ਪਵਿੱਤਰ ਅਸਥਾਨ ਲੱਖਦਾਤਾ ਪੀਰ ਨਿਗਾਹੇ ਵਾਲਾ

1/17/2017 2:53:44 AM

''ਜੈ ਲੱਖਦਾਤਾ ਪੀਰ'' ਦੇ ਜੈਕਾਰੇ ਨਾਲ ਸ਼ਰਧਾਲੂ ਪੀਰ ਨਿਗਾਹ ਪਹੁੰਚਦੇ ਹਨ। ਇਹ ਪਵਿੱਤਰ ਅਸਥਾਨ ਹਿਮਾਚਲ ਪ੍ਰਦੇਸ਼ ''ਚ ਊਨਾ ਦੇ ਬਸੌਲੀ ਵਿਚ ਸਥਿਤ ਹੈ ਅਤੇ ਪੰਜਾਬ ਵਿਚ ਖਾਸ ਕਰਕੇ ''ਪੀਰ ਨਿਗਾਹੇ ਵਾਲਾ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਠੋਸ ਚੱਟਾਨ ਵਿਚ ਉੱਕਰੀਆਂ ਗੁਫ਼ਾਵਾਂ ਸ਼ਰਧਾਲੂਆਂ ਨੂੰ ਹੀ ਨਹੀਂ, ਸੈਲਾਨੀਆਂ ਨੂੰ ਵੀ ਲੁਭਾਉਂਦੀਆਂ ਹਨ। ਸ਼ਰਧਾਲੂ ਜਿਥੇ ਮੰਨਤਾਂ ਪੂਰੀਆਂ ਹੋਣ ''ਤੇ ਸੀਸ ਨਿਭਾਉਂਦੇ ਹਨ। ਪੀਰ ਨਿਗਾਹ ਦੋ ਸ਼ਬਦਾਂ ਦਾ ਸੁਮੇਲ ਹੈ—ਪੀਰ ਅਤੇ ਨਿਗਾਹ। ਇਕ ਬਿਰਤਾਂਤ ਅਨੁਸਾਰ ਇਥੋਂ 6-7 ਕਿਲੋਮੀਟਰ ਦੂਰ ਇਕ ਪਿੰਡ ਸੈਲੀ ਹੈ। ਇਥੇ ਇਕ ਬ੍ਰਾਹਮਣ ਪਰਿਵਾਰ ਵਸਦਾ ਸੀ। ਪਰਿਵਾਰ ਦੇ ਨਿਗਾਹਿਆ ਨਾਂ ਦੇ ਵਿਅਕਤੀ ਨੂੰ ਕੋਹੜ ਦਾ ਰੋਗ ਸੀ। ਪਰਿਵਾਰ ਦੇ ਲੋਕ ਉਸ ਨਾਲ ਨਫਰਤ ਕਰਦੇ ਸਨ, ਇਸ ਲਈ ਪਰਿਵਾਰ ਨੂੰ ਛੱਡ ਕੇ ਉਹ ਕੁਝ ਦਿਨ ਇਨ੍ਹਾਂ ਗੁਫਾਵਾਂ ''ਚ ਰਹੇ। ਇਸੇ ਦੌਰਾਨ ਉਸ ਨੂੰ ਇਕ ਵਿਅਕਤੀ ਮਿਲਿਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡਾ ਇਹ ਰੋਗ ਲੱਖਦਾਤਾ ਪੀਰ ਸਖੀ ਸੁਲਤਾਨਪੁਰ ਨਾਂ ਦੀ ਦਰਗਾਹ, ਜੋ ਹੁਣ ਪਾਕਿਸਤਾਨ ਵਿਚ ਹੈ, ਉਥੇ ਜਾਣ ਨਾਲ ਠੀਕ ਹੋ ਸਕਦਾ ਹੈ। ਨਿਗਾਹਿਆ ਨੇ ਉਥੇ ਜਾਣ ਦੀ ਤਿਆਰੀ ਕੀਤੀ। ਉਸ ਸਮੇਂ ਆਵਾਜਾਈ ਦੇ ਸਾਧਨ ਨਹੀਂ ਸਨ। ਅਖੀਰ ਉਹ ਪੈਦਲ ਹੀ ਚੱਲ ਪਏ। ਥੋੜ੍ਹੀ ਦੂਰੀ ''ਤੇ ਹੀ ਉਨ੍ਹਾਂ ਨੂੰ ਇਕ ਫਕੀਰ ਮਿਲਿਆ, ਜਿਸ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ।
ਉਨ੍ਹਾਂ ਨੇ ਫਕੀਰ ਨੂੰ ਆਪਣੀ ਵਿਥਿਆ ਸੁਣਾਈ ਤਾਂ ਫਕੀਰ ਨੇ ਕਿਹਾ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਤੁਸੀਂ ਇਥੇ ਸਿਹਤਮੰਦ ਹੋ ਜਾਓਗੇ। ਫਕੀਰ ਬਾਬਾ ਨੇ ਉਨ੍ਹਾਂ ਨੂੰ ਨਾਲ ਲੱਗਦੀ ਛੱਪੜੀ (ਪਾਣੀ ਦਾ ਚਸ਼ਮਾ) ''ਤੇ ਲਿਜਾ ਕੇ ਪਾਣੀ ਦੇ ਛਿੱਟੇ ਮਾਰੇ ਅਤੇ ਉਹ ਠੀਕ ਹੋ ਗਿਆ। ਫਕੀਰ ਨੇ ਕਿਹਾ ਕਿ ਅੱਜ ਤੋਂ ਜੋ ਵੀ ਇਸ ਛਪੜੀ ਦਾ ਪਾਣੀ ਕੋਹੜ ਦੇ ਰੋਗੀ ''ਤੇ ਛਿੜਕੇਗਾ, ਉਹ ਠੀਕ ਹੋ ਜਾਵੇਗਾ।
ਫਕੀਰ ਨੇ ਨਿਗਾਹਿਆ ਨੂੰ ਕਿਹਾ ਕਿ ਉਹ ਉਸੇ ਗੁਫਾ ''ਚ ਭਗਤੀ ਕਰਨ। ਪੀਰ ਲੱਖਦਾਤਾ ਉਸ ਫਕੀਰ ਦਾ ਨਾਂ ਅਤੇ ਨਿਗਾਹਿਆ ਉਸ ਬ੍ਰਾਹਮਣ ਦੇ ਨਾਂ ਨੂੰ ਜੋੜ ਦੇਣ ਨਾਲ ''ਪੀਰ ਨਿਗਾਹ'' ਬਣਿਆ। ਫਕੀਰ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਵੀ ਸ਼ਰਧਾਲੂ ਇਸ ਸਥਾਨ ''ਤੇ ਆਵੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ੱਤੇ ਨਿਗਾਹਿਆ ਦੀਆਂ ਅੱਖਾਂ ਅੱਗਿਓਂ ਅਲੋਪ ਹੋ ਗਏ। ਉਦੋਂ ਤੋਂ ਨਿਗਾਹਿਆ ਨੇ ਇਥੇ ਹੀ ਭਗਤੀ ਕੀਤੀ ਅਤੇ ਇਥੇ ਹੀ ਸਮਾਧੀ ''ਚ ਲੀਨ ਹੋ ਗਏ। ਇਸ ਗੁਫਾ ''ਚ ਸਮਾਧੀ ਬਣਾਈ ਗਈ ਹੈ।
ਵਿਸਾਖੀ ਵਾਲੇ ਦਿਨ ਸਮਾਧੀ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਇਸ ''ਤੇ ਪਹਿਲੀ ਚਾਦਰ ਸੈਲੀ ਪਿੰਡ ਦੇ ਬ੍ਰਾਹਮਣ ਪਰਿਵਾਰ ਦੀ ਹੀ ਚੜ੍ਹਾਈ ਜਾਂਦੀ ਹੈ। ਪੀਰ ਨਿਗਾਹ ਦੇ ਕੰਪਲੈਕਸ ਵਿਚ ਬਾਣ ਵਾਲੀ ਮੰਜੀ ''ਤੇ ਸੌਣਾ, ਤੇਲ ਚੜ੍ਹਾਉਣਾ ਅਤੇ ਗ੍ਰਹਿਸਥ ਵਿਚ ਰਹਿਣਾ ਵੀ ਮਨਾ ਹੈ। ਬਾਬਾ ਲੱਖਦਾਤਾ ਦੀ ਵੱਡੀ ਗੁਫਾ, ਜਿਥੇ ਨਿਗਾਹਿਆ ਜੀ ਨੇ ਭਗਤੀ ਕੀਤੀ ਸੀ, ਨਾਲ ਲੱਗਦੀਆਂ ਸਾਰੀਆਂ ਗੁਫਾਵਾਂ ਦੀ 2 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ ਹੈ।
ਛੱਪੜੀ
ਪਵਿੱਤਰ ਛੱਪੜੀ, ਜਿਸ ਦਾ ਜਲ ਫਕੀਰ ਵਲੋਂ ਛਿੜਕਣ ਨਾਲ ਹੀ ਨਿਗਾਹਿਆ ਰੋਗ-ਮੁਕਤ ਹੋਇਆ, ਹੁਣ ਉਸ ਛੱਪੜੀ ਦੀ ਇਥੋਂ ਦੀ ਪ੍ਰਬੰਧਨ ਕਮੇਟੀ ਨੇ ਪੂਰੀ ਤਰ੍ਹਾਂ ਨੁਹਾਰ ਬਦਲ ਦਿੱਤੀ ਹੈ। ਇਥੇ ਫੁਹਾਰੇ ਲੱਗੇ ਹਨ। ਲੋਕਾਂ ਦੇ ਨਹਾਉਣ ਦੀ ਖਾਸ ਵਿਵਸਥਾ ਹੈ। ਇਹ ਪਵਿੱਤਰ ਅਸਥਾਨ ਊਨਾ-ਨੰਗਲ ਰੋਡ ਤੋਂ 7-8 ਕਿਲੋਮੀਟਰ ਦੂਰ ਊਨਾ-ਬੀਹੜੂ ਰੋਡ ਦੇ ਮੱਧ ''ਚ ਪੂਰਬ ਦਿਸ਼ਾ ਵਿਚ ਹੈ। ਇਥੇ ਪਹੁੰਚਣ ਲਈ ਆਵਾਜਾਈ ਦੇ ਬੇਹਤਰ ਸਾਧਨ ਹਨ। ਪ੍ਰਬੰਧਨ ਕਮੇਟੀ ਦਾ ਸੰਚਾਲਨ ਬਸੌਲੀ ਦੀ ਗ੍ਰਾਮ ਪੰਚਾਇਤ ਕਰਦੀ ਹੈ। ਇਥੇ ਸ਼ਰਧਾਲੂਆਂ ਦੇ ਠਹਿਰਨ ਲਈ ਪ੍ਰਬੰਧਨ ਲਈ 5-6 ਸਰਾਵਾਂ ਹਨ, ਜਦਕਿ ਇਕ ਤਿੰਨ ਮੰਜ਼ਿਲਾ ਕੰਪਲੈਕਸ ਵੀ ਨਿਰਮਾਣ ਅਧੀਨ ਹੈ।
ਸ਼ਰਧਾਲੂਆਂ ਲਈ ਲੰਗਰ ਦੀ ਖਾਸ ਵਿਵਸਥਾ ਹੈ, ਜੋ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਅਤੇ ਸ਼ਾਮ ਨੂੰ 7 ਤੋਂ ਰਾਤ 11 ਵਜੇ ਤਕ ਅਟੁੱਟ ਚੱਲਦਾ ਹੈ। ਕੰਪਲੈਕਸ ਵਿਚ ਹੀ ਡਿਸਪੈਂਸਰੀ ਹੈ। ਗਊ ਸੇਵਾ ਸਦਨ ਹੈ। ਸ਼ਰਧਾਲੂਆਂ ਦੀ ਸੁਰੱਖਿਆ ਲਈ ਸੁਰੱਖਿਆ ਗਾਰਡ ਤਾਇਨਾਤ ਹਨ। ਦਰਸ਼ਨਾਂ ਲਈ ਲਾਈਨ ਵਿਚ ਲੱਗੇ ਸ਼ਰਧਾਲੂਆਂ ਲਈ ਕੂਲਰ-ਪੱਖੇ ਹਨ। ਮੰਦਿਰ ਕੰਪਲੈਸ ਦੀ ਚੌਕਸ ਨਿਗਰਾਨੀ ਲਈ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਮੰਦਿਰ ਕੰਪਲੈਕਸ ਦੇ ਬਾਹਰ ਕੁਝ ਦੂਰੀ ''ਤੇ ਇਕ ਪੁਰਾਣੇ ਵਿਸ਼ਾਲ ਤਲਾਬ ਦੀ ਰੈਨੋਵੇਸ਼ਨ ਕੀਤੀ ਗਈ ਹੈ। ਕਮੇਟੀ ਦੇ ਸਮਾਜਿਕ ਸਰੋਕਾਰ ਵੀ ਹਨ। ਬਸੌਲੀ ਪਿੰਡ ਵਿਚ ਲੜਕੀ ਦੇ ਵਿਆਹ ਅਤੇ ਬੇਟੀ ਪੜ੍ਹਾਓ, ਬੇਟੀ ਬਚਾਓ ਮੁਹਿੰਮ ਦੇ ਤਹਿਤ ਬੇਟੀ ਹੋਣ ''ਤੇ 11 ਹਜ਼ਾਰ ਰੁਪਏ ਅਤੇ 5100 ਰੁਪਏ ਪਰਿਵਾਰ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
ਪੀਰ ਨਿਗਾਹ ਪ੍ਰਬੰਧਨ ਕਮੇਟੀ ਬਹੁਤ ਸਾਰੇ ਹੋਰ ਸਮਾਜਿਕ ਅਤੇ ਧਾਰਮਿਕ ਯੱਗਾਂ ਨਾਲ ਜੁੜੀ ਹੈ। ਪੀਰ ਨਿਗਾਹ ਵਿਚ ਸ਼ਰਧਾਲੂਆਂ ਵਲੋਂ ਚੜ੍ਹਾਏ ਗਏ ਚੜ੍ਹਾਵੇ ਦਾ ਬਹੁਤ ਹੀ ਠੀਕ ਢੰਗ ਨਾਲ ਸਦਉਪਯੋਗ ਹੋ ਰਿਹਾ ਹੈ।
—ਸਤਪਾਲ