ਸਾਧੂ ਦੀ ਝੌਂਪੜੀ

9/11/2017 11:46:27 AM

ਕਿਸੇ ਪਿੰਡ ਵਿਚ 2 ਸਾਧੂ ਰਹਿੰਦੇ ਸਨ। ਉਹ ਪੂਰਾ ਦਿਨ ਭੀਖ ਮੰਗਦੇ ਅਤੇ ਮੰਦਰ ਵਿਚ ਪੂਜਾ ਕਰਦੇ ਸਨ। ਇਕ ਦਿਨ ਪਿੰਡ ਵਿਚ ਹਨੇਰੀ ਆ ਗਈ ਅਤੇ ਬਹੁਤ ਜ਼ੋਰਦਾਰ ਮੀਂਹ ਪੈਣ ਲੱਗਾ। ਦੋਵੇਂ ਪਿੰਡ ਦੀ ਹੱਦ ਨਾਲ ਲੱਗੀ ਝੌਂਪੜੀ ਵਿਚ ਰਹਿੰਦੇ ਸਨ। ਸ਼ਾਮ ਨੂੰ ਜਦੋਂ ਦੋਵੇਂ ਵਾਪਸ ਆਏ ਤਾਂ ਦੇਖਿਆ ਕਿ ਹਨੇਰੀ-ਤੂਫਾਨ ਕਾਰਨ ਉਨ੍ਹਾਂ ਦੀ ਅੱਧੀ ਝੌਂਪੜੀ ਟੁੱਟ ਗਈ ਹੈ। ਇਹ ਦੇਖ ਕੇ ਪਹਿਲਾ ਸਾਧੂ ਗੁੱਸੇ ਵਿਚ ਆ ਗਿਆ ਅਤੇ ਬੋਲਿਆ,''ਰੱਬਾ! ਤੂੰ ਮੇਰੇ ਨਾਲ ਹਮੇਸ਼ਾ ਗਲਤ ਕਰਦਾ ਹੈਂ। ਮੈਂ ਪੂਰਾ ਦਿਨ ਤੇਰਾ ਨਾਂ ਲੈਂਦਾ ਹਾਂ, ਮੰਦਰ ਵਿਚ ਤੇਰੀ ਪੂਜਾ ਕਰਦਾ ਹਾਂ। ਫਿਰ ਵੀ ਤੂੰ ਮੇਰੀ ਝੌਂਪੜੀ ਤੋੜ ਦਿੱਤੀ। ਪਿੰਡ ਵਿਚ ਚੋਰ-ਲੁਟੇਰਿਆਂ ਤੇ ਝੂਠੇ ਲੋਕਾਂ ਦੇ ਤਾਂ ਮਕਾਨਾਂ ਨੂੰ ਕੁਝ ਨਹੀਂ ਹੋਇਆ, ਵਿਚਾਰੇ ਸਾਡੇ ਸਾਧੂਆਂ ਦੀ ਝੌਂਪੜੀ ਹੀ ਤੂੰ ਤੋੜ ਦਿੱਤੀ। ਇਹ ਤੇਰਾ ਹੀ ਕੰਮ ਹੈ। ਅਸੀਂ ਤੇਰਾ ਨਾਂ ਜਪਦੇ ਹਾਂ ਪਰ ਤੂੰ ਸਾਡੇ ਨਾਲ ਪਿਆਰ ਨਹੀਂ ਕਰਦਾ।''
ਉਸੇ ਵੇਲੇ ਦੂਜਾ ਸਾਧੂ ਆਇਆ ਅਤੇ ਝੌਂਪੜੀ ਦੇਖ ਕੇ ਖੁਸ਼ ਹੋ ਗਿਆ। ਫਿਰ ਉਹ ਨੱਚਦਾ ਹੋਇਆ ਕਹਿਣ ਲੱਗਾ,''ਰੱਬਾ! ਅੱਜ ਯਕੀਨ ਹੋ ਗਿਆ ਕਿ ਤੂੰ ਸਾਡੇ ਨਾਲ ਕਿੰਨਾ ਪਿਆਰ ਕਰਦਾ ਏਂ। ਇਹ ਸਾਡੀ ਅੱਧੀ ਝੌਂਪੜੀ ਤੂੰ ਹੀ ਬਚਾਈ ਹੋਵੇਗੀ, ਨਹੀਂ ਤਾਂ ਇੰਨੀ ਤੇਜ਼ ਹਨੇਰੀ-ਤੂਫਾਨ ਵਿਚ ਤਾਂ ਪੂਰੀ ਝੌਂਪੜੀ ਹੀ ਉੱਡ ਜਾਂਦੀ। ਇਹ ਤੇਰੀ ਹੀ ਕ੍ਰਿਪਾ ਹੈ ਕਿ ਅਜੇ ਵੀ ਸਾਡੇ ਕੋਲ ਸਿਰ ਢੱਕਣ ਲਈ ਜਗ੍ਹਾ ਹੈ। ਯਕੀਨੀ ਤੌਰ 'ਤੇ ਇਹ ਮੇਰੀ ਪੂਜਾ ਦਾ ਹੀ ਫਲ ਹੈ। ਕੱਲ ਤੋਂ ਮੈਂ ਤੇਰੀ ਹੋਰ ਪੂਜਾ ਕਰਾਂਗਾ। ਮੇਰਾ ਤੇਰੇ 'ਤੇ ਵਿਸ਼ਵਾਸ ਹੋਰ ਵੀ ਵਧ ਗਿਆ ਹੈ, ਤੇਰੀ ਜੈ ਹੋਵੇ।''
ਦੋਸਤੋ, ਇਕੋ ਘਟਨਾ ਨੂੰ ਇਕੋ ਜਿਹੇ 2 ਵਿਅਕਤੀਆਂ ਨੇ ਕਿੰਨੇ ਵੱਖ-ਵੱਖ ਢੰਗ ਨਾਲ ਦੇਖਿਆ। ਸਾਡੀ ਸੋਚ ਸਾਡਾ ਭਵਿੱਖ ਤੈਅ ਕਰਦੀ ਹੈ। ਸਾਡੀ ਦੁਨੀਆ ਤਾਂ ਹੀ ਬਦਲੇਗੀ ਜਦੋਂ ਸਾਡੀ ਸੋਚ ਬਦਲੇਗੀ। ਜੇ ਸਾਡੀ ਸੋਚ ਪਹਿਲਾਂ ਵਾਲੇ ਸਾਧੂ ਵਰਗੀ ਹੋਵੇਗੀ ਤਾਂ ਸਾਨੂੰ ਹਰ ਚੀਜ਼ ਵਿਚ ਕਮੀ ਹੀ ਨਜ਼ਰ ਆਏਗੀ ਅਤੇ ਜੇ ਦੂਜੇ ਸਾਧੂ ਵਰਗੀ ਹੋਵੇਗੀ ਤਾਂ ਸਾਨੂੰ ਹਰ ਚੀਜ਼ ਵਿਚ ਚੰਗਿਆਈ ਦਿਸੇਗੀ। ਇਸ ਲਈ ਸਾਨੂੰ ਦੂਜੇ ਸਾਧੂ ਵਾਂਗ ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ਵਿਚ ਵੀ ਆਪਣੀ ਸੋਚ ਹਾਂ-ਪੱਖੀ ਬਣਾਈ ਰੱਖਣੀ ਚਾਹੀਦੀ ਹੈ।