ਵਿਆਖਿਆ ਸ੍ਰੀ ਜਪੁ ਜੀ ਸਾਹਿਬ

12/11/2017 7:40:15 AM

ਇਵੇਂ ਹੀ ਅਕਾਲ ਪੁਰਖ ਕਦੇ ਆਪਣੇ ਨਿਰੰਕਾਰੀ ਸਰੂਪ ਵਿਚ ਸਥਿਤ ਹੋਵੇ ਤੇ ਕਦੇ ਆਪਣੇ ਆਪ ਨੂੰ ਅਨੇਕ ਨਾਮ ਰੂਪਾਂ ਵਿਚ ਪ੍ਰਗਟ ਕਰ ਰਿਹਾ ਹੋਵੇ। ਇਕ ਜੜ੍ਹ ਪਦਾਰਥ (ਮੇਜ਼, ਕੁਰਸੀ) ਆਦਿ ਆਪਣੇ ਆਪ ਕੋਈ ਕਿਰਿਆ ਤੇ ਗਤੀ ਨਹੀਂ ਕਰ ਸਕਦੇ। ਕੋਈ ਦੂਜਾ ਚੇਤਨ ਵਿਅਕਤੀ ਹੀ—ਜਿਸ ਵਿਚ ਕੋਈ ਸ਼ਕਤੀ ਹੈ, ਇਨ੍ਹਾਂ ਜੜ੍ਹ ਪਦਾਰਥਾਂ ਨੂੰ ਗਤੀ ਦਿੰਦੈ। ਅਕਾਲ ਪੁਰਖ ਤਾਂ ਖੁਦ ਸਾਰੀ ਚੇਤਨਾ ਦਾ ਸਰੋਤ ਹੈ, ਖੁਦ ਹੀ ਸ਼ਕਤੀ ਸਰੂਪ ਹੈ। ਇਹ ਸ਼ਕਤੀ (ਜਿਸ ਨੂੰ ੴ, ਭਗੌਤੀ, ਮਾਈ ਆਦਿ ਅਨੇਕਾ ਨਾਵਾਂ ਨਾਲ ਪੁਕਾਰਿਆ ਗਿਐ) ਜਿਹੜੀ ਅਕਾਲ ਪੁਰਖ ਤੋਂ ਵੱਖ ਨਹੀਂ ਹੈ— ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ।
ਇਸ ਸ਼ਕਤੀ ਨੂੰ ਲੈ ਕੇ ਹੀ ਨਿਰੰਕਾਰ ਕਰਤਾ ਪੁਰਖ ਹੈ ਅਤੇ ਨਿਰੰਕਾਰ ਨੂੰ ਲੈ ਕੇ ਹੀ ਸ਼ਕਤੀ ਦੀ ਸੱਤਾ ਹੈ। ਅਸੀਂ ਫਿਰ ਸਪੱਸ਼ਟ ਕਰ ਦਈਏ ਕਿ—ਤ੍ਰੈਗੁਣ ਮਾਈ ਮਾਇਆ ਇਸ ਪ੍ਰਮੇਸ਼ਵਰੀ ਸ਼ਕਤੀ ਦੀ ਹੀ ਛਾਇਆ ਹੈ, ਜਿਹੜੀ ਜੀਵਾਂ ਨੂੰ ਮੋਹਿਤ ਕਰਦੀ ਹੈ, ਪ੍ਰਮੇਸ਼ਵਰੀ ਸਰੂਪ ਤੇ ਅਗਿਆਨ ਦਾ ਪਰਦਾ ਪਾਉਂਦੀ ਹੈ। ਹਾਂ, ਕਿਤੇ ਮਾਇਆ ਨੂੰ ਵੀ ਪ੍ਰੇਮਸ਼ਵਰੀ ਸ਼ਕਤੀ ਦਾ ਨਾਮ ਦਿੱਤਾ ਗਿਐ ਕਿਉਂਕਿ ਦਰਅਸਲ ਉਹ ਹੈ ਤਾਂ ਭਗੌਤੀ ਦਾ ਹੀ ਇਕ ਰੂਪ।
ਉਸ ਦੀ ਇਹ ਸਾਰੀ ਸ੍ਰਿਸ਼ਟੀ—ਉਸਦੀ ਦ੍ਰਿਸ਼ਟੀ ਦੇ ਅੰਦਰ ਵੀ ਹੈ। ਦ੍ਰਿਸ਼ਟੀ ਵਿਚ ਹੀ ਸ੍ਰਿਸ਼ਟੀ ਹੈ, ਆਮ ਤੌਰ 'ਤੇ ਦੇਖਣ ਵਾਲਾ ਅਤੇ ਦਿਖਣ ਵਾਲੀ ਵਸਤੂ ਵੱਖ-ਵੱਖ ਮੰਨੀ ਜਾਂਦੀ ਹੈ। ਭਾਵੇਂ ਕਿ ਅੱਜਕਲ ਵਿਗਿਆਨੀ (Quantum Physics) ਵੀ ਸਮਝ ਰਹੇ ਹਨ ਕਿ ਦੇਖਣ ਵਾਲੇ (Subject) ਅਤੇ ਦਿਖਣ ਵਾਲੇ (Object) ਵਿਚ ਪਰਸਪਰ ਇਕ ਸੰਬੰਧ ਰਹਿੰਦੈ ਤੇ ਦੋਵੇਂ ਇਕ-ਦੂਜੇ ਤੋਂ ਪ੍ਰਭਾਵਿਤ ਵੀ ਹੁੰਦੇ ਹਨ। ਭੌਤਿਕ ਵਿਗਿਆਨ ਵਿਚ ਇਹ ਗੱਲ ਸਹੀ ਵੀ ਹੋ ਸਕਦੀ ਐ ਕਿਉਂਕਿ ਇਨ੍ਹਾਂ ਦੀ ਉਤਪਤੀ ਇਕ ਤੀਜੇ ਚੇਤਨ ਤੱਤ ਤੋਂ ਹੁੰਦੀ ਹੈ।