ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ

5/23/2016 8:09:02 AM

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੇਮਕੁੰਟ, ਹੇਮਕੁੰਡ ਅਤੇ ਹੇਮਕੂਟ ਦਾ ਸ਼ਾਬਦਿਕ ਅਰਥ ਹੈ ਹਿਮਾਲਿਆ ਦੀ ਧਾਰਾ ਵਿਚ। ਇੰਦ੍ਰਦਯੁਮਨਸਰ ਕੋਲ ਹੇਮਕੂਟ ਪਰਬਤ ਹੈ, ਜਿਸ ਦਾ ਜ਼ਿਕਰ ਮਹਾਭਾਰਤ ਦੇ ਆਦਿ ਪਰਬ ਦੇ 119ਵੇਂ ਅਧਿਆਏ ਵਿਚ ਆਇਆ ਹੈ। ''ਇੰਦ੍ਰਦਯੁਮਨਸਰ ਪ੍ਰਾਪਯ ਹੇਮਕੂਟ ਮਤੀਤਯਚ'' ਪਟਨੇ ਦੇ ਜ਼ਿਲੇ ਰਾਜਗਿਰੀ ਦੇ ਪੰਜ ਪਹਾੜਾਂ ''ਚੋਂ ''ਰਤਨਗਿਰਿ'' ਦਾ ਨਾਂ ਵੀ ਹੇਮਕੂਟ ਹੈ। ਦਸਮ ਗ੍ਰੰਥ ਵਿਚ ਵੀ ਹੇਮਕੁੰਟ ਬਾਰੇ ਜ਼ਿਕਰ ਹੈ।
ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰ੍ਰਗ ਸੋਭਿਤ ਹੈ ਤਹਾਂ (ਦਸਮ ਗ੍ਰੰਥ, ਅੰਗ 54)
ਸ੍ਰੀ ਹੇਮਕੁੰਟ ਸਾਹਿਬ ਦੇ ਅਸਥਾਨ ''ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਦੁਸ਼ਟ ਦਮਨ ਦੇ ਰੂਪ ਵਿਚ ਅਕਾਲ ਪੁਰਖ ਦਾ ਸਿਮਰਨ ਕੀਤਾ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿਚ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਗੜਵਾਲ, ਕਰੁਣ ਪ੍ਰਯਾਗ, ਪਿੱਪਲਕੋਟੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ ਉਪਰ ਸਮੁੰਦਰ ਦੀ ਸਤਹ ਤੋਂ 15210 ਫੁੱਟ ਦੀ ਉਚਾਈ ''ਤੇ ਹੈ।
ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਆਉਣ ਵਾਲੇ ਪ੍ਰਮੁੱਖ ਪੜਾਵਾਂ ''ਚੋਂ ਰਿਸ਼ੀਕੇਸ਼ ਇਕ ਨੰਬਰ ''ਤੇ ਹੈ। ਪੰਜਾਬ ਦੇ ਕਿਸੇ ਵੀ ਕੋਨੇ (ਪਾਸੇ) ਤੋਂ ਯਾਤਰਾ ਸ਼ੁਰੂ ਕਰੀਏ ਤਾਂ ਪਹਿਲਾ ਪੜਾਅ ਰਿਸ਼ੀਕੇਸ਼ ਹੀ ਬਣਦਾ ਹੈ, ਜਿਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ।
ਰਿਸ਼ੀਕੇਸ਼ ਮਗਰੋਂ ਰਸਤਾ ਵਲ-ਵਲੇਵੇਂ ਖਾਂਦੀਆਂ ਸੜਕਾਂ, ਇਕ ਪਾਸੇ ਅੰਤਾਂ ਦੀ ਡੂੰਘਾਈ ਵਿਚ ਵਹਿੰਦੀ ਗੰਗਾ, ਦੂਜੇ ਪਾਸੇ ਆਸਮਾਨ ਛੂੰਹਦੇ ਪਹਾੜ, ਰਸਤੇ ਵਿਚ ਥਾਂ-ਥਾਂ ਚੱਲ ਰਹੇ ਪਾਣੀ ਦੇ ਝਰਨੇ ਅਤੇ ਦਿਲ ਨੂੰ ਮੋਹ ਲੈਣ ਵਾਲੀ ਹਰਿਆਵਲ ਦੇਖ ਕੇ ਮਨ ਖਿੜ ਉੱਠਦਾ ਹੈ।
ਰਿਸ਼ੀਕੇਸ਼ ਤੋਂ 104 ਕਿਲੋਮੀਟਰ ''ਤੇ ਸ੍ਰੀਨਗਰ, ਗੜਵਾਲ ਤੋਂ 252 ਕਿਲੋਮੀਟਰ ਦੇ ਫਾਸਲੇ ''ਤੇ ਜੋਸ਼ੀ ਮੱਠ ਦਾ ਅਸਥਾਨ ਹੈ। ਜੋਸ਼ੀ ਮੱਠ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਚਾਰ ਮੱਠਾਂ ''ਚੋਂ ਇਕ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 6000 ਫੁੱਟ ਹੈ। ਜੋਸ਼ੀ ਮੱਠ ਤੋਂ ਗੋਬਿੰਦ ਘਾਟ ਤਕ ਇਕ ਘੰਟੇ ਦਾ ਸਫਰ ਹੈ। ਇਸ ਸਫਰ ਦੌਰਾਨ ਰਸਤਾ ਜੋਖ਼ਮ ਭਰਿਆ ਹੈ ਕਿਉਂਕਿ ਪਹਾੜਾਂ ਦੀ ਕਟਾਈ ਕਾਫੀ ਹੱਦ ਤਕ ਕੀਤੀ ਹੋਈ ਹੈ। ਹੇਮ ਗੰਗਾ ਅਤੇ ਅਲਕ ਨੰਦਾ ਦੇ ਸੰਗਮ ''ਤੇ ਗੁਰਦੁਆਰਾ ਗੋਬਿੰਦ ਘਾਟ ਸਥਿਤ ਹੈ। ਗੋਬਿੰਦ ਘਾਟ ਪਹੁੰਚ ਕੇ ਸੰਗਤਾਂ ਵਿਸ਼ਰਾਮ ਕਰਦੀਆਂ ਹਨ।
ਗੁਰਦੁਆਰਾ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਆਰੰਭ ਹੁੰਦੀ ਹੈ। ਯਾਤਰੀ ਗੱਡੀਆਂ ਪਾਰਕਿੰਗ ਕਰਕੇ ਆਪਣਾ ਸਾਮਾਨ ਅਟੈਚੀ ਕੇਸ, ਬਿਸਤਰੇ ਤੇ ਨਕਦੀ/ਕੈਸ਼ ਅਮਾਨਤ ਵਜੋਂ ਗੋਬਿੰਦ ਘਾਟ ਦੇ ਗੁਰਦੁਆਰਾ ਸਾਹਿਬ ਵਿਚ ਪ੍ਰਬੰਧਕਾਂ ਕੋਲ ਜਮ੍ਹਾ ਕਰਵਾ ਕੇ ਅੱਗੇ ਯਾਤਰਾ ਲਈ ਚੱਲਦੇ ਹਨ।
ਗੋਬਿੰਦ ਘਾਟ ਤੋਂ ਚੱਲਣ ਸਮੇਂ ਯਾਤਰੂਆਂ ਨੂੰ ਖਾਣ-ਪੀਣ ਦੀਆਂ ਵਸਤਾਂ, ਸੋਟੀ, ਬਰਸਾਤੀ ਫਲੀਟ/ਸਪੋਰਟਸ ਬੂਟ, ਗੋਲੀਆਂ, ਟਾਫੀਆਂ, ਅਲਾਇਚੀ, ਪਾਣੀ, ਜੂਸ, ਬਿਸਕੁਟ ਆਦਿ ਲੈ ਕੇ ਚੱਲਣਾ ਚਾਹੀਦਾ ਹੈ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੀ 12 ਕਿਲੋਮੀਟਰ ਪੈਦਲ ਯਾਤਰਾ ਸੁੰਮ ਵਾਲੀ ਸੋਟੀ ਦੇ ਸਹਾਰੇ, ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਉੱਚੇ-ਨੀਵੇਂ ਰਸਤੇ ''ਤੇ ਪੈਦਲ ਚੱਲਦੀਆਂ ਸੰਗਤਾਂ ਕੁਦਰਤੀ ਦਰੱਖਤਾਂ, ਫਲਾਂ, ਫੁੱਲਾਂ ਨੂੰ ਵੇਖਦੀਆਂ ਗੋਬਿੰਦ ਧਾਮ ਪਹੁੰਚਦੀਆਂ ਹਨ। ਇਹ 12 ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਬਜ਼ੁਰਗਾਂ, ਰੋਗੀਆਂ ਅਤੇ ਛੋਟੇ ਬੱਚਿਆਂ ਲਈ ਘੋੜਾ, ਕਾਂਡੀ ਤੇ ਪਿੱਠੂ ਦੀ ਸਵਾਰੀ ਦਾ ਪ੍ਰਬੰਧ ਵੀ ਹੈ, ਇਹ ਕਿਰਾਏ ''ਤੇ ਮਿਲਦੇ ਹਨ।
ਗੁਰਦੁਆਰਾ ਗੋਬਿੰਦ ਧਾਮ ਵਿਖੇ ਲੰਗਰ, ਚਾਹ, ਦਵਾ-ਦਾਰੂ ਦਾ ਸੁਚੱਜਾ ਪ੍ਰਬੰਧ ਹੈ। ਇਹ ਅਸਥਾਨ ਸਮੁੰਦਰੀ ਸਤਹ ਤੋਂ 10,500 ਫੁੱਟ ਦੀ ਉਚਾਈ ''ਤੇ ਵਸਿਆ ਹੈ। ਪਹਾੜਾਂ ਦੀ ਗੋਦ ਵਿਚ ਏਕਾਂਤ ਵਿਚ ਇਸ ਗੁਰਦੁਆਰਾ ਸਾਹਿਬ ਵਿਚ ਪਹੁੰਚਦਿਆਂ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਅਸੀਂ ਬ੍ਰਹਿਮੰਡ ਵਿਚ ਪਹੁੰਚ ਗਏ ਹੋਈਏ। ਇਥੇ ਸ਼ਾਂਤ ਵਾਤਾਵਰਣ ਹੈ, ਕੋਈ ਪ੍ਰਦੂਸ਼ਣ ਨਹੀਂ ਹੈ ਤੇ ਨਾ ਹੀ ਸ਼ੋਰ-ਸ਼ਰਾਬਾ। ਇਥੇ ਸਿਰਫ ਤਨ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਗੁਰਦੁਆਰਾ ਗੋਬਿੰਦ ਧਾਮ ਵਿਖੇ ਸੰਗਤਾਂ ਦੇ ਆਰਾਮ ਲਈ ਹੇਮਕੁੰਟ ਸਾਹਿਬ ਟਰੱਸਟ ਵਲੋਂ ਕਮਰਿਆਂ ਅਤੇ ਵੱਡੇ ਹਾਲ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਇਥੇ ਠੰਡ ਹੋਣ ਕਰਕੇ ਹਰ ਸ਼ਰਧਾਲੂ ਨੂੰ ਆਰਾਮ ਕਰਨ ਲਈ ਚਾਰ ਜਾਂ ਪੰਜ ਕੰਬਲ ਦਿੱਤੇ ਜਾਂਦੇ ਹਨ। ਰਾਤ ਵਿਸ਼ਰਾਮ ਕਰਨ ਤੋਂ ਬਾਅਦ ਸੰਗਤ ਅਗਲੇ ਦਿਨ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੁੰਦੀ ਹੈ। ਇਥੋਂ 7 ਕਿਲੋਮੀਟਰ ਦੀ ਸਖ਼ਤ ਤੇ ਸਿੱਧੀ ਚੜ੍ਹਾਈ ''ਤੇ ਗੁਰਦੁਆਰਾ ਹੇਮਕੁੰਟ ਸਾਹਿਬ ਸਥਿਤ ਹੈ। ਇਸ ਅਸਥਾਨ ''ਤੇ ਪੱਥਰ ਦੀਆਂ 1160 ਪੌੜੀਆਂ ਰਾਹੀਂ ਵੀ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤਕ ਜਾਣ ਵਾਲੇ ਰਸਤੇ ''ਤੇ ਸਰਕਾਰ ਵਲੋਂ ਇਕ ਵੱਡਾ ਪੁਲ ਲਗਾਇਆ ਗਿਆ ਹੈ।
ਗੁਰਦੁਆਰਾ ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਜਾਣ ਵਾਲੇ ਰਸਤੇ ਨੂੰ ਕਾਫੀ ਹੱਦ ਤਕ ਪੱਕਾ ਕੀਤਾ ਜਾ ਚੁੱਕਾ ਹੈ। ਇਸ ਅਸਥਾਨ ''ਤੇ ਪਹੁੰਚਣ ਲਈ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗਦਾ ਹੈ। ਜਿਵੇਂ ਹੀ ਸ੍ਰੀ ਹੇਮਕੁੰਟ ਸਾਹਿਬ ਸੰਗਤਾਂ ਨੂੰ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ ਤਾਂ ਮਨ ਦੀ ਖੁਸ਼ੀ ਜੈਕਾਰਿਆਂ ਦੀ ਗੂੰਜ ਵਿਚ ਬਦਲ ਜਾਂਦੀ ਹੈ। ਇਸ ਤੀਰਥ ਅਸਥਾਨ ਦੇ ਇਕ ਪਾਸੇ ਵਿਸ਼ਾਲ ਸਰੋਵਰ ਹੈ, ਜਿਸ ਦੇ ਸ਼ੁੱਧ ਤੇ ਠੰਡੇ ਜਲ ਵਿਚ ਇਸ਼ਨਾਨ ਕਰਦਿਆਂ ਹੀ 19 ਕਿਲੋਮੀਟਰ ਦੀ ਪੈਦਲ ਚੜ੍ਹਾਈ ਦੇ ਕਾਰਨ ਥੱਕੇ ਹੋਏ ਯਾਤਰੂਆਂ ਦਾ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ। ਸਰੋਵਰ ਦੇ ਕਿਨਾਰੇ ਸੰਨ 1926 ਈ. ਦਾ ਬਣਿਆ ਗੁਰਦੁਆਰਾ ਸਾਹਿਬ ਹੈ, ਜੋ ਭਗਤੀ ਤੇ ਪ੍ਰਭੂ ਮਿਲਾਪ ਦਾ ਪ੍ਰਤੀਕ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਨੂੰ ਰਾਤ ਠਹਿਰਨ ਦੀ ਆਗਿਆ ਨਹੀਂ ਮਿਲਦੀ ਕਿਉਂਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜਨ ਬਹੁਤ ਘੱਟ ਹੁੰਦੀ ਹੈ ਤੇ ਸੰਗਤਾਂ ਦਾ ਜ਼ਿਆਦਾ ਇਕੱਠ ਵੀ ਨਹੀਂ ਹੋਣ ਦਿੱਤਾ ਜਾਂਦਾ। ਪ੍ਰਬੰਧਕ ਸਪੀਕਰ ਰਾਹੀਂ ਹੀ ਇਹ ਅਨਾਊਂਸਮੈਂਟ ਵਾਰ-ਵਾਰ ਕਰਦੇ ਰਹਿੰਦੇ ਹਨ ਕਿ ਸੰਗਤਾਂ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ (ਨਤਮਸਤਕ ਹੋ ਕੇ), ਪ੍ਰਸ਼ਾਦ ਲੈ ਕੇ, ਚਾਹ ਅਤੇ ਖਿੱਚੜੀ ਦਾ ਲੰਗਰ ਛਕ ਕੇ ਵਾਪਿਸ ਗੋਬਿੰਦ ਧਾਮ ਪਹੁੰਚਣ। ਸੰਗਤਾਂ ਨੇ ਵਾਪਿਸ ਗੋਬਿੰਦ ਧਾਮ ਆ ਕੇ ਹੀ ਲੰਗਰ ਛਕਣਾ ਅਤੇ ਵਿਸ਼ਰਾਮ ਕਰਨਾ ਹੁੰਦਾ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਆਰੰਭ ਹੋ ਰਹੀ ਹੈ, ਜੋ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤਕ, ਭਾਵ ਸਾਢੇ ਚਾਰ ਮਹੀਨੇ ਤਕ ਚੱਲੇਗੀ।
—ਕਰਨੈਲ ਸਿੰਘ, ਐੱਮ. ਏ.