ਸੰਤ ਜਗੇੜੇ ਵਾਲੇ

4/24/2017 7:02:01 AM

ਤਲਖ਼ ਹਕੀਕਤਾਂ ਨਾਲ ਵਾਹ ਪਏ ਬਿਨਾਂ ਸੂਝ ਨਹੀਂ ਆਉਂਦੀ ਅਤੇ ਕਸਵੱਟੀਆਂ ਆਏ ਬਿਨਾਂ ਮਨੁੱਖ ਪਰਖਿਆ ਨਹੀਂ ਜਾਂਦਾ। ਕਈ ਵਿਅਕਤੀ ਥੋੜ੍ਹੀ ਜਿਹੀ ਔਖ ਆਉਣ ''ਤੇ ਹੀ ਪ੍ਰਮਾਤਮਾ ''ਤੇ ਸ਼ਿਕਵੇ ਕਰਨੇ ਆਰੰਭ ਕਰ ਦਿੰਦੇ ਹਨ ਤੇ ਕਈ ਵਿਅਕਤੀ ਔਕੜਾਂ ਤੇ ਦੁੱਖਾਂ ਨੂੰ ਹੀ ਜੀਵਨ ਦਾ ਆਨੰਦ ਮੰਨਦੇ ਹਨ, ਅਜਿਹੇ ਵਿਅਕਤੀਆਂ ਨੇ ਇਹ ਜਾਣ ਲਿਆ ਹੁੰਦਾ ਹੈ ਕਿ ਰਾਤ ਤੋਂ ਬਾਅਦ ਸਵੇਰ ਜ਼ਰੂਰ ਆਵੇਗੀ।
ਇਤਿਹਾਸ ਨੂੰ ਸਮਝਣ ਵਾਲੇ ਅਤੇ ਪ੍ਰਮਾਤਮਾ ''ਤੇ ਅਟੁੱਟ ਵਿਸ਼ਵਾਸ ਰੱਖਣ ਵਾਲੇ ਠੋਸ ਇਰਾਦਿਆਂ ਦੇ ਧਾਰਨੀ ਬਾਬਾ ਸ਼ਮਸ਼ੇਰ ਸਿੰਘ ਜਗੇੜੇ ਵਾਲਿਆਂ ਦਾ ਜਨਮ 1955 ਈ. ਵਿਚ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿਤਾ ਸ. ਸੱਜਣ ਸਿੰਘ ਦੇ ਗ੍ਰਹਿ ਪਿੰਡ ਨਾਨਕਪੁਰ ਜਗੇੜਾ, ਜ਼ਿਲਾ ਲੁਧਿਆਣਾ ਵਿਖੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਵਚਨਾਂ ਨਾਲ ਹੋਇਆ। ਸਕੂਲ ਪੜ੍ਹਨ ਤੋਂ ਬਾਅਦ ਪਿੰਡ ਦੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਬਚਪਨ ਵਿਚ ਹੀ ਸੰਤ ਬਚਨ ਸਿੰਘ ਤੋਂ ਗੁਰਬਾਣੀ ਸੰਥਿਆ ਅਤੇ ਕੀਰਤਨ ਦੀ ਦਾਤ ਪ੍ਰਾਪਤ ਕੀਤੀ।
14 ਸਾਲ ਦੀ ਉਮਰ ਵਿਚ ਸੰਥਿਆ ਪੂਰੀ ਕਰਕੇ ਕੀਰਤਨ ਦੀਆਂ 9 ਕੈਸੇਟਾਂ ਮਾਰਕੀਟ ਵਿਚ ਆਈਆਂ। ਇਨ੍ਹਾਂ ''ਚੋਂ 2 ਕੈਸੇਟਾਂ ''ਸੇਵਾ ਨੂੰ ਲਗਦਾ ਮੇਵਾ'' ਅਤੇ ''ਸੰਗਤ ਦਾ ਫਲ'' ਲੱਖਾਂ ਵਿਚ ਵਿਕੀਆਂ।
ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਨੇ ਇਨ੍ਹਾਂ ਦੇ ਜੀਵਨ ''ਤੇ ਅਮਿੱਟ ਪ੍ਰਭਾਵ ਪਾਇਆ। ਇਨ੍ਹਾਂ ਦੇ ਕੀਰਤਨ ਸੁਣਨ ਵਾਲੇ ਦੇ ਮਨ ''ਤੇ ਬੇਹੱਦ ਪ੍ਰਭਾਵ ਪੈਂਦਾ ਹੈ। ਸੰਤ ਜੀ ਨੂੰ 1982 ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੰਤ ਸਮਾਜ ਦਾ ਇਕੱਠ ਬੁਲਾ ਕੇ ਸੰਤ ਸਮਾਜ ਦਾ ਪ੍ਰਧਾਨ ਨਿਯੁਕਤ ਕੀਤਾ। ਹੁਣ ਤਕ ਸੰਤ ਸਮਾਜ ਦੇ ਪ੍ਰਧਾਨ ਚੱਲੇ ਆ ਰਹੇ ਹਨ। ਸੰਨ 2007 ਵਿਚ ਮਨੁੱਖੀ ਅਧਿਕਾਰ ਸੰਸਥਾ ''ਸੰਤ ਸਿਪਾਹੀ ਦਲ'' ਦਾ ਗਠਨ ਕੀਤਾ, ਜੋ ਹੁਣ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਯੂਨਿਟ ਸਥਾਪਿਤ ਕਰਕੇ ਵੱਡੀ ਪੱਧਰ ''ਤੇ ਇਸ ਸੰਸਥਾ ਨਾਲ ਐਡਵੋਕੇਟ, ਡਾਕਟਰ, ਪ੍ਰੋਫੈਸਰ, ਪਿੰ੍ਰਸੀਪਲ, ਲੇਖਕ, ਸਾਬਕਾ ਜੱਜ ਆਦਿ ਜੁੜੇ ਹੋਏ ਹਨ ਅਤੇ ਜੁੜ ਰਹੇ ਹਨ। ਸੰਤ ਜੀ ਅੰਮ੍ਰਿਤ ਸੰਚਾਰ ਦੀ ਲਹਿਰ ਵੱਡੇ ਪੱਧਰ ''ਤੇ ਦੇਸ਼-ਵਿਦੇਸ਼ ਵਿਚ ਚਲਾ ਰਹੇ ਹਨ।
—ਹਰਿਭਗਵੰਤ ਸਿੰਘ