ਵਿਆਖਿਆ ਸ੍ਰੀ ਜਪੁ ਜੀ ਸਾਹਿਬ

3/27/2017 7:27:19 AM

ਕੀ ਅਕਾਲ ਪੁਰਖ ਦੀ ਵੀ ਕੋਈ ਬਾਣੀ ਹੈ? ਨਿਰਸੰਦੇਹ ਉਹ ਵੀ ਹੈ, ਜੇ ਉਹ ਨਾ ਹੋਵੇ ਤਾਂ ਉਸਦੇ ਹੁਕਮ ਦਾ ਪ੍ਰਕਾਸ਼—ਸਭ ਜਗਤ ਵਿਚ ਕਿਵੇਂ ਹੋਵੇਗਾ ਪਰ ਇਸ ਬਾਣੀ ਨੂੰ ਕੋਈ ਵਿਰਲਾ ਅੰਤਰਮੁਖੀ ਗਿਆਨੀ ਪੂਰਨ ਸਮਾਧੀ ਵਿਚ ਹੀ ਸੁਣ ਸਕਦਾ ਹੈ। ਦਸਮ ਦੁਆਰ ਤੋਂ ਵੀ ਬਹੁਤ ਪਾਰ ਤੋਂ ਆ ਰਹੀ—ਇਹ ਈਸ਼ਵਰੀ ਬਾਣੀ ਹੈ, ਇਸਨੂੰ ਪੁਰਾਣੇ ਰਿਸ਼ੀਆਂ ਨੇ ''ਸੁਰਤੀ'' ਜਾਂ ਵੇਦ ਬਾਣੀ ਕਹਿ ਕੇ ਵਰਣਨ ਕੀਤੈ। ਸਿੱਧੀ-ਸਾਦੀ ਭਾਸ਼ਾ ਵਿਚ ਇਸ ਨੂੰ ਧੁਰ ਕੀ ਬਾਣੀ ਕਿਹਾ ਗਿਆ ਹੈ। ਅਕਾਲ ਪੁਰਖ ਨਾਲ ਇਕਮਿਕ ਹੋਏ ਮਹਾਪੁਰਖ ਹੀ ਇਸ ਅਲੌਕਿਕ ਬਾਣੀ ਨੂੰ ਸੁਣ ਸਕਦੇ ਹਨ।
ਕੇਤੇ ਪਾਤ ਨਰਿੰਦ : ਦਰੱਖਤ, ਪਸ਼ੂ-ਪੰਛੀ, ਇਸਤਰੀ, ਪੁਰਖ, ਦੇਵਤੇ, ਦੇਵੀਆਂ, ਦਾਨਵ, ਰਿਸ਼ੀ-ਮੁਨੀ—ਇਸ ਤਰ੍ਹਾਂ ਜਿੰਨੇ ਵੀ ਸ੍ਰਿਸ਼ਟੀ ਪ੍ਰਾਣੀਆਂ ਦੇ ਸਮੂਹ ਹਨ, ਉਨ੍ਹਾਂ ''ਚੋਂ ਕੋਈ ਨਾ ਕੋਈ ਇਕ, ਸਭ ਤੋਂ ਵੱਧ ਕੇ ਸਭ ਦਾ ਸਿਰਮੌਰ ਹੁੰਦੈ। ਜਿਵੇਂ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਇਵੇਂ ਪ੍ਰਾਣੀ ਬਰਾਬਰ ਨਹੀਂ ਹੁੰਦੇ।
ਵਿਦਵਾਨਾਂ ''ਚ, ਸੂਰਬੀਰਾਂ ''ਚ, ਕਲਾਕਾਰਾਂ ''ਚ, ਡਾਕਟਰਾਂ ''ਚ, ਇੰਜੀਨੀਅਰਾਂ ''ਚ, ਪੈਸੇ ਵਾਲਿਆਂ ''ਚ—ਕੋਈ ਨਾ ਕੋਈ ਇਕ ਸਭ ਤੋਂ ਵੱਧ ਕੇ ਹੋ ਜਾਂਦੈ। ਜਿਹੜਾ ਜਿਥੇ ਸਭ ਤੋਂ ਵੱਧ ਕੇ ਹੈ—ਉਹ ਉਸ ਖੇਤਰ ਦਾ ਪਾਤਸ਼ਾਹ ਰਾਜਾ ਹੈ। ਭਾਵੇਂਕਿ ਸਭ ਵਿਚ ਇਕੋ ਪ੍ਰਮਾਤਮੀ ਜੋਤਿ ਹੈ ਪਰ ਜਿਥੇ ਇਸ ਜੋਤਿ ਦਾ ਪ੍ਰਕਾਸ਼ ਸਭ ਤੋਂ ਜ਼ਿਆਦਾ ਹੈ, ਉਹ ਆਪਣੇ ਖੇਤਰ ਦਾ ਸ਼ਿਰੋਮਣੀ ਬਣ ਜਾਂਦਾ ਹੈ।
ਵਡਿਆਈ ਇਥੇ ਉਸ ਪ੍ਰਾਣੀ ਦੀ ਨਹੀਂ, ਜਿਹੜਾ ਆਪਣੇ ਖੇਤਰ ਦਾ ਰਾਜਾ ਬਣ ਗਿਆ, ਵਡਿਆਈ ਤਾਂ ਉਸ ਪ੍ਰਮਾਤਮੀ ਜੋਤਿ ਦੀ ਹੈ, ਉਸਦੇ ਗਿਆਨ ਰੂਪੀ ਪ੍ਰਕਾਸ਼ ਦੀ ਹੈ, ਜਿਹੜਾ ਕਿਸੇ ਪ੍ਰਾਣੀ ''ਚ, ਦੇਵ-ਦਾਨਵ ''ਚ, ਪਸ਼ੂ-ਪੰਛੀ ''ਚ, ਧਨਵਾਨ-ਵਿਦਵਾਨ ''ਚ ਪ੍ਰਕਾਸ਼ਿਤ ਹੋ ਰਿਹੈ।
ਜੇ ਇਹ ਗਿਆਨ ਰੂਪੀ ਪ੍ਰਕਾਸ਼ ਕਿਸੇ ਦੇਵ, ਦਾਨਵ ਆਦਿ ਪ੍ਰਾਣੀ ਦੇ ਵਿਅਕਤੀਤਵ ਵਿਚ ਹੀ ਪ੍ਰਗਟ ਹੋ ਕੇ ਉਸਨੂੰ ਰਾਜਾ ਵੀ ਬਣਾ ਦਿੰਦੈ ਪਰ ਇਹ ਸਦਾ ਅਧੂਰਾ ਹੀ ਰਹੇਗਾ। ਜਦ ਤਕ ਵਿਅਕਤੀਤਵ ਦੀ ਹੱਦਬੰਦੀ ਦੇ ਆਰ-ਪਾਰ ਵੀ ਇਸ ਗਿਆਨ ਜੋਤਿ ਦਾ ਚਾਨਣਾ ਨਹੀਂ ਫੈਲਦਾ, ਉਦੋਂ ਤਕ ਉਸ ਨੂੰ ਪ੍ਰਮਾਤਮੀ ਜੋਤਿ ਨਾਲ ਇਕਮਿਕ ਹੋਣ ਦਾ ਰਸਤਾ ਨਹੀਂ ਮਿਲ ਸਕੇਗਾ।