ਰੂਮੀ ਦੀਆਂ ਕਿਤਾਬਾਂ

4/7/2017 3:24:29 PM

ਇਕ ਸ਼ਾਮ ਮਸ਼ਹੂਰ ਸੂਫੀ ਤੇ ਦਾਰਸ਼ਨਿਕ ਰੂਮੀ ਦਰਿਆ ਕੰਢੇ ਕੁਝ ਲਿਖ ਰਹੇ ਸਨ। ਉਨ੍ਹਾਂ ਦੇ ਆਲੇ-ਦੁਆਲੇ ਉਨ੍ਹਾਂ ਵਲੋਂ ਲਿਖੀਆਂ ਕਿਤਾਬਾਂ ਦਾ ਢੇਰ ਲੱਗਾ ਸੀ। ਉਸ ਦੌਰ ਵਿਚ ਕਿਤਾਬਾਂ ਹੱਥ ਨਾਲ ਲਿਖੀਆਂ ਜਾਂਦੀਆਂ ਸਨ। ਰੂਮੀ ਇੰਨੇ ਉੱਚੇ ਦਰਜੇ ਦੇ ਵਿਦਵਾਨ ਸਨ ਕਿ ਉਨ੍ਹਾਂ ਕੋਲ ਦੂਰ-ਦੂਰ ਤੋਂ ਲੋਕ ਪੜ੍ਹਨ ਆਉਂਦੇ ਸਨ। ਉਹ ਲੋਕਾਂ ਨੂੰ ਪੂਰੀ ਦਿਲਚਸਪੀ ਨਾਲ ਪੜ੍ਹਾਉਂਦੇ ਸਨ।

ਉਸ ਵੇਲੇ ਰੂਮੀ ਦਰਿਆ ਕੰਢੇ ਖਾਮੋਸ਼ੀ ਤੇ ਮਨ ਦੀਆਂ ਡੂੰਘਾਈਆਂ ਨਾਲ ਕੁਝ ਲਿਖਣ ਵਿਚ ਰੁੱਝੇ ਹੋਏ ਸਨ ਕਿ ਸ਼ਮਸ ਤਰਬੇਜ਼ ਉਨ੍ਹਾਂ ਕੋਲ ਆਏ। ਸ਼ਮਸ ਬਿਲਕੁਲ ਬੁਰੇ ਹਾਲ ਵਿਚ ਸਨ ਅਤੇ ਉਨ੍ਹਾਂ ਦੇ ਵਾਲ ਬਿਖਰੇ ਹੋਏ ਸਨ। ਉਹ ਆ ਕੇ ਰੂਮੀ ਸਾਹਮਣੇ ਬੈਠ ਗਏ। ਰੂਮੀ ਨੇ ਉਨ੍ਹਾਂ ਦਾ ਹਾਲ ਪੁੱਛਿਆ ਅਤੇ ਫਿਰ ਲਿਖਣ ਲੱਗੇ।
ਸ਼ਮਸ ਨੇ ਉਨ੍ਹਾਂ ਦੇ ਆਲੇ-ਦੁਆਲੇ ਕਿਤਾਬਾਂ ਦਾ ਢੇਰ ਲੱਗਾ ਦੇਖਿਆ। ਉਹ ਰੂਮੀ ਵਰਗੇ ਵਿਦਵਾਨ ਤਾਂ ਨਹੀਂ ਸਨ, ਫਿਰ ਵੀ ਪੁੱਛ ਬੈਠੇ ਕਿ ਇਹ ਕੀ ਹੈ, ਇਨ੍ਹਾਂ ਕਿਤਾਬਾਂ ਵਿਚ ਕੀ ਹੈ?
ਆਪਣੀ ਵਿਦਵਾਨੀ ''ਤੇ ਮਾਣ ਕਰਨ ਵਾਲੇ ਰੂਮੀ ਬੋਲੇ,''''ਇਨ੍ਹਾਂ ਵਿਚ ਜੋ ਹੈ, ਉਹ ਤੂੰ ਨਹੀਂ ਜਾਣਦਾ। ਇਹ ਇਲਮ ਹੈ, ਤੇਰੇ ਵੱਸ ਦਾ ਨਹੀਂ।''''
ਸ਼ਮਸ ਨੇ ਇਕਦਮ ਕਿਤਾਬਾਂ ਚੁੱਕੀਆਂ ਅਤੇ ਦਰਿਆ ਵਿਚ ਸੁੱਟ ਦਿੱਤੀਆਂ।
ਆਪਣੀ ਵਰ੍ਹਿਆਂ ਦੀ ਮਿਹਨਤ ਨੂੰ ਪਾਣੀ ਵਿਚ ਡੁੱਬਦਾ ਦੇਖ ਕੇ ਰੂਮੀ ਘਬਰਾ ਗਏ। ਉਹ ਬੋਲੇ,''''ਇਹ ਕੀ ਕੀਤਾ ਤੂੰ? ਮੇਰੀ ਸਾਰੀ ਮਿਹਨਤ ਮਿੱਟੀ ਵਿਚ ਮਿਲਾ ਦਿੱਤੀ।''''
ਸ਼ਮਸ ਮੁਸਕਰਾਏ ਅਤੇ ਬੋਲੇ,''''ਠੰਡ ਰੱਖ ਰੂਮੀ।''''
ਫਿਰ ਉਨ੍ਹਾਂ ਦਰਿਆ ਵਿਚ ਹੱਥ ਪਾ ਕੇ ਇਕ ਕਿਤਾਬ ਕੱਢੀ। ਫਿਰ ਇਕ ਤੋਂ ਬਾਅਦ ਇਕ ਸਾਰੀਆਂ ਕਿਤਾਬਾਂ ਪਾਣੀ ਵਿਚ ਹੱਥ ਪਾ ਕੇ ਕੱਢ ਦਿੱਤੀਆਂ। ਰੂਮੀ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਜਦੋਂ ਇਕ ਵੀ ਕਿਤਾਬ ਨਾ ਭਿੱਜੀ ਤੇ ਨਾ ਹੀ ਖਰਾਬ ਹੋਈ।
ਉਹ ਸ਼ਮਸ ਨੂੰ ਬੋਲੇ,''''ਇਹ ਕੀ ਹੈ ਸ਼ਮਸ ਅਤੇ ਕਿਹੜਾ ਇਲਮ ਹੈ?''''
ਸ਼ਮਸ ਬੋਲੇ,''''ਇਹ ਉਹ ਇਲਮ ਹੈ ਜੋ ਤੈਨੂੰ ਨਹੀਂ ਆਉਂਦਾ। ਇਹ ਇਲਮ ਤੇਰੀ ਸਮਝ ਤੋਂ ਬਾਹਰ ਹੈ।''''
ਇਹ ਕਹਿੰਦਿਆਂ ਸ਼ਮਸ ਉਥੋਂ ਚਲੇ ਗਏ। ਇਸ ਲਈ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਘੱਟ ਨਾ ਸਮਝੋ। ਆਪਣੇ ਗਿਆਨ ''ਤੇ ਘੁਮੰਡ ਨਾ ਕਰੋ। ਹੋ ਸਕਦਾ ਹੈ ਕਿ ਸਾਹਮਣੇ ਵਾਲੇ ਨੂੰ ਉਹ ਆਉਂਦਾ ਹੋਵੇ ਜੋ ਤੁਹਾਨੂੰ ਨਾ ਆਉਂਦਾ ਹੋਵੇ। ਰੱਬ ਨੇ ਹਰ ਇਕ ਨੂੰ ਖੂਬੀਆਂ ਦਿੱਤੀਆਂ ਹਨ। ਇਸ ਲਈ ਸਾਰਿਆਂ ਦੀ ਇੱਜ਼ਤ ਕਰੋ।