ਵਿਆਖਿਆ ਸ੍ਰੀ ਜਪੁ ਜੀ ਸਾਹਿਬ

9/4/2017 6:08:05 AM

ਇੰਦ, ਸੂਰਜ ਆਦਿ ਦੇਵਤੇ ਤਾਂ ਸ੍ਰਿਸ਼ਟੀ ਅਧਿਕਾਰੀ ਪੁਰਖ ਹਨ ਜਿਹੜੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਰਚਨਾ ਕਾਰਜ ਚਲਾਉਂਦੇ ਹਨ ਪਰ ਸਰਮ ਖੰਡ ਵਿਚ ਉਨ੍ਹਾਂ ਸਿੱਧਾਂ ਦਾ ਵਰਨਣ ਹੈ ਜਿਹੜੇ ਗੁਰਮੁਖੀ ਸਾਧਨਾਵਾਂ ਕਰਦੇ ਹੋਏ, ਇਕ ਤਰ੍ਹਾਂ ਨਾਲ ਇੰਦ ਆਦਿ ਦੇਵਤਿਆਂ ਤੋਂ ਵੀ ਉੱਤਮ ਪਦ (ਕਰਮ ਖੰਡ ਦਾ ਵਾਸ) ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੂੰ ਸਿੱਧ ਇਸ ਵਾਸਤੇ ਕਿਹਾ ਜਾ ਰਿਹੈ ਕਿਉਂਕਿ ਉਨ੍ਹਾਂ ਭਜਨ, ਸਿਮਰਨ ਆਦਿ ਸਾਧਨਾਵਾਂ ਵਿਚ ਪੂਰਨਤਾ ਪ੍ਰਾਪਤ ਕੀਤੀ ਹੈ। ਉਹ ਸਾਧਨਾ ਪੱਥ ਦੇ ਸਿੱਧ ਹਨ। ਉਨ੍ਹਾਂ ਨੂੰ ਦੇਵਤੇ ਇਸ ਕਰਕੇ ਕਿਹਾ ਜਾ ਰਿਹੈ ਕਿਉਂਕਿ ਉਹ ਹੁਣ ਮਨੁੱਖੀ ਸਰੀਰਾਂ ਵਾਂਗ ਜੰਮਣ-ਮਰਨ ਦੇ ਚੱਕਰ ਵਿਚ ਨਹੀਂ ਹਨ। ਰੋਗ, ਸ਼ੋਕ, ਮੋਹ, ਮ੍ਰਿਤੂ ਤੋਂ ਮੁਕਤ ਹਨ। ਸਰਮ ਖੰਡ ਵਿਚ ਜਿਸ ਸੁਰਤਿ, ਮਤਿ, ਮਨਿ, ਬੁਧਿ ਨੂੰ ਘੜਿਆ ਜਾਂਦੈ, ਉਸ ਦੀ ਪੂਰੀ ਧਾਰਨਾ ਕਰਨੀ ਤਾਂ ਬਹੁਤ ਔਖੀ ਹੈ ਪਰ ਫਿਰ ਵੀ ਐਨਾ ਤਾਂ ਕਿਹਾ ਹੀ ਜਾ ਸਕਦੈ ਕਿ ਉਹ ਧਰਮ ਖੰਡ ਦੇ ਵਾਸੀ ਮਨੁੱਖਾਂ ਦੇ ਮਨ ਬੁੱਧ ਵਾਲੀ ਬਿਲਕੁੱਲ ਵੀ ਨਹੀਂ।
ਆਮ ਪ੍ਰਾਣੀ ਦਾ ਮਨ ਦਸ ਇੰਦਰੀਆਂ ਦੇ ਰਾਹੀਂ-ਖੰਡ ਖੰਡ ਹੋਇਆ ਬੇਅੰਤ ਵਿਸ਼ਿਆਂ ਪਦਾਰਥਾਂ 'ਚ ਉਲਝ ਕੇ ਕਿੰਨਾ ਕੁ ਚੰਚਲ, ਬਾਹਰਮੁਖੀ ਤੇ ਸ਼ਕਤੀਹੀਣ ਹੋ ਜਾਂਦੈ, ਇਹ ਧਾਰਨਾ ਕਰਦੇ ਹੋਏ ਇਹ ਕਲਪਨਾ ਕਰੋ ਕਿ (1) ਬੇਅੰਤ ਵਿਸ਼ਿਆਂ ਪਦਾਰਥਾਂ ਦੇ ਚਿੰਤਨ ਦੀ ਗੁਲਾਮੀ ਤੋਂ ਮੁਕਤ ਹੋ ਕੇ (2) ਫਿਰ ਦਸਾਂ ਇੰਦਰੀਆਂ ਦੇ ਬਿਖਰਾਅ ਨੂੰ ਸਮੇਟ ਕੇ ਇਕ ਅੰਤਰਮੁਖੀ ਚਿੰਤਨ ਧਾਰਾ ਦਾ ਰੂਪ ਦੇ ਦਿੱਤਾ ਜਾਵੇ, ਫਿਰ ਉਸ ਤੋਂ ਵੀ ਵਧ ਕੇ (3) ਇਸ ਚਿੰਤਨ ਧਾਰਾ ਵਿਚ ਪ੍ਰਮਾਤਮੀ ਜੋਤਿ ਦਾ ਪੂਰਾ ਪ੍ਰਤੀਬਿੰਬ ਝਲਕਾਂ ਮਾਰ ਰਿਹਾ ਹੋਵੇ ਅਤੇ ਆਖਿਰ ਵਿਚ (4) ਇਹ ਸ਼ਕਤੀਸ਼ਾਲੀ ਚਿੰਤਨ ਧਾਰਾ ਪ੍ਰਮਾਤਮੀ ਆਦਿ ਸ਼ਕਤੀ ਸਰੋਤ ਨਾਲ ਜੁੜੀ ਹੋਈ ਵੀ ਹੋਵੇ ਤਾਂ ਉਹ ਚਿੰਤਨਧਾਰਾ ਇਹੋ ਜਿਹੇ ਵਿਲੱਖਣ ਰੂਪ ਵਿਚ ਪ੍ਰਗਟ ਹੁੰਦੀ ਹੈ, ਜਿਸ ਨੂੰ ਸਰਮ ਖੰਡ ਦੀ ਸੁਰਤਿ, ਮਤਿ, ਮਨਿ, ਬੁਧਿ ਦੇ ਨਾਵਾਂ ਨਾਲ ਪੁਕਾਰਿਆ ਜਾ ਰਿਹੈ।
'ਸਰਮ ਖੰਡ' ਦੇ ਵਾਸੀ ਵੀ ਤਿੰਨ ਤਰ੍ਹਾਂ ਦੇ ਹੋ ਸਕਦੇ ਹਨ।
(1) ਇਹ ਉਹ ਹਨ, ਜਿਹੜੇ ਮਨੁੱਖੀ ਪਿੰਡ 'ਚ ਰਹਿੰਦੇ ਹੋਏ ਹੀ 'ਸਰਮ ਖੰਡ' ਵਿਚ ਪ੍ਰਵੇਸ਼ ਕਰ ਗਏ। ਇਹ ਮਹਾਪੁਰਖ ਅਤਿ ਦੁਰਲੱਭ ਹਨ, ਇਹ ਮਹਾਗਿਆਨੀ ਹਨ, ਪ੍ਰਿਥਵੀ ਤੇ ਪ੍ਰਮਾਤਮੀ ਜੋਤਿ ਨੂੰ ਪ੍ਰਕਾਸ਼ਿਤ ਕਰਨ ਵਾਲੇ ਸਿੱਧ ਤੇ ਅਜਰ-ਅਮਰ ਦੇਵਤਿਆਂ ਵਾਂਗ ਹੀ ਹਨ।
(2) ਇਹ ਉਹ ਹਨ, ਜਿਹੜੇ ਸਰੀਰ ਛੱਡਣ ਵੇਲੇ-ਦਸਮ ਦੁਆਰ ਦਾ ਭੇਦਨ ਕਰ ਕੇ ਸਰੀਰ ਛੱਡਦੇ ਹਨ ਅਤੇ ਸਰਮ ਖੰਡ 'ਚ ਪ੍ਰਵੇਸ਼ ਕਰਦੇ ਹਨ। ਉਥੇ ਰਹਿ ਕੇ ਹੌਲੀ-ਹੌਲੀ (ਕਿਉਂਕਿ ਮਾਤ ਲੋਕ ਵਿਚ, ਮਨੁੱਖੀ ਸਰੀਰ ਵਿਚ ਰਹਿੰਦਿਆਂ ਜਿੰਨਾ ਵੇਗ ਸਾਧਨਾ ਵਿਚ ਪੈਦਾ ਕੀਤਾ ਜਾ ਸਕਦੈ-ਉਥੇ ਐਨਾ ਵੇਗ ਨਹੀਂ ਹੋ ਸਕਦਾ) ਸਹਿਜ ਕ੍ਰਮ ਨਾਲ ਸਾਧਨਾ ਕਰਦੇ ਹੋਏ, ਹੋਰ ਅੱਗੇ ਵਧਦੇ ਜਾਂਦੇ ਹਨ।