ਬੌਸ ਦੀ ਸਹੀ ਸੋਚ

8/11/2017 2:00:13 PM

ਇਕ ਕੰਪਨੀ ਦਾ ਬੌਸ ਯਾਤਰਾ ਦੌਰਾਨ ਪਿੰਡ 'ਚੋਂ ਲੰਘਿਆ ਜਿਸ ਵਿਚ ਉਸ ਦੀ ਕੰਪਨੀ 'ਚ ਕੰਮ ਕਰਨ ਵਾਲੇ ਕਾਫੀ ਲੋਕ ਰਹਿੰਦੇ ਸਨ। ਕੁਝ ਲੋਕਾਂ ਨੇ ਉਸ ਨੂੰ ਅਪਸ਼ਬਦ ਕਹਿਣ ਦੇ ਨਾਲ ਹੀ ਮਾੜਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਬੌਸ ਬੋਲਿਆ,''ਮੈਂ ਕੱਲ ਆ ਕੇ ਜਵਾਬ ਦੇਵਾਂਗਾ।''
ਲੋਕ ਬਹੁਤ ਹੈਰਾਨ ਹੋਏ। ਉਨ੍ਹਾਂ ਬੌਸ ਨੂੰ ਪੁੱਛਿਆ,''ਅਸੀਂ ਤੁਹਾਡਾ ਅਪਮਾਨ ਕੀਤਾ, ਤੁਹਾਡੇ ਬਾਰੇ ਮੰਦਾ-ਚੰਗਾ ਬੋਲਿਆ। ਤੁਸੀਂ ਸਾਡੇ ਨਾਲ ਝਗੜਣ ਦੀ ਬਜਾਏ ਕੱਲ ਆ ਕੇ ਜਵਾਬ ਦੇਣ ਦੀ ਗੱਲ ਕਰ ਰਹੇ ਹੋ?''
ਬੌਸ ਨੇ ਕਿਹਾ,''ਪਹਿਲਾਂ ਮੈਂ ਘਰ ਜਾ ਕੇ ਸੋਚਾਂਗਾ ਕਿ ਤੁਸੀਂ ਜੋ ਮੇਰਾ ਅਪਮਾਨ ਕੀਤਾ ਹੈ, ਕਿਤੇ ਉਹ ਠੀਕ ਤਾਂ ਨਹੀਂ। ਹੋ ਸਕਦਾ ਹੈ ਕਿ ਤੁਸੀਂ ਜੋ ਬੁਰਾਈਆਂ ਮੇਰੇ ਵਿਚ ਦੱਸੀਆਂ ਹਨ, ਉਹ ਸੱਚਮੁੱਚ ਹੋਣ। ਇਸੇ ਲਈ ਪਹਿਲਾਂ ਮੈਂ ਜਾਂਚ ਕਰਾਂਗਾ, ਫਿਰ ਕੱਲ ਆ ਕੇ ਜਵਾਬ ਦੇਵਾਂਗਾ। ਇਸ ਵਿਚ ਝਗੜਾ ਕਿਸ ਗੱਲ ਦਾ?''
ਬੌਸ ਦੀ ਮਹਾਨਤਾ ਪਿੰਡ ਵਾਸੀਆਂ ਨੂੰ ਹੁਣ ਸਮਝ ਆ ਗਈ। ਆਪਣੇ ਵਤੀਰੇ ਤੋਂ ਸ਼ਰਮਿੰਦਾ ਹੋ ਕੇ ਉਹ ਉਸ ਦੇ ਪੈਰਾਂ ਵਿਚ ਡਿਗ ਪਏ। ਬੌਸ ਦੇ ਦਿਲ ਵਿਚ ਤਾਂ ਪਹਿਲਾਂ ਹੀ ਉਨ੍ਹਾਂ ਪ੍ਰਤੀ ਮਾੜੀ ਭਾਵਨਾ ਨਹੀਂ ਸੀ। ਉਹ ਆਪਣੇ ਰਸਤੇ ਚਲਾ ਗਿਆ।
ਕਹਿਣ ਤੋਂ ਭਾਵ ਹੈ ਕਿ ਸਾਨੂੰ ਕਿਸੇ ਵੀ ਗੱਲ ਦਾ ਤੁਰੰਤ ਜਵਾਬ ਦੇਣ ਦੀ ਬਜਾਏ ਪਹਿਲਾਂ ਉਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਸੀਂ ਸਹੀ ਹੋਵੋ ਪਰ ਗਲਤ ਵੀ ਤਾਂ ਹੋ ਸਕਦੇ ਹੋ।