ਵਿਆਖਿਆ ਸ੍ਰੀ ਜਪੁ ਜੀ ਸਾਹਿਬ

9/18/2017 7:51:58 AM

ਗਿਆਨ ਸ਼ਕਤੀ ਕਾਰਨ ਜੀਅ ਦੀ ਹਉਮੈ ਦਾ ਬੰਧਨ ਖਤਮ ਹੋ ਜਾਂਦੈ, ਅਗਿਆਨ ਦਾ ਨਾਸ਼ ਹੁੰਦੈ ਅਤੇ ਉਸ ਨੂੰ ਸੱਚੇ ਸਰੂਪ ਦਾ ਬੋਧ ਹੁੰਦੈ। ਗਿਆਨ ਸ਼ਕਤੀ ਦੇ ਜਾਗਰਣ ਦੇ ਮੂਲ ਵਿਚ ਪ੍ਰਮੇਸ਼ਵਰੀ ਕਿਰਪਾ ਸ਼ਕਤੀ ਦਾ ਹੀ ਵਿਸ਼ੇਸ਼ ਹੱਥ ਹੈ। ਬਿਨਾਂ ਕਿਰਪਾ ਸ਼ਕਤੀ ਦੇ ਗਿਆਨ ਦਾ ਪ੍ਰਕਾਸ਼ ਪੈਦਾ ਨਹੀਂ ਹੋ ਸਕਦਾ ਪਰ ਕਿਰਪਾ ਸ਼ਕਤੀ ਦਾ ਅਵਤਰਣ ਵੀ ਉਦੋਂ ਹੀ ਹੁੰਦੈ, ਜਦੋਂ ਜਿਗਿਆਸੂ ਤੇ ਸ਼ਰਣਾਗਤ ਸਿੱਖ ਪੁਕਾਰ ਕਰਦੈ। ਪੁਕਾਰ ਕਰਨ ਦਾ ਅਰਥ ਹੈ-ਕਿਰਪਾ ਸ਼ਕਤੀ ਅਵਤਰਣ ਵਾਸਤੇ ਆਪਣੇ ਆਪ ਦਾ ਸਮਰਪਣ। ਸਮਰਪਣ ਕਰਨਾ ਗੱਲਾਂ-ਬਾਤਾਂ ਰਾਹੀਂ ਤਾਂ ਹੋ ਨਹੀਂ ਸਕਦਾ। ਸਮਰਪਣ ਕਰਨ ਦਾ ਅਰਥ ਹੈ-ਸੇਵਾ, ਜਪ-ਤਪ, ਸਿਮਰਨ, ਧਿਆਨ, ਨਾਦ ਜਾਗਰਣ ਤੇ ਨਾਦ ਨੂੰ ਸੁਣਨ ਦੀਆਂ ਸਾਧਨਾਵਾਂ।
ਦਸਮ ਦੁਆਰ ਉਪਰੋਂ ਹੇਠਾਂ ਆ ਰਹੀ ਕਿਰਪਾ ਸ਼ਕਤੀ ਅਤੇ ਹੇਠੋਂ ਉਪਰ ਉੱਠ ਰਹੀ ਸ਼ਰਣਾਗਤ ਸਿੱਖ ਦੀ ਸਾਧਨਾ ਦਾ ਮੇਲ ਜਦ ਦਸਮ ਦੁਆਰ ਵਿਚ ਹੁੰਦੈ, ਉਦੋਂ ਗਿਆਨ ਸ਼ਕਤੀ ਪ੍ਰਚੰਡ ਹੋ ਕੇ ਦਸਮ ਦੁਆਰ ਖੋਲ੍ਹ ਦਿੰਦੀ ਹੈ।
ਉਸ ਦਾ ਪ੍ਰਵੇਸ਼ ਸਰਮ ਖੰਡ ਵਿਚ ਹੋ ਜਾਂਦੈ। ਸਰਮ ਖੰਡ ਆਪਣੇ ਸੱਚੇ ਸਰੂਪ ਵਿਚ ਜਾਗ੍ਰਿਤ ਹੋਇਆ ਸਾਧਕ, ਕਿਰਪਾ ਸ਼ਕਤੀ ਨੂੰ ਆਪਣੇ ਅੰਦਰ ਹੋਰ ਵੀ ਜ਼ਿਆਦਾ ਭਰਦਾ ਹੋਇਆ ਪੁਰਖਾਰਥ ਕਰਦਾ, ਅਤਿ ਗੰਭੀਰ ਸਾਧਨਾਵਾਂ ਕਰਦੈ ਪਰ ਕਰਦਾ ਉਹ ਸਹਿਜ ਸੁਭਾਇ ਹੀ ਹੈ।
ਗਿਆਨ ਖੰਡ ਦੀ ਸਾਧਨਾ-ਬੂੰਦ ਦੇ ਸਮੁੰਦਰ ਵਿਚ ਲੀਨ ਹੋਣ ਦੀ ਸਾਧਨਾ ਹੈ। ਸਰਮ ਖੰਡ ਦੀ ਸਾਧਨਾ- ਸਮੁੰਦਰ ਦੇ ਹੀ (ਗਿਆਨ ਸ਼ਕਤੀ ਦੀ ਭਰਪੂਰਤਾ ਨੂੰ ਹੀ ਆਪਣੇ ਵਿਚ) ਬੂੰਦ ਵਿਚ ਲੀਨ ਹੋਣ ਦੀ ਸਾਧਨਾ ਹੈ।
ਸਾਧਨਾ ਅਜੇ ਵੀ ਪਰਿਪੂਰਨ ਨਹੀਂ ਹੋਈ। ਇਹ ਹੋਰ ਵੀ ਅੱਗੇ ਚੱਲਦੀ ਐ। ਜਦ ਕਰਮ ਖੰਡ ਵਿਚ 'ਬੂੰਦ ਵਿਚ ਸਮੁੰਦਰ' ਅਤੇ 'ਸਮੁੰਦਰ ਵਿਚ ਬੂੰਦ' ਦੋਵੇਂ ਸਥਿਤੀਆਂ ਇਕਮਿਕ ਹੋ ਜਾਂਦੀਆਂ ਹਨ। ਜੀਅ-ਬ੍ਰਹਮ ਵਿਚ ਅਤੇ ਬ੍ਰਹਮ-ਜੀਅ ਵਿਚ ਇਕਮਿਕ ਹੋਇਆ ਰਹਿੰਦੈ। ਉਸ ਦੇ ਵਿਚ ਅਤੇ ਉਸ ਦੇ ਭਗਤ ਵਿਚ ਕੋਈ ਅੰਤਰ ਨਹੀਂ ਰਹਿੰਦਾ। ਕਿਰਪਾ ਸ਼ਕਤੀ (ਸੀਤਾ) ਅਤੇ ਕਿਰਪਾ ਨੂੰ ਧਾਰਨ ਕਰਨ ਵਾਲੇ ਜੀਅ ਦੇ ਵਿਆਪਕ ਹੋਏ ਸਰੂਪ 'ਰਾਮ' ਦੀ ਆਪਸ ਵਿਚ ਪੂਰੀ ਇਕਮਿਕਤਾ ਹੋ ਜਾਂਦੀ ਐ।
'ਰਾਮ ਅਤੇ ਸੀਤਾ' ਜਾਂ 'ਸ਼ਿਵ ਅਤੇ ਸ਼ਕਤੀ' ਇਹ ਦੋਵੇਂ ਅਕਾਲ ਪੁਰਖ ਤੋਂ ਹੀ ਪ੍ਰਗਟ ਹੁੰਦੇ ਹਨ-ਜਿਥੋਂ ਪ੍ਰਗਟ ਹੁੰਦੇ ਹਨਠ ਉਹ ਹੀ ਸੱਚਖੰਡ ਹੈ-ਜਿਥੋਂ ਹੇਠਾਂ ਆਉਂਦੇ ਹੋਏ ਸ੍ਰਿਸ਼ਟੀ ਦਾ ਵਿਸਥਾਰ ਕਰਦੇ ਹਨ-ਉਹ ਹੈ ਕਰਮ ਖੰਡ। ਫਿਰ ਹੇਠਾਂ ਆਉਂਦੇ ਹੋਏ-ਜਿਥੇ ਜਾ ਕੇ ਦੁਬਾਰਾ ਇਕਮਿਕ ਹੁੰਦੇ ਹਨ-ਉਹ ਵੀ ਕਰਮ ਖੰਡ ਹੈ। ਵਰਤਮਾਨ ਪ੍ਰਸੰਗ ਜੀਅ ਦੀ ਉਸ ਸਾਧਨਾ ਬਾਰੇ ਚੱਲ ਰਿਹੈ-ਜਿਥੇ ਜੀਅ ਸਾਧਨਾ ਕਰਦਾ ਹੋਇਆ-ਧਰਮ ਖੰਡ, ਫਿਰ ਗਿਆਨ ਖੰਡ ਅਤੇ ਫਿਰ ਸਰਮ ਖੰਡ 'ਚ ਹੁੰਦਾ ਹੋਇਆ ਕਰਮ ਖੰਡ ਵਿਚ ਪਹੁੰਚਦੈ।