ਸਫਲਤਾ-ਅਸਫਲਤਾ ਲਈ ਸਾਡੀ ਸੋਚ ਜ਼ਿੰਮੇਵਾਰ
7/14/2017 12:04:55 PM
ਤੁਹਾਡਾ ਮਨ ਹੀ ਤੁਹਾਡੇ ਅੰਦਰ ਸਵਰਗ ਜਾਂ ਨਰਕ ਰਚਦਾ ਹੈ। ਇਹ ਸਭ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਦਿਮਾਗ ਦੀ ਵਰਤੋਂ ਕਿਵੇਂ ਕਰਦੇ ਹੋ। ਤੁਹਾਨੂੰ ਆਪਣੇ ਅੰਦਰ ਤਰਸ ਦੀ ਜਗ੍ਹਾ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਤੁਸੀਂ ਜ਼ਿਆਦਾ ਵਧੀਆ ਢੰਗ ਨਾਲ ਜੀਅ ਸਕਦੇ ਹੋ।
ਸਾਡੇ ਜੀਵਨ ਦਾ ਉਦੇਸ਼ ਸਿਰਫ ਦਿਨ ਕੱਟਣਾ ਨਹੀਂ, ਸਗੋਂ ਆਤਮ-ਸ਼ਾਂਤੀ ਦੀ ਭਾਲ ਹੈ। ਜਦੋਂ ਜੀਵਨ ਵਿਚ ਸੰਤੁਸ਼ਟੀ ਹੋਵੇਗੀ ਤਾਂ ਅਸਫਲਤਾਵਾਂ ਤੋਂ ਦੁੱਖ ਨਹੀਂ ਹੋਵੇਗਾ। ਜਦੋਂ ਤੁਸੀਂ ਦੂਜਿਆਂ ਨਾਲ ਤੁਲਨਾ ਕਰਦੇ ਹੋ ਤਾਂ ਤੁਹਾਨੂੰ ਆਪਣਾ ਕੱਦ ਹਮੇਸ਼ਾ ਛੋਟਾ ਹੀ ਨਜ਼ਰ ਆਉਂਦਾ ਹੈਕਿਉਂਕਿ ਕੋਈ ਨਾ ਕੋਈ ਅਜਿਹਾ ਵਿਅਕਤੀ ਮਿਲ ਜਾਂਦਾ ਹੈ ਜੋ ਤੁਹਾਡੇ ਨਾਲੋਂ ਦੌੜ ਵਿਚ ਅੱਗੇ ਖੜ੍ਹਾ ਹੁੰਦਾ ਹੈ।
ਖੇਡ ਦੀ ਦੁਨੀਆ ਵਿਚ ਵੀ ਜੋ ਰਿਕਾਰਡ ਬਣੇ ਹਨ, ਉਹ ਇਕ ਨਾ ਇਕ ਦਿਨ ਟੁੱਟਣਗੇ ਹੀ। ਇਸ ਲਈ ਤੁਲਨਾ ਅਜਿਹੀ ਚੀਜ਼ ਹੈ ਜੋ ਤੁਹਾਨੂੰ ਅਸਫਲਤਾ ਦੇ ਰਸਤੇ 'ਤੇ ਲੈ ਜਾਂਦੀ ਹੈ ਪਰ ਤਰੱਕੀ ਵੱਲ ਵਧਣ ਦਾ ਰਸਤਾ ਵੀ ਇਹੋ ਹੈ।
ਜਦੋਂ ਸਾਡੇ ਮਨ ਵਿਚ ਇਹ ਸੋਚ ਰਹਿੰਦੀ ਹੈ ਕਿ ਅਸੀਂ ਅਸਫਲ ਹੋ ਗਏ ਤਾਂ ਸਮਝੋ ਕਿ ਤੁਸੀਂ ਅਸਫਲ ਹੋਏ, ਨਹੀਂ ਤਾਂ ਤੁਸੀਂ ਜਿਥੇ ਵੀ ਹੋ, ਉਹੋ ਤੁਹਾਡੀ ਸਫਲਤਾ ਹੈ। ਅਸਲ ਵਿਚ ਮਨ ਬੰਧਨ ਜਾਂ ਆਜ਼ਾਦੀ ਨੂੰ ਜਨਮ ਨਹੀਂ ਦਿੰਦਾ ਸਗੋਂ ਉਹ ਤਾਂ ਇਕ ਭਾਂਡਾ ਹੈ, ਜਿਸ ਵਿਚ ਤੁਸੀਂ ਜੋ ਵੀ ਪਾਓਗੇ ਉਹ ਉਸੇ ਤਰ੍ਹਾਂ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਉਦਾਹਰਣ ਵਜੋਂ ਇਕ ਚਾਕੂ ਦੀ ਤੁਸੀਂ ਗਲਤ ਢੰਗ ਨਾਲ ਵਰਤੋਂ ਕਰਦੇ ਹੋ ਤਾਂ ਉਹ ਖਤਰਨਾਕ ਹੈ ਅਤੇ ਜੇ ਸਿਆਣਪ ਨਾਲ ਵਰਤੋਂ ਕਰਦੇ ਹੋ ਤਾਂ ਉਹ ਉਪਯੋਗੀ ਹੈ। ਜੇ ਤੁਸੀਂ ਮਨ ਨੂੰ ਵੀ ਇਸੇ ਤਰ੍ਹਾਂ ਗਲਤ ਦਿਸ਼ਾ ਵੱਲ ਲਾਉਂਦੇ ਹੋ ਤਾਂ ਦੁੱਖ ਹੀ ਪੈਦਾ ਹੋਵੇਗਾ ਪਰ ਜੇ ਤੁਸੀਂ ਮਨ ਨੂੰ ਸਹੀ ਦਿਸ਼ਾ ਵੱਲ ਲਿਜਾਂਦੇ ਹੋ ਤਾਂ ਤੁਹਾਡਾ ਜੀਵਨ ਬਿਹਤਰ ਹੋਵੇਗਾ।
ਸੋਚੋ ਜੇ ਤੁਹਾਡਾ ਸਾਹਮਣਾ ਗੁੱਸੇ ਨਾਲ ਹੁੰਦਾ ਹੈ ਤਾਂ ਤੁਸੀਂ ਵੀ ਗੁੱਸੇ ਵਿਚ ਆ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਅਜੇ ਤੁਹਾਨੂੰ ਆਪਣੇ ਮਨ ਨੂੰ ਸੇਧ ਦੇਣ ਦੀ ਬਹੁਤ ਲੋੜ ਹੈ। ਜੇ ਤੁਸੀਂ ਚੀਜ਼ਾਂ ਨੂੰ ਉਦਾਰਤਾ ਦੀ ਭਾਵਨਾ ਨਾਲ ਦੇਖਦੇ ਹੋ ਤਾਂ ਮੰਨੋ ਕਿ ਤੁਸੀਂ ਚੀਜ਼ਾਂ ਵਿਚ ਸੁਧਾਰ ਕਰ ਲਿਆ ਹੈ। ਜਦੋਂ ਤਕ ਤੁਹਾਡਾ ਮਨ ਚੀਜ਼ਾਂ ਦਾ ਠੀਕ ਤਰ੍ਹਾਂ ਸਾਹਮਣਾ ਕਰਨਾ ਨਹੀਂ ਸਿੱਖਦਾ, ਉਸ ਵੇਲੇ ਤਕ ਸਮੱਸਿਆਵਾਂ ਬਣੀਆਂ ਹੀ ਰਹਿਣਗੀਆਂ। ਉਸ ਵੇਲੇ ਤਕ ਤੁਸੀਂ ਤਜਰਬੇਕਾਰ ਨਹੀਂ ਕਹਾਓਗੇ।
ਕਿਸੇ ਵੀ ਚੁਨੌਤੀ ਦੇ ਸਾਹਮਣੇ ਪੇਸ਼ ਆਉਣ ਦਾ ਤਰੀਕਾ ਹੀ ਤਾਂ ਤਜਰਬਾ ਹੈ। ਕਿਸੇ ਵੀ ਸਥਿਤੀ ਦਾ ਮੁਕਾਬਲਾ ਤੁਸੀਂ ਆਪਣੇ ਵਿਚਾਰਾਂ ਨਾਲ ਕਰਦੇ ਹੋ ਅਤੇ ਇਸ 'ਤੇ ਪਹਿਲਾਂ ਦੀਆਂ ਘਟਨਾਵਾਂ ਦਾ ਬੜਾ ਅਸਰ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਪੁਰਾਣੀਆਂ ਘਟਨਾਵਾਂ ਦੇ ਆਧਾਰ 'ਤੇ ਹੀ ਭਵਿੱਖ ਵਿਚ ਵੀ ਵਤੀਰਾ ਕਰਦੇ ਹੋ ਤਾਂ ਤੁਸੀਂ ਕੁਝ ਵੀ ਨਵਾਂ ਨਹੀਂ ਸਿੱਖਦੇ।