ਵਿਆਖਿਆ ਸ੍ਰੀ ਜਪੁ ਜੀ ਸਾਹਿਬ

8/14/2017 7:15:19 AM

ਸੂਰਜ ਸਰੋਵਰ ਅਰਥਾਤ ਸੂਰਜ ਦੇ ਮੰਡਲ ਨੂੰ ਸੂਰਜ ਰੂਪੀ ਕੇਂਦਰ 'ਚ ਹੀ ਲੀਨ ਕਰਕੇ ਸੁਖਮਨਾ ਪਥ  ਰਾਹੀਂ ਉਪਰ ਚੜ੍ਹਾਈ ਕਰਕੇ ਮਸਤਕ 'ਚ ਸਥਿਤ ਚੰਦਰ ਮੰਡਲ ਦਾ ਪੋਖਣ ਕਰਦੈ ਗੁਰਸਿੱਖ (ਇਹ ਗਿਆਨ ਖੰਡ ਦੀ ਸਾਧਨਾ ਹੈ) ਇਸ ਤਰ੍ਹਾਂ ਸੂਰਜ ਆਪਣੀਆਂ ਕਿਰਨਾਂ ਸਹਿਤ ਮਸਤਕ 'ਚ ਜਾ ਕੇ ਚੰਦਰ ਮੰਡਲ ਨਾਲ ਇਕਮਿਕ ਹੋ ਜਾਦੈ, ਇਹ ਹੀ ਸੋਮ ਸਰ (ਅੰਮ੍ਰਿਤ) ਦਾ ਪੋਖਣ ਹੈ। ਇਹ ਹੀ 'ਸਸਿ ਘਰ ਸੂਰੁ ਵਸੈ ਮਿਟੈ ਅੰਧਿਆਰਾ' (ਸਿਧ ਗੋਸਟਿ) ਚੰਦਰਮਾ ਦੇ ਪਾਰ ਸੂਰਜ ਦੇ ਪ੍ਰਵੇਸ਼ ਹੋਣ ਦੀ ਸਥਿਤੀ ਹੈ ਜਿਸ ਨਾਲ ਹਨੇਰਾ (ਅਗਿਆਨ) ਖਤਮ ਹੁੰਦੈ ਤੇ ਦਸਮ ਦੁਆਰਾ ਖੁੱਲ੍ਹ ਜਾਂਦੈ। ਦਸਮ ਦੁਆਰ ਦਾ ਖੁੱਲ੍ਹਣਾ ਹੀ 'ਸਰਮ ਖੰਡ' 'ਚ ਪ੍ਰਵੇਸ਼ ਹੋਣਾ ਵੀ ਹੈ।
ਦੁਨਿਆਵੀ ਜਨਮ ਮਰਨ ਦੇ ਚੱਕਰ 'ਚ ਸੂਰਜ ਅਤੇ ਚੰਨ ਵੱਖ-ਵੱਖ ਹਨ, ਇਹ ਚੱਕਰ ਉਦੋਂ ਖਤਮ ਹੋ ਜਾਂਦੈ, ਜਦੋਂ ਸੂਰਜ ਚੜ੍ਹਾਈ ਕਰਦਾ ਹੋਇਆ, ਚੰਦਰਮਾ ਨਾਲ ਇਕਮਿਕ ਹੋ ਕੇ ਉਸ ਨੂੰ ਆਪਣੇ ਆਪ 'ਚ ਲੀਨ ਹੀ ਕਰ ਲੈਂਦੈ।
ਇਸ ਤੋਂ ਅੱਗੇ ਗੁਰਮੁਖ ਸਿੱਖ ਦੀ ਅਲੌਕਿਕ ਯਾਤਰਾ (ਸਰਮ ਖੰਡ ਤੇ ਕਰਮ ਖੰਡ) ਹੀ ਸ਼ੁਰੂ ਹੁੰਦੀ ਹੈ। ਇਸ ਦੀ ਪੂਰਨਤਾ ਹੁੰਦੀ ਐ-''ਉਡੈ ਨਹ ਹੰਸੁ ਨਹ ਕੰਧ ਛੀਜੈ'' ਉਹ ਇਹੋ ਜਿਹੀ ਅਵਿਨਾਸ਼ੀ ਦੇਹ ਤੇ ਸਥਿਤੀ ਨੂੰ ਪ੍ਰਾਪਤ ਕਰਦੈ, ਜਦੋਂ ਨਾ ਤਾਂ ਕੰਧ (ਦੇਹ) ਖੀਣ ਹੁੰਦੀ ਐ, ਰੋਗ, ਜਰਾ, ਮਰਨ ਨੂੰ ਪ੍ਰਾਪਤ ਹੁੰਦੀ ਐ ਅਤੇ ਨਾ ਹੀ ਉਸ ਅਵਿਨਾਸ਼ੀ ਦੇਹ ਨੂੰ ਪਿੱਛੇ ਛੱਡ ਜਾਣ ਦੀ ਕੋਈ ਮਜਬੂਰੀ ਇਸ ਮਹਾਸਿੱਧ ਨੂੰ ਹੁੰਦੀ ਐ। ਇਸ ਦੀ ਪੂਰਨਤਾ 'ਚ ਉਹ ਸੱਚਖੰਡ 'ਚ ਪੁੱਜਦਾ ਹੈ। ਇਹ ਗੱਲ ਵੱਖਰੀ ਹੈ ਕਿ ਇਹ ਸਥਿਤੀ ਕਿਸੇ ਵਿਰਲੇ ਸਿੱਖ ਨੂੰ ਮਨੁੱਖੀ ਪਿੰਡ 'ਚ ਰਹਿੰਦਿਆਂ ਜਾਂ ਸਰੀਰ ਛੱਡਣ ਦੇ ਬਾਅਦ ਸੂਖਮ ਮੰਡਲ (ਸਰਮ ਤੇ ਕਰਮ ਖੰਡ) 'ਚ ਰਹਿੰਦਿਆਂ ਹੀ ਪ੍ਰਾਪਤ ਹੋਵੇ।
ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ£ ਸਾਧਨਾ ਪਥ ਕਿੰਨਾ ਵਿਆਪਕ ਅਤੇ ਸੂਖਮ ਹੈ-ਇਸ ਵੱਲ ਇਸ਼ਾਰਾ ਕਰਦੇ ਹੋਏ ਗੁਰੂ ਸਾਹਿਬ, ਉੱਘੇ ਸਾਧਕਾਂ ਨੂੰ ਜਾਗਰਿਤ ਕਰ ਰਹੇ ਹਨ 'ਤਿਥੈ ਘੜੀਐ....। ਇਨ੍ਹਾਂ ਸ਼ਬਦਾਂ ਰਾਹੀਂ।
ਜੇ ਸਾਧਨਾ ਦਾ ਮਹਾਨ ਲਕਸ਼ ਸਾਹਮਣੇ ਹੋਵੇ ਤਾਂ ਹੀ ਸਾਧਕ ਉਸ ਬਾਰੇ ਕੁਝ ਚਿੰਤਨ ਕਰ ਸਕਦੈ। ਸਰਮ ਖੰਡ ਦੀਆਂ ਬਚਿੱਤਰ ਤੇ ਰੱਹਸਪੂਰਨ ਗੱਲਾਂ ਨਾ ਕਰਕੇ-ਇਸ ਤੁਕ ਰਾਹੀਂ ਸਾਧਨਾ ਦੇ ਮਹਾਨ ਲਕਸ਼ ਵੱਲ ਹੀ ਇਸ਼ਾਰਾ ਕੀਤਾ ਜਾ ਰਿਹੈ।