ਸ਼ਰਧਾ ਅਤੇ ਆਸਥਾ ਦਾ ਕੇਂਦਰ ਸ਼ਿਵਧਾਮ

6/27/2017 6:40:21 AM

ਪੁਰਾਣ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਵੱਖ-ਵੱਖ ਕਲਿਆਣਕਾਰੀ ਸਰੂਪਾਂ 'ਚ ਭਗਵਾਨ ਸ਼ਿਵ ਹੀ ਮਹਾ-ਕਲਿਆਣਕਾਰੀ ਹਨ। ਜਗਤ ਕਲਿਆਣ ਅਤੇ ਭਗਤਾਂ ਦੇ ਦੁੱਖ ਹਰਨ ਲਈ ਉਹ ਕਿੰਨੀ ਹੀ ਵਾਰ ਵੱਖ-ਵੱਖ ਨਾਵਾਂ ਤੇ ਰੂਪਾਂ 'ਚ ਪ੍ਰਗਟ ਹੁੰਦੇ ਰਹੇ ਹਨ, ਜੋ ਕਿ ਮਨੁੱਖ ਦੇ ਲਈ ਹੀ ਨਹੀਂ, ਸਗੋਂ ਦੇਵਤਿਆਂ ਲਈ ਵੀ ਮੁਕਤੀ ਦਾ ਮਾਰਗ ਬਣਦਾ ਹੈ। ਇਹੀ ਕਾਰਨ ਹੈ ਕਿ ਭਗਵਾਨ ਸ਼ਿਵ ਨੂੰ ਤ੍ਰਿਦੇਵਾਂ ਵਿਚ ਸਾਰਿਆਂ ਤੋਂ ਜ਼ਿਆਦਾ ਮਹੱਤਵ ਪ੍ਰਾਪਤ ਹੈ।  ਤੇਤੀ ਕਰੋੜ ਦੇਵੀ-ਦੇਵਤਿਆਂ ਵਿਚ ਸ਼ਿਵ ਹੀ ਅਜਿਹੇ ਹਨ, ਜਿਨ੍ਹਾਂ ਦੀ ਲਿੰਗ ਦੇ ਰੂਪ ਵਿਚ ਪੂਜਾ ਹੁੰਦੀ ਹੈ। ਉਹ ਦੇਵਲੋਕ ਦੀ ਐਸ਼ੋ-ਆਰਾਮ ਦੀ ਦੁਨੀਆ ਤੋਂ ਦੂਰ ਇਕ ਫੱਕੜ ਬਾਬਾ ਦੇ ਰੂਪ ਵਿਚ ਮੰਨੇ ਜਾਂਦੇ ਹਨ। ਭਗਵਾਨ ਸ਼ਿਵ ਹੀ ਹਨ, ਜੋ ਕਿ ਵਰਦਾਨ ਦੇਣ ਵਿਚ ਬਹੁਤ ਉਦਾਰ ਹਨ। ਭੂਤਭਾਵਨ ਭਗਵਾਨ ਮਹਾਦੇਵ ਦੀ ਉਪਾਸਨਾ ਹਮੇਸ਼ਾ ਤੋਂ ਹੀ ਫਲਦਾਈ ਰਹੀ ਹੈ। 
ਸ਼ਿਵਜੀ ਜਲਦ ਪ੍ਰਸੰਨ ਹੋਣ ਵਾਲੇ ਦੇਵਾਂ ਦੇ ਦੇਵ ਮਹਾਦੇਵ ਹਨ। ਸ਼ਿਵ ਉਪਾਸਨਾ 'ਚ ਸ਼ਿਵਲਿੰਗ ਦਾ ਵਿਸ਼ੇਸ਼ ਮਹੱਤਵ ਹੈ। ਜਿਨ੍ਹਾਂ-ਜਿਨ੍ਹਾਂ ਥਾਵਾਂ 'ਤੇ ਸ਼ਿਵਲਿੰਗ ਦੀ ਸਥਾਪਨਾ ਹੋਈ, ਉਨ੍ਹਾਂ ਦੀ ਗਿਣਤੀ ਪ੍ਰਮੁੱਖ ਤੀਰਥਾਂ ਦੇ ਰੂਪ 'ਚ ਕੀਤੀ ਜਾਂਦੀ ਹੈ। ਭਗਤਾਂ ਨੇ ਜਿਸ-ਜਿਸ ਪਵਿੱਤਰ ਸਥਾਨ 'ਤੇ ਉਨ੍ਹਾਂ ਦੀ ਪੂਜਾ-ਅਰਚਨਾ ਕੀਤੀ, ਉਸੇ-ਉਸੇ ਸਥਾਨ 'ਤੇ ਉਹ ਪ੍ਰਗਟ ਹੋਏ ਅਤੇ ਜਯੋਤਿਰਲਿੰਗ ਦੇ ਰੂਪ 'ਚ ਹਮੇਸ਼ਾ ਦੇ ਲਈ ਸੁਭਾਇਮਾਨ ਹੋ ਗਏ। ਉਂਝ ਤਾਂ ਸ਼ਿਵਲਿੰਗਾਂ ਦੀ ਗਿਣਤੀ ਅਣਗਿਣਤ ਹੈ ਪਰ ਮੁੱਖ ਰੂਪ ਵਿਚ 12 ਜਯੋਤਿਰਲਿੰਗ ਹੀ ਹਨ, ਜੋ ਕਿ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਸਥਿਤ ਹਨ ਤੇ ਸ਼ਿਵ ਭਗਤ ਇਨ੍ਹਾਂ ਦੇ ਦਰਸ਼ਨਾਂ ਲਈ ਜਾਂਦੇ ਰਹਿੰਦੇ ਹਨ। 
ਭਗਵਾਨ ਸ਼ਿਵ ਦੇ ਇਨ੍ਹਾਂ 12 ਜਯੋਤਿਰਲਿੰਗਾਂ ਦੇ ਦਰਸ਼ਨ ਕਰਨ ਦੀ ਇੱਛਾ ਹਰੇਕ ਸ਼ਿਵ ਭਗਤ ਦੀ ਹੁੰਦੀ ਹੈ ਪਰ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਸਥਿਤ ਇਨ੍ਹਾਂ 12 ਜਯੋਤਿਰਲਿੰਗਾਂ ਦੇ ਦਰਸ਼ਨ ਹਰ ਕਿਸੇ ਦੇ ਲਈ ਸੰਭਵ ਨਹੀਂ ਹਨ ਪਰ ਸ਼ਿਵਧਾਮ ਇਕ ਅਜਿਹਾ ਧਾਮ ਹੈ, ਜਿਥੇ ਇਕ ਹੀ ਸਮੇਂ 'ਤੇ ਭਗਵਾਨ ਭੋਲੇਨਾਥ ਦੇ ਇਨ੍ਹਾਂ 12 ਰੂਪਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਪੰਜਾਬ ਸੂਬੇ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਤੇ ਫਿਲੌਰ ਟੋਲ ਪਲਾਜ਼ਾ ਜੀ. ਟੀ. ਰੋਡ ਦੇ ਵਿਚਕਾਰ ਪਿੰਡ ਲਾਡੋਵਾਲ ਤੋਂ ਇਕ ਸੜਕ ਪਿੰਡ ਬੱਗੇ ਕਲਾਂ ਨੂੰ ਜਾਂਦੀ ਹੈ, ਜਿਥੇ ਆਦਿ ਦੇਵ ਮਹਾਦੇਵ ਦਾ ਵਿਸ਼ਾਲ ਸੁੰਦਰ ਤੇ ਮਨਮੋਹਕ ਸ਼ਿਵ ਮੰਦਿਰ ਸ਼ਿਵਧਾਮ ਅਣਗਿਣਤ ਹੀ ਸ਼ਿਵ ਭਗਤਾਂ ਦੀ ਸ਼ਰਧਾ ਤੇ ਆਸਥਾ ਦਾ ਮੁੱਖ ਕੇਂਦਰ ਬਣ ਚੁੱਕਿਆ ਹੈ।  ਸ਼ਹਿਰਾਂ ਦੇ ਸ਼ੋਰ-ਸ਼ਰਾਬੇ ਤੋਂ ਦੂਰ ਏਕਾਂਤ 'ਚ ਬਣੇ ਇਸ ਸ਼ਿਵਧਾਮ ਵਿਚ ਭਗਤਜਨ ਸ਼੍ਰੀ ਸੋਮਨਾਥ ਸੋਮੇਸ਼ਵਰ, ਸ਼੍ਰੀ ਮਲਿੱਕਾਰਜੁਨ, ਸ਼੍ਰੀ ਓਂਕਾਰਮਮਲੇਸ਼ਵਰ, ਸ਼੍ਰੀ ਬੈਦਨਾਥ, ਸ਼੍ਰੀ ਮਹਾਕਾਲੇਸ਼ਵਰ, ਸ਼੍ਰੀ ਭੀਮਾਸ਼ੰਕਰ, ਸ਼੍ਰੀ ਰਾਮੇਸ਼ਵਰ, ਸ਼੍ਰੀ ਕੇਦਾਰਨਾਥ, ਸ਼੍ਰੀ ਵਿਸ਼ਵੇਸ਼ਵਰ, ਸ਼੍ਰੀ ਤ੍ਰਿਅੰਬਕੇਸ਼ਵਰ, ਸ਼੍ਰੀ ਨਾਘੇਸ਼ਵਰ ਤੇ ਸ਼੍ਰੀ ਘ੍ਰਿਣੇਸ਼ਵਰ ਜਯੋਤਿਰਲਿੰਗ ਦੇ ਰੂਪ ਦੇ ਦਰਸ਼ਨ ਕਰਦੇ ਹਨ। 
ਇਨ੍ਹਾਂ ਰੂਪਾਂ ਦੇ ਦਰਸ਼ਨ ਦੇ ਨਾਲ-ਨਾਲ ਹੀ ਸ਼ਰਧਾਲੂ, ਰੁਦਰਅਵਤਾਰ, ਪਵਿੱਤਰ ਸ਼ਿਵਲਿੰਗ, ਸ਼ਿਵ ਪਰਿਵਾਰ, ਮਾਂ ਦੁਰਗਾ, ਸ਼੍ਰੀ ਹਨੂਮਾਨ ਜੀ, ਸ਼੍ਰੀ ਰਾਮ ਪਰਿਵਾਰ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀਆਂ ਸੁੰਦਰ ਤੇ ਮਨਮੋਹਕ ਮੂਰਤੀਆਂ ਦੇ ਦਰਸ਼ਨ ਵੀ ਕਰਦੇ ਹਨ। ਸ਼ਿਵਧਾਮ ਤੇ ਸ਼ਾਂਤਮਈ ਵਾਤਾਵਰਣ ਵਿਚ ਆ ਕੇ ਹਰ ਸ਼ਿਵ ਭਗਤ ਆਤਮਿਕ ਰੂਪ ਵਿਚ ਪ੍ਰਸੰਨਤਾ ਪ੍ਰਾਪਤ ਕਰਦਾ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਸ਼ਿਵਧਾਮ ਵਿਚ ਸੱਚੇ ਮਨ ਨਾਲ ਪੂਜਾ-ਅਰਚਨਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। 
ਸ਼ਿਵਧਾਮ ਦੇ ਨਿਰਮਾਣ ਦਾ ਕੰਮ 2006 'ਚ ਸ਼ੁਰੂ ਕੀਤਾ ਗਿਆ ਸੀ। ਜੈਪੁਰ, ਦਿੱਲੀ ਤੇ ਹੋਰ ਸੂਬਿਆਂ ਤੋਂ ਆਏ ਕੁਸ਼ਲ ਤੇ ਯੋਗ ਕਾਰੀਗਰਾਂ ਨੇ ਆਪਣੀ ਕਲਾ ਨਾਲ ਇਸ ਸੁੰਦਰ ਸਥਾਨ ਨੂੰ ਆਕਰਸ਼ਕ ਮੰਦਿਰ ਦਾ ਰੂਪ ਦੇ ਦਿੱਤਾ। ਮੰਦਿਰ 'ਚ ਸਥਾਪਿਤ ਮੂਰਤੀਆਂ ਦੀ ਸਥਾਪਨਾ 20 ਫਰਵਰੀ 2014 ਨੂੰ ਕੀਤੀ ਗਈ। ਮੰਦਿਰ ਵਿਚ ਇਕ ਵਿਸ਼ਾਲ ਗੁਫਾ ਵੀ ਬਣਾਈ ਗਈ ਹੈ। ਇਸ ਤੋਂ ਇਲਾਵਾ ਮੰਦਿਰ ਵਿਚ ਤਪ ਸਥਾਨ, ਗੁਰੂਕੁਲ, ਯੱਗਸ਼ਾਲਾ, ਭੋਜਨਾਲਿਆ, ਗਊਸ਼ਾਲਾ ਅਤੇ ਸੁੰਦਰ ਪਾਰਕ ਵੀ ਬਣਾਏ ਗਏ ਹਨ। ਮੰਦਿਰ 'ਚ ਬਣੀ ਗੁਰੂਕੁਲ ਵਿਚ ਵਿਦਵਾਨ ਆਚਾਰੀਆ ਵਲੋਂ ਬੱਚਿਆਂ ਨੂੰ ਵੈਦਿਕ ਗਿਆਨ ਅਤੇ ਅਧਿਆਤਮ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। 
ਸ਼ਿਵਧਾਮ ਕਮੇਟੀ ਦੇ ਸੰਜੈ ਬਾਂਸਲ ਅਤੇ ਵਿਜੈ ਬਾਂਸਲ ਨੇ ਦੱਸਿਆ ਕਿ ਮੰਦਿਰ ਵਿਚ ਹਰ ਰੋਜ਼ ਪਵਿੱਤਰ ਸ਼ਿਵਲਿੰਗ ਦਾ ਰੁਦਰਾਭਿਸ਼ੇਕ ਅਤੇ ਸਵੇਰੇ-ਸ਼ਾਮ ਹਵਨ ਕੀਤਾ ਜਾਂਦਾ ਹੈ। ਹਰ ਸੋਮਵਾਰ ਨੂੰ ਭੋਲੇਨਾਥ ਦਾ ਵਿਸ਼ੇਸ਼ ਸ਼ਿੰਗਾਰ ਅਤੇ ਵਿਸ਼ੇਸ਼ ਆਰਤੀ ਹੁੰਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਮੰਦਿਰ ਵਿਚ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਰਹਿੰਦੇ ਹਨ। ਮਹਾਸ਼ਿਵਰਾਤਰੀ 'ਤੇ ਤਾਂ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। 
ਪੇਸ਼ਕਸ਼ : ਗੁਲਸ਼ਨ ਛਾਬੜਾ (ਰੋਮੀ) ਗੁਰਾਇਆ