ਵਿਆਖਿਆ ਸ੍ਰੀ ਜਪੁ ਜੀ ਸਾਹਿਬ

4/10/2017 7:12:43 AM

ਜਿਨ੍ਹਾਂ ਸੁਰਾਂ ਵਿਚ, ਜਿਨ੍ਹਾਂ ਛੰਦਾਂ (ਤਾਲ) ਵਿਚ ਇਕ ਰਿਸ਼ੀ ਨੇ ਸਮਾਧੀ ਵਿਚ ਸੁਰਤੀ ਨੂੰ ਸੁਣਿਆ ਤੇ ਦੇਖਿਆ ਸੀ—ਬਿਲਕੁਲ ਉਸੇ ਤਰ੍ਹਾਂ ਮੂੰਹ ਰਾਹੀਂ ਇਸਨੂੰ ਗਾਇਆ ਜਾਣਾ ਚਾਹੀਦਾ ਹੈ ਅਤੇ ਇਸਦੇ ਦੇਵਤਾ (ਸ਼ਕਤੀ ਸਰੂਪ) ਦੀ ਧਾਰਨਾ ਕਰਨੀ ਚਾਹੀਦੀ ਹੈ (ਮਨ ਰਾਹੀਂ ਦੇਖਦੇ ਰਹਿਣਾ ਚਾਹੀਦੈ।)
ਸੁਰਤੀ ਦੇ ਹਰ ਇਕ ਅੱਖਰ ਦਾ ਇਕ ਨਿਸ਼ਚਿਤ ਸੁਰ (ਉੱਚਾ, ਨੀਵਾਂ, ਮੱਧਮ ਤੇ ਵਿਚਕਾਰ ਵਾਲਾ) ਹੁੰਦਾ ਹੈ। ਉਸੇ ਸੁਰ ਵਿਚ ਉਸ ਅੱਖਰ ਨੂੰ ਗਾਉਣ ਦਾ ਵਿਧਾਨ ਹੈ। ਸੁਰਤੀ ਦੇ ਕਿਸੇ ਇਕ ਵੀ ਅੱਖਰ ਦਾ ਮਨਮਰਜ਼ੀ ਨਾਲ ਨਿਰਧਾਰਿਤ ਕੀਤਾ ਸੁਰ—ਸੁਰਤੀ ਦਾ ਸਰੂਪ ਵਿਗਾੜ ਦਿੰਦੈ।
ਇਸ ਤਰ੍ਹਾਂ ਨਿਸ਼ਚਿਤ ਸੁਰ, ਤਾਲ, ਦੇਵਤਾ ਤੇ ਸਾਖਿਆਤਕਾਰ ਕਰਨ ਵਾਲੇ ਰਿਸ਼ੀ ਦੇ ਦੱਸੇ ਅਨੁਸਾਰ ਸੁਰਤੀ ਦਾ (ਵੇਦ ਮੰਤਰਾਂ) ਗਾਇਨ ਕੀਤਾ ਜਾਵੇ ਤਾਂ ਈਸ਼ਵਰੀ ਸ਼ਕਤੀ, ਉਸ ਸੁਰਤੀ ਵਿਚ ਪ੍ਰਗਟ ਹੋ ਕੇ, ਸਿੱਖ ਨੂੰ ਸਮਾਧੀ ਮੰਡਲ ਵਿਚ ਲੈ ਜਾਂਦੀ ਹੈ। ਉਸਦੀ ਚੇਤਨਾ ਦਾ ਪ੍ਰਕਾਸ਼ ਗਿਆਨ ਖੰਡ ਤੋਂ ਹੋਰ ਉਪਰ ਉੱਠ ਕੇ ਸਰਮ ਖੰਡ ਤੇ ਕਰਮ ਖੰਡ ਵੱਲ ਗਤੀ ਕਰਨ ਲੱਗ ਪੈਂਦਾ ਹੈ।
ਗੁਰੂ ਸਾਹਿਬ ਦੱਸਦੇ ਹਨ ਕਿ ਇਸ ਤਰ੍ਹਾਂ ਸੁਰਤੀਆਂ ਦਾ ਸੇਵਨ ਕਰਨ ਵਾਲੇ ਵੀ ਬੇਅੰਤ ਹਨ ਤੇ ਈਸ਼ਵਰੀ ਗਿਆਨ ਰੂਪੀ ਸੁਰਤੀਆਂ (ਵੇਦ ਬਾਣੀਆਂ ਵੀ ਬੇਅੰਤ ਹਨ) ਵੇਦ ਦੇ ਐਨੇ ਹੀ (ਇਕ ਲੱਖ ਹੀ) ਮੰਤਰ ਹਨ, ਇਹ ਨਹੀਂ ਕਿਹਾ ਜਾ ਸਕਦਾ 35
ਇਸ ਤਰ੍ਹਾਂ ਇਹ ਪੈਂਤੀਵੀਂ ਪਉੜੀ ਸਮਾਪਤ ਹੋਈ। ਅਗਲੀ ਪਉੜੀ ਦੇ ਸ਼ੁਰੂ ਵਿਚ ਵੀ ਗਿਆਨ ਖੰਡ ਦੀ ਹੀ ਚਰਚਾ ਅਜੇ ਗੁਰੂ ਸਾਹਿਬ ਕਰ ਰਹੇ ਹਨ।
ਗਿਆਨ ਖੰਡ ਮਹਿ ਗਿਆਨੁ ਪਰਚੰਡ : ਧਰਮ ਖੰਡ ਵਿਚ, ਸਥੂਲ ਸਰੀਰ ਦੇ ਇੰਦਰੀਆਂ ਦੀਆਂ ਬਾਹਰਮੁਖੀ ਕਿਰਿਆਵਾਂ ਨਾਲ, ਮਾਤਿ ਲੋਕ ਵਿਚ ਵਿਚਰਦਿਆਂ ਸਭ ਨਾਲ ''ਧਰਮ'' ਦਾ ਦਇਆ-ਸੰਤੋਖ ਦਾ ਵਿਵਹਾਰ ਕੀਤਾ ਜਾਣਾ ਚਾਹੀਦੈ। ਇਸ ਨਾਲ ਸਿੱਖ ਦੀ ਸੁਰਤਿ ਗਿਆਨ ਖੰਡ ਵਿਚ ਪ੍ਰਵੇਸ਼ ਕਰਦੀ ਹੈ।
ਗਿਆਨ ਖੰਡ ਵਿਚ ਗਿਆਨ ਨੂੰ ਹੀ ਪ੍ਰਚੰਡ ਕਰਨ ਦੀ ਸਾਧਨਾ ਕਰਦੇ ਰਹਿਣ ਨਾਲ, ਇੰਦਰੀ ਛਿੱਦਰਾਂ ਤੋਂ—ਸੁਖਮਨਾ ਅਤੇ ਫਿਰ ਤ੍ਰਿਕੁਟੀ (ਆਗਿਆ ਚੱਕਰ) ਤਕ ਫੈਲੇ ਹੋਏ ਗਿਆਨ ਖੰਡ ਵਿਚ ਸੁਰਤਿ ਛਾਲਾਂ ਮਾਰਦੀ ਗਤੀ ਕਰਦੀ ਹੋਈ—ਦਸਮ ਦੁਆਰ ਤੋਂ ਪਾਰ ਚਲੀ ਜਾਂਦੀ ਹੈ।