ਸ਼ਿਵਮਈ ਵੈਦਯਨਾਥ ਧਾਮ

7/25/2016 6:40:45 AM

ਸ਼ਿਵ ਦਾ ਮਤਲਬ ਹੈ ਮੰਗਲ ਤੇ ਕਲਿਆਣ। ਸ਼ਿਵ ਦੀ ਸ਼ਰਨ ''ਚ ਕਈ ਪਾਪ-ਤਾਪ ਤੇ ਮਾਨਸਿਕ ਤਣਾਅ ਨਾਲ ਜੂਝ ਰਿਹਾ ਵਿਅਕਤੀ ਸ਼ਾਂਤੀ ਤੇ ਆਰਾਮ ਦੀ ਸਥਿਤੀ ''ਚ ਪਹੁੰਚ ਜਾਂਦਾ ਹੈ। ਇਸੇ ਸੰਦਰਭ ''ਚ ਲਗਦਾ ਹੈ ਮਸ਼ਹੂਰ ਵੈਦਯਨਾਥ ਧਾਮ ਦਾ ਸ਼੍ਰਾਵਣੀ ਮੇਲਾ। ਸਾਉਣ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਇਥੇ ਕਾਂਵੜੀਆਂ ਦੀ ਭੀੜ ਲੱਗ ਜਾਂਦੀ ਹੈ, ਜੋ ਮਹੀਨੇ ਦੇ ਅਖੀਰ ਤਕ ਚੱਲਦੀ ਰਹਿੰਦੀ ਹੈ। ਵੈਦਯਨਾਥ ਧਾਮ ਸਥਿਤ ਰਾਵਣੇਸ਼ਵਰ-ਮਹਾਦੇਵ ਮੰਦਰ ਬਾਰਾਂ ਜੋਤਿਰਲਿੰਗਾਂ ''ਚ ਸਭ ਤੋਂ ਮਹਿਮਾ ਵਾਲਾ ਹੈ। ਇਸ ਕਥਨ ਦੀ ਪੁਸ਼ਟੀ ਇਸ ਤੱਥ ਨਾਲ ਹੁੰਦੀ ਹੈ ਕਿ ਸਿਰਫ ਇਕ ਸਾਉਣ ਮਹੀਨੇ ''ਚ ਇਥੇ 30-40 ਲੱਖ ਤੀਰਥ ਯਾਤਰੀ ਆਉਂਦੇ ਹਨ, ਜਦਕਿ ਪੂਰੇ ਸਾਲ ''ਚ ਪਹੁੰਚਣ ਵਾਲੇ ਭਗਤਾਂ ਦੀ ਗਿਣਤੀ ਲਗਭਗ ਇਕ ਕਰੋੜ ਤੋਂ ਵੱਧ ਹੁੰਦੀ ਹੈ। ਸੁਲਤਾਨਗੰਜ (ਬਿਹਾਰ) ਤੋਂ ਜਲ ਭਰ ਕੇ ਵੈਦਯਨਾਥ ਧਾਮ (ਝਾਰਖੰਡ) ਤਕ ਦੀ ਲਗਭਗ ਇਕ ਸੌ ਦਸ ਕਿਲੋਮੀਟਰ ਦੀ ਪਹਾੜੀ, ਪਥਰੀਲੀ ਜ਼ਮੀਨ ਭਗਵੇ ਕੱਪੜੇ ਪਾਈ ਔਰਤਾਂ-ਮਰਦਾਂ ਤੇ ਬੱਚਿਆਂ ਦੀਆਂ ਟੋਲੀਆਂ ਨਾਲ ਭਰ ਜਾਂਦੀ ਹੈ। ਗੰਗਾ ਜਲ ਲੈ ਕੇ ਸੁਲਤਾਨਗੰਜ ਤੋਂ ਜਦੋਂ ਭਗਤਾਂ ਦੀ ਟੋਲੀ ''ਬਮ-ਬਮ'' ਦਾ ਜੈਕਾਰਾ ਲਗਾਉਂਦੇ ਹੋਏ ਅੱਗੇ ਵਧਦੀ ਹੈ ਤਾਂ ਸਾਰਾ ਵਾਤਾਵਰਣ ਸ਼ਿਵਮਈ ਹੋ ਜਾਂਦਾ ਹੈ।
ਇਸ ਮੌਕੇ ''ਤੇ ਸੁਲਤਾਨਗੰਜ ਦੇ ਅਜਗੈਬੀ ਨਾਥ ਮੰਦਰ ਦਾ ਵੀ ਮਹੱਤਵ ਵਧ ਜਾਂਦਾ ਹੈ। ਇਹ ਮੰਦਰ ਸੁਲਤਾਨਗੰਜ ''ਚ ਗੰਗਾ ਦੇ ਵਿਚੋ-ਵਿਚ ਇਕ ਪਹਾੜੀ ''ਤੇ ਸਥਿਤ ਹੈ। ਇਸ ਮੰਦਰ ਦੇ ਕੋਲ ਹੀ ਜੁਹਨੁ ਰਿਸ਼ੀ ਦਾ ਆਸ਼ਰਮ ਹੈ। ਅਜਗੈਬੀ ਨਾਥ ਮੰਦਰ ''ਚ ''ਅਜਗੈਬੀ'' ਸ਼ਿਵ ਦੀ ਪੂਜਾ ਹੁੰਦੀ ਹੈ, ਮਤਲਬ ਇਹ ਸ਼ਿਵ ਜੋ ਲੁਕੇ ਹੋਏ ਹਨ। ਕਿਹਾ ਜਾਂਦਾ ਹੈ ਕਿ ਲਗਭਗ ਪੰਜ ਸੌ ਸਾਲ ਪਹਿਲਾਂ ਮਹਾਨ ਸਾਧਕ ਯੋਗੀ ਹਰਨਾਥ ਭਾਰਤੀ ਨੇ ਇਸ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਇਸ ਸਥਾਨ ''ਤੇ ਬੇੜੀ ਰਾਹੀਂ ਪਹੁੰਚਿਆ ਜਾਂਦਾ ਸੀ। ਭਾਰਤ ''ਚ ਤੀਰਥਾਂ ਦੀ ਪਵਿੱਤਰ ਰਵਾਇਤ ਹੈ। ਉਸੇ ਤੀਰਥ ਪ੍ਰੰਪਰਾ ਨਾਲ ਜੁੜਿਆ ਹੈ ਦੇਵਘਰ ਦਾ ''ਰਾਵਣੇਸ਼ਵਰ'' ਵੈਦਯਨਾਥ ਧਾਮ ਮੰਦਰ। ਇਸ ਮੰਦਰ ਦੀ ਚਰਚਾ ''ਅਗਨੀਪੁਰਾਣ'' ''ਚ ਹੈ। ਕਿਹਾ ਜਾਂਦਾ ਹੈ ਕਿ ਸਤੀ ਦਾ ਹਿਰਦੇ ਪ੍ਰਦੇਸ਼ (ਦਿਲ ਵਾਲਾ ਹਿੱਸਾ) ਸ਼੍ਰੀ ਵਿਸ਼ਨੂੰ ਦੇ ਸੁਦਰਸ਼ਨ ਚੱਕਰ ਨਾਲ ਕੱਟ ਕੇ ਉਥੇ ਡਿਗਿਆ ਸੀ। ਸ਼ਿਵ ਪੁਰਾਣ ''ਚ ਵੀ ਵੈਦਯਨਾਥ ਧਾਮ ਦੀ ਚਰਚਾ ਹੈ। ਸ਼ਿਵ ਪੁਰਾਣ ''ਚ ਇਸ ਭੂਮੀ ਨੂੰ ''ਚਿਤਾ ਭੂਮੀ'' ਕਿਹਾ ਗਿਆ ਹੈ। ਸ਼੍ਰੀ ਹਰੀ ਦੇ ਚੱਕਰ ਨਾਲ ਕੱਟ ਕੇ ਜਦੋਂ ਸਤੀ ਦਾ ਹਿਰਦੇ ਪ੍ਰਦੇਸ਼ (ਦਿਲ ਵਾਲਾ ਹਿੱਸਾ) ਇਥੇ ਡਿਗਿਆ ਸੀ ਤਾਂ ਭਗਵਾਨ ਸ਼ਿਵ ਨੇ ਇਥੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਸੀ। ਮਾਨਤਾ ਹੈ ਕਿ ਵੈਦਯਨਾਥ ਧਾਮ ਦੀ ਜ਼ਮੀਨ ਦੇ ਅੰਦਰ ਅੱਜ ਵੀ ਜਗ੍ਹਾ-ਜਗ੍ਹਾ ''ਤੇ ਸੁਆਹ ਮਿਲਦੀ ਹੈ।
ਵੈਦਯਨਾਥ ਧਾਮ ਨੂੰ ਲੈ ਕੇ ਕਈ ਕਥਾਵਾਂ ਪ੍ਰਚੱਲਿਤ ਹਨ। ਇਸ ਧਾਮ ਨਾਲ ਜੁੜੀਆਂ ਕਥਾਵਾਂ ਪ੍ਰਤੀ ਆਸਥਾ ਦੀਆਂ ਜੜ੍ਹਾਂ ਡੂੰਘਾਈ ਤਕ ਫੈਲੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਲੰਕੇਸ਼ਵਰ ਰਾਵਣ ਸ਼ਿਵ ਰੂਪੀ ਕਾਮਨਾ ਲਿੰਗ ਨੂੰ ਲੈ ਕੇ ਆਪਣੇ ਨਾਲ ਲੰਕਾ ਲਿਜਾ ਰਿਹਾ ਸੀ। ਸ਼ਿਵ ਨੇ ਲੰਕੇਸ਼ਵਰ ਅੱਗੇ ਇਹ ਸ਼ਰਤ ਰੱਖੀ ਸੀ ਕਿ ਇਸ ਦੌਰਾਨ ਜਿਥੇ ਕਿਤੇ ਵੀ ਇਸ ਲਿੰਗ ਨੂੰ ਰੱਖ ਦਿੱਤਾ ਜਾਵੇਗਾ, ਉਹ ਉਥੇ ਸਥਾਪਤ ਹੋ ਜਾਏਗਾ। ਜਿਥੇ ਹੁਣ ਸ਼ਿਵਲਿੰਗ ਮੌਜੂਦ ਹੈ, ਉਥੇ ਆ ਕੇ ਰਾਵਣ ਨੂੰ ਹਾਜਤ ਹੋਣ ਲੱਗੀ। ਉਸ ਨੇ ਸ਼ਿਵਲਿੰਗ ਨੂੰ ਚੁੱਕਿਆ ਹੋਇਆ ਸੀ ਤਾਂ ਉਹ ਹਾਜਤ ਕਿਵੇਂ ਕਰਦਾ? ਕੋਲ ਹੀ ਇਕ ਚਰਵਾਹਾ ਖੜ੍ਹਾ ਸੀ, ਜਿਸ ਦਾ ਨਾਂ ਵੈਦਯਨਾਥ ਸੀ। ਰਾਵਣ ਕਾਮਨਾ ਲਿੰਗਉਸ ਚਰਵਾਹੇ ਨੂੰ ਫੜਾ ਕੇ ਹਾਜਤ ਲਈ ਚਲਾ ਗਿਆ। ਥੋੜ੍ਹੀ ਦੇਰ ਬਾਅਦ ਜਦੋਂ ਰਾਵਣ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਚਰਵਾਹਾ ਵੈਦਯਨਾਥ ਗਾਇਬ ਹੈ ਅਤੇ ਸ਼ਿਵਲਿੰਗ ਉਥੇ ਜ਼ਮੀਨ ''ਤੇ ਹੈ। ਸ਼ਰਤ ਮੁਤਾਬਕ ਰਾਵਣ ਉਸ ਲਿੰਗ ਨੂੰ ਨਹੀਂ ਲਿਜਾ ਸਕਦਾ ਸੀ। ਉਸ ਨੇ ਗੁੱਸੇ ''ਚ ਆ ਕੇ ਲਿੰਗ ਦੇ ਉਪਰਲੇ ਹਿੱਸੇ ''ਚ ਮੁੱਕੇ ਨਾਲ ਵਾਰ ਕਰ ਦਿੱਤਾ। ਅੱਜ ਵੀ ਕਾਮਨਾ ਲਿੰਗ ਰਾਵਣੇਸ਼ਵਰ ਦਾ ਉਪਰਲਾ ਹਿੱਸਾ ਚਪਟਾ ਹੈ। ਇਸ ਸਥਾਨ ''ਤੇ ਸ਼ਿਵਗੰਗਾ ਨਾਂ ਦਾ ਇਕ ਸਰੋਵਰ ਹੈ। ਵੈਦਯਨਾਥ ਜੋਤਿਰਲਿੰਗ ਦੀ ਪੂਜਾ ਤੋਂ ਪਹਿਲਾਂ ਭਗਤ ਇਸ ਵਿਚ ਇਸ਼ਨਾਨ ਕਰਦੇ ਹਨ। ਸ਼ਿਵ ਗੰਗਾ ਸੰਬੰਧੀ ਦੋ ਦੰਦਕਥਾਵਾਂ ਪ੍ਰਚੱਲਿਤ ਹਨ। ਪਹਿਲੀ ਕਥਾ ਮੁਤਾਬਕ ਰਾਵਣ ਨੇ ਜਦੋਂ ਜੋਤਿਰਲਿੰਗ ਹਾਜਤ ਕਾਰਨ ਚਰਵਾਹੇ ਵੈਦਯਨਾਥ ਦੇ ਹੱਥਾਂ ''ਚ ਸੌਂਪ ਦਿੱਤਾ ਤਾਂ ਉਸ ਤੋਂ ਬਾਅਦ ਰਾਵਣ ਨੂੰ ਹਾਜਤ ਲਈ ਪਾਣੀ ਦੀ ਲੋੜ ਪਈ।
ਪਾਣੀ ਦੀ ਪੂਰਤੀ ਲਈ ਰਾਵਣ ਨੇ ਸ਼ਿਵਗੰਗਾ ਨੂੰ ਲੱਤ ਨਾਲ ਵਾਰ ਕਰਕੇ ਪੈਦਾ ਕੀਤਾ। ਦੂਜੀ ਕਥਾ ਮੁਤਾਬਕ ਪ੍ਰਾਚੀਨ ਕਾਲ ''ਚ ਅਸ਼ਵਨੀ ਕੁਮਾਰਾਂ ਨੂੰ ਪੇਟ ਦਾ ਰੋਗ ਹੋ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਬ੍ਰਹਮਾ ਜੀ ਦਾ ਹੁਕਮ ਹੋਇਆ ਕਿ ''ਹਰ ਤੀਰਥ'' (ਵੈਦਯਨਾਥ ਧਾਮ) ''ਚ ਇਕ ਕੁੰਡ ਖੋਦ ਕੇ ਉਸ ਦਾ ਪਾਣੀ ਪੀਣ ਨਾਲ ਪੇਟ ਦਾ ਰੋਗ ਠੀਕ ਹੋ ਜਾਏਗਾ। ਪਦਮਪੁਰਾਣ ਅਤੇ ਸ਼ਿਵ ਪੁਰਾਣ ਦੇ ਉਤਰਾਖੰਡ ''ਚ ਰਾਵਣ ਨਾਲ ਸੰਬੰਧਿਤ ਅਤੇ ਬ੍ਰਹਮਧਰਮ ਪੁਰਾਣ ਤੇ ਭਵਿੱਖ ਪੁਰਾਣ ''ਚ ਅਸ਼ਵਨੀ ਕੁਮਾਰਾਂ ਨਾਲ ਸੰਬੰਧਿਤ ਕਥਾ ਦੀ ਚਰਚਾ ਹੈ। ਵੈਦਯਨਾਥ ਧਾਮ ਮੰਦਰ ਨੂੰ ਲੈ ਕੇ ਵੀ ਕਈ ਗੱਲਾਂ ਪ੍ਰਚੱਲਿਤ ਹਨ।
ਕਿਹਾ ਜਾਂਦਾ ਹੈ ਕਿ ਇਸ ਦਾ ਨਿਰਮਾਣ ਦੇਵ ਸ਼ਿਲਪੀ ਵਿਸ਼ਵਕਰਮਾ ਨੇ ਖੁਦ ਕੀਤਾ ਸੀ। ਕਿਹਾ ਜਾਂਦਾ ਹੈ ਕਿ ਵੈਦਯਨਾਥ ਮੰਦਰ ਦਾ ਨਿਰਮਾਣ ਇਕ ਹੀ ਪੱਥਰ ਦੇ ਟੁਕੜੇ ਨਾਲ ਹੋਇਆ ਹੈ। ਸ਼ਿਵਲਿੰਗ ''ਤੇ ਅੱਜ ਵੀ ਰਾਤ ਵੇਲੇ ਮੰਦਰ ਦੇ ਉਪਰਲੇ ਹਿੱਸੇ ਤੋਂ ਕੋਈ ਤਰਲ ਪਦਾਰਥ ਖੁਦ-ਬ-ਖੁਦ ਟਪਕਦਾ ਰਹਿੰਦਾ ਹੈ।
—ਆਨੰਦ ਕੁਮਾਰ ਅਨੰਤ