਇਕ ਖੰਡ ਵਿਚ ਉਸਨੂੰ ਦੱਸਿਆ ਜਾਂਦੈ ਕਿ ਇਥੇ ਧਰਤੀ ਅੰਦਰ ਪਾਣੀ ਐ। ਤੂੰ ਇਥੇ ਖੇਤੀ ਕਰੇਂਗਾ ਤਾਂ ਸਫਲ ਹੋ ਜਾਏਂਗਾ।