ਸ੍ਰੀ ਹੇਮਕੁੰਟ ਸਾਹਿਬ

5/29/2017 7:59:00 AM

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੇਮਕੁੰਟ, ਹੇਮਕੁੰਡ ਅਤੇ ਹੇਮਕੂਟ ਦਾ ਸ਼ਾਬਦਿਕ ਅਰਥ ਹੈ ਹਿਮਾਲਿਆ ਦੀ ਧਾਰਾ ਵਿਚ। ਇੰਦ੍ਰਦਯੁਮਨਸਰ ਕੋਲ ਹੇਮਕੂਟ ਪਰਬਤ ਹੈ, ਜਿਸ ਦਾ ਜ਼ਿਕਰ ਮਹਾਭਾਰਤ ਦੇ ਆਦਿ ਪਰਬ ਦੇ 119ਵੇਂ ਅਧਿਆਏ ਵਿਚ ਆਇਆ ਹੈ। ''ਇੰਦ੍ਰਦਯੁਮਨਸਰ ਪ੍ਰਾਪਯ ਹੇਮਕੂਟ ਮਤੀਤਯਚ'' ਪਟਨੇ ਦੇ ਜ਼ਿਲੇ ਰਾਜਗਿਰੀ ਦੇ ਪੰਜ ਪਹਾੜਾਂ ''ਚੋਂ ''ਰਤਨਗਿਰਿ'' ਦਾ ਨਾਂ ਵੀ ਹੇਮਕੂਟ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਅਸਥਾਨ ''ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਦੁਸ਼ਟ ਦਮਨ ਦੇ ਰੂਪ ਵਿਚ ਅਕਾਲ ਪੁਰਖ ਦਾ ਸਿਮਰਨ ਕੀਤਾ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿਚ ਹਰਿਦੁਆਰ, ਰਿਸ਼ੀਕੇਸ਼, ਸ੍ਰੀ ਨਗਰ ਗੜਵਾਲ, ਕਰੁਣ ਪ੍ਰਯਾਗ, ਪਿੱਪਲਕੋਟੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ ਉਪਰ ਸਮੁੰਦਰ ਦੀ ਸਤ੍ਹਾ ਤੋਂ 15210 ਫੁੱਟ ਦੀ ਉਚਾਈ ''ਤੇ ਹੈ। ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਆਉਣ ਵਾਲੇ ਪ੍ਰਮੁੱਖ ਪੜਾਵਾਂ ''ਚੋਂ ਰਿਸ਼ੀਕੇਸ਼ ਇਕ ਨੰਬਰ ''ਤੇ ਹੈ। ਇਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ। ਸੰਗਤਾਂ ਦੇ ਰਹਿਣ ਵਾਸਤੇ ਵੱਡੀ ਗਿਣਤੀ ''ਚ ਕਮਰੇ ਬਣੇ ਹੋਏ ਹਨ। ਹਰਿਦੁਆਰ ਤੋਂ 28 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਇਸ ਪੁਰਾਤਨ ਸ਼ਹਿਰ ਨੂੰ ਰਿਸ਼ੀਆਂ ਦਾ ਘਰ ਕਿਹਾ ਜਾਂਦਾ ਹੈ। ਰੇਲਵੇ ਦਾ ਇਹ ਆਖਰੀ ਸਟੇਸ਼ਨ ਹੈ। ਇਥੋਂ ਪਹਾੜੀ ਸਫਰ ਸ਼ੁਰੂ ਹੁੰਦਾ ਹੈ। ਰਿਸ਼ੀਕੇਸ਼ ਮਗਰੋਂ ਰਸਤਾ ਵਲ-ਵਲੇਵੇਂ ਖਾਂਦੀਆਂ ਸੜਕਾਂ, ਇਕ ਪਾਸੇ ਅੰਤਾਂ ਦੀ ਡੂੰਘਾਈ ਵਿਚ ਵਹਿੰਦੀ ਗੰਗਾ, ਦੂਜੇ ਪਾਸੇ ਆਸਮਾਨ ਛੂੰਹਦੇ ਪਹਾੜ, ਰਸਤੇ ਵਿਚ ਥਾਂ-ਥਾਂ ਚੱਲ ਰਹੇ ਪਾਣੀ ਦੇ ਝਰਨੇ ਅਤੇ ਦਿਲ ਨੂੰ ਮੋਹ ਲੈਣ ਵਾਲੀ ਹਰਿਆਵਲ ਦੇਖ ਕੇ ਮਨ ਖਿੜ ਉੱਠਦਾ ਹੈ। ਰਿਸ਼ੀਕੇਸ਼ ਤੋਂ 104 ਕਿਲੋਮੀਟਰ ''ਤੇ ਸ੍ਰੀ ਨਗਰ ਗੜਵਾਲ ਤੋਂ 252 ਕਿਲੋਮੀਟਰ ਦੇ ਫਾਸਲੇ ''ਤੇ ਜੋਸ਼ੀ ਮੱਠ ਦਾ ਅਸਥਾਨ ਹੈ। ਜੋਸ਼ੀ ਮੱਠ ਸ਼ੰਕਰਾਚਾਰੀਆ ਦੁਆਰਾ ਸਥਾਪਤ ਚਾਰ ਮੱਠਾਂ ''ਚੋਂ ਇਕ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 6000 ਫੁੱਟ ਹੈ। ਹੇਮ ਗੰਗਾ ਅਤੇ ਅਲਕਨੰਦਾ ਦੇ ਸੰਗਮ ''ਤੇ ਗੁਰਦੁਆਰਾ ਗੋਬਿੰਦ ਘਾਟ ਸਥਿਤ ਹੈ। ਗੁਰਦੁਆਰਾ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਆਰੰਭ ਹੁੰਦੀ ਹੈ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੀ 12 ਕਿਲੋਮੀਟਰ ਪੈਦਲ ਯਾਤਰਾ ਸੁੰਮ ਵਾਲੀ ਸੋਟੀ ਦੇ ਸਹਾਰੇ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦੀਆਂ, ਉੱਚੇ-ਨੀਵੇਂ ਰਸਤੇ ''ਤੇ ਪੈਦਲ ਚੱਲਦੀਆਂ ਸੰਗਤਾਂ ਕੁਦਰਤੀ ਦਰੱਖਤਾਂ, ਫਲਾਂ, ਫੁੱਲਾਂ ਨੂੰ ਵੇਖਦੀਆਂ ਗੋਬਿੰਦ ਧਾਮ ਪਹੁੰਚਦੀਆਂ ਹਨ। ਇਹ 12 ਕਿਲੋਮੀਟਰ ਦਾ ਸਫਰ ਤਹਿ ਕਰਨ ਲਈ ਬਜ਼ੁਰਗਾਂ, ਰੋਗੀਆਂ ਤੇ ਛੋਟੇ ਬੱਚਿਆਂ ਲਈ ਘੋੜਾ, ਕਾਂਡੀ ਤੇ ਪਿੱਠੂ ਦੀ ਸਵਾਰੀ ਦਾ ਪ੍ਰਬੰਧ ਵੀ ਹੈ।
ਗੋਬਿੰਦ ਘਾਟ ਤੋਂ ਗੋਬਿੰਦ ਧਾਮ ਅਤੇ ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਰਸਤੇ ਨੂੰ ਪੱਕਾ ਕਰਕੇ ਲੋਹੇ ਦੇ ਪੋਲ ਲਗਾ ਦਿੱਤੇ ਗਏ ਹਨ। ਗੁਰਦੁਆਰਾ ਗੋਬਿੰਦ ਧਾਮ ਵਿਖੇ ਲੰਗਰ, ਚਾਹ, ਦਵਾ-ਦਾਰੂ ਦਾ ਸੁਚੱਜਾ ਪ੍ਰਬੰਧ ਹੈ। ਇਹ ਅਸਥਾਨ ਸਮੁੰਦਰੀ ਸਤ੍ਹਾ ਤੋਂ 10500 ਫੁੱਟ ਦੀ ਉਚਾਈ ''ਤੇ ਵਸਿਆ ਹੈ। ਪਹਾੜਾਂ ਦੀ ਗੋਦ ''ਚ ਇਕਾਂਤ ਵਿਚ ਇਸ ਗੁਰਦੁਆਰਾ ਸਾਹਿਬ ਵਿਚ ਪਹੁੰਚਦਿਆਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਬ੍ਰਹਿਮੰਡ ਵਿਚ ਪਹੁੰਚ ਗਏ ਹੋਈਏ। ਇਥੇ ਸ਼ਾਂਤ ਵਾਤਾਵਰਣ ਹੈ, ਕੋਈ ਪ੍ਰਦੂਸ਼ਣ ਨਹੀਂ ਹੈ ਤੇ ਨਾ ਹੀ ਸ਼ੋਰ-ਸ਼ਰਾਬਾ। ਇਥੇ ਸਿਰਫ ਤਨ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਹਰ ਸ਼ਰਧਾਲੂ ਨੂੰ ਆਰਾਮ ਕਰਨ ਲਈ ਚਾਰ ਪੰਜ ਕੰਬਲ ਦਿੱਤੇ ਜਾਂਦੇ ਹਨ।
ਗੋਬਿੰਦ ਧਾਮ ਵਿਖੇ ਸੰਗਤਾਂ ਦੇ ਠਹਿਰਨ ਲਈ ਕਮਰੇ ਅਤੇ ਵੱਡਾ ਹਾਲ ਵੀ ਬਣਿਆ ਹੋਇਆ ਹੈ। ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਦਿਨ ਸੰਗਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਰਵਾਨਾ ਹੁੰਦੀ ਹੈ। ਇਥੋਂ 7 ਕਿਲੋਮੀਟਰ ਦੀ ਸਖਤ ਤੇ ਸਿੱਧੀ ਚੜ੍ਹਾਈ ''ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਥਿਤ ਹੈ। ਇਸ ਅਸਥਾਨ ''ਤੇ ਪੱਥਰ ਦੀਆਂ 1160 ਪੌੜੀਆਂ ਰਾਹੀਂ ਵੀ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤਕ ਜਾਣ ਵਾਲੇ ਰਸਤੇ ''ਤੇ ਸਰਕਾਰ ਵੱਲੋਂ ਇਕ ਵੱਡਾ ਪੁਲ ਲਾਇਆ ਗਿਆ ਹੈ। ਗੁਰਦੁਆਰਾ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤਕ ਜਾਣ ਵਾਲੇ ਰਸਤੇ ਨੂੰ ਕਾਫੀ ਹੱਦ ਤਕ ਪੱਕਾ ਕੀਤਾ ਜਾ ਚੁੱਕਾ ਹੈ। ਇਸ ਅਸਥਾਨ ''ਤੇ ਪਹੁੰਚਣ ਲਈ ਤਿੰਨ ਤੋਂ ਚਾਰ ਘੰਟੇ ਤਕ ਦਾ ਸਮਾਂ ਲੱਗਦਾ ਹੈ।
ਜਿਵੇਂ ਹੀ ਸ੍ਰੀ ਹੇਮਕੁੰਟ ਸਾਹਿਬ ਸੰਗਤਾਂ ਨੂੰ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ ਤਾਂ ਮਨ ਦੀ ਖੁਸ਼ੀ ਜੈਕਾਰਿਆਂ ਦੀ ਗੂੰਜ ਵਿਚ ਬਦਲ ਜਾਂਦੀ ਹੈ। ਇਸ ਤੀਰਥ ਅਸਥਾਨ ਦੇ ਇਕ ਪਾਸੇ ਵਿਸ਼ਾਲ ਸਰੋਵਰ ਹੈ, ਜਿਸ ਦੇ ਸ਼ੁੱਧ ਤੇ ਠੰਡੇ ਜਲ ਵਿਚ ਇਸ਼ਨਾਨ ਕਰਦਿਆਂ ਹੀ 19 ਕਿਲੋਮੀਟਰ ਦੀ ਪੈਦਲ ਚੜ੍ਹਾਈ ਦੇ ਕਾਰਨ ਥੱਕੇ ਹੋਏ ਯਾਤਰੂਆਂ ਦਾ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ। ਸਰੋਵਰ ਦੇ ਕਿਨਾਰੇ ਸੰਨ 1926 ਈ. ਦਾ ਬਣਿਆ ਗੁਰਦੁਆਰਾ ਸਾਹਿਬ ਹੈ, ਜੋ ਭਗਤੀ ਤੇ ਪ੍ਰਭੂ ਮਿਲਾਪ ਦਾ ਪ੍ਰਤੀਕ ਹੈ।
ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਤਿੰਨ ਪਾਸੇ ਸੱਤ ਚੋਟੀਆਂ ਕਦੇ ਹਰੀਆਂ-ਭਰੀਆਂ ਅਤੇ ਕਦੇ ਬਰਫ ਨਾਲ ਢਕੀਆਂ ਹੋਈਆਂ ਪਹਾੜੀਆਂ, ਚੌਥੇ ਪਾਸੇ ਬਾਰਾਂ ਮਹੀਨੇ ਬਰਫ ਨਾਲ ਢਕਿਆ ਹੋਇਆ ਪਰਬਤ ਇਸ ਸਰੋਵਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਂਦੇ ਹਨ। ਸਰਦੀ ਦੇ ਮੌਸਮ ਵਿਚ ਕਈ ਵਾਰ ਬਰਫ ਇੰਨੀ ਜ਼ਿਆਦਾ ਪੈਂਦੀ ਹੈ ਕਿ ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ ਅਤੇ ਸਰੋਵਰ ਵੀ ਬਰਫ ਨਾਲ ਢਕ ਜਾਂਦੇ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਨੂੰ ਰਾਤ ਠਹਿਰਨ ਦੀ ਆਗਿਆ ਨਹੀਂ ਮਿਲਦੀ ਕਿਉਂਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜਨ ਬਹੁਤ ਘੱਟ ਹੁੰਦੀ ਹੈ ਤੇ ਸੰਗਤਾਂ ਦਾ ਜ਼ਿਆਦਾ ਇਕੱਠ ਵੀ ਨਹੀਂ ਹੋਣ ਦਿੱਤਾ ਜਾਂਦਾ। ਪ੍ਰਬੰਧਕ ਸਪੀਕਰ ਰਾਹੀਂ ਹੀ ਇਹ ਅਨਾਊਂਸਮੈਂਟ ਵਾਰ-ਵਾਰ ਕਰਦੇ ਰਹਿੰਦੇ ਹਨ ਕਿ ਸੰਗਤਾਂ ਇਸ਼ਨਾਨ ਕਰਕੇ, ਮੱਥਾ (ਨਤਮਸਤਕ) ਟੇਕ ਕੇ, ਚਾਹ ਤੇ ਖਿਚੜੀ ਦਾ ਲੰਗਰ ਛਕ ਕੇ ਅਤੇ ਪ੍ਰਸ਼ਾਦ ਲੈ ਕੇ ਵਾਪਸ ਗੋਬਿੰਦ ਧਾਮ ਪਹੁੰਚਣ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਨੁਸਾਰ ਗੋਬਿੰਦ ਘਾਟ ਤੇ ਗੋਬਿੰਦ ਧਾਮ ਵਿਖੇ ਪੰਜ-ਪੰਜ ਹਜ਼ਾਰ ਸੰਗਤਾਂ ਦੇ ਠਹਿਰਨ ਦਾ ਪ੍ਰਬੰਧ ਹੈ।
- ਕਰਨੈਲ ਸਿੰਘ ਐੱਮ. ਏ. ਲੁਧਿਆਣਾ