ਰਾਸਲੀਲਾ ਦਾ ਆਰੰਭ

9/18/2017 7:50:56 AM

ਸਰਦੀ ਦੀ ਰੁੱਤ ਸੀ। ਚਮੇਲੀ ਆਦਿ ਦੇ ਫੁੱਲ ਖਿੜੇ ਹੋਏ ਸਨ। ਗੋਪੀਆਂ ਰਾਤ ਦੇ ਰੂਪ ਵਿਚ ਉਤਸ਼ਾਹਿਤ ਹੋ ਰਹੀਆਂ ਸਨ। ਭਗਵਾਨ ਕ੍ਰਿਸ਼ਨ ਨੇ ਉਨ੍ਹਾਂ ਨੂੰ ਦੇਖਦੇ ਆਪਣੀ ਯੋਗਮਈ ਸ਼ਕਤੀ ਨਾਲ ਉਨ੍ਹਾਂ ਨਾਲ ਨਾਚ ਕਰਨ ਦਾ ਮਨ ਬਣਾਇਆ। ਉਸ ਦਿਨ ਪੂਰਨਿਮਾ ਦੀ ਰਾਤ ਸੀ। ਚੰਦਰ ਦੇਵਤੇ ਦਾ ਮੰਡਲ ਅਖੰਡ ਸੀ। ਵਣ ਦੇ ਕੋਨੇ-ਕੋਨੇ ਵਿਚ ਕੋਮਲ ਕਿਰਨਾਂ ਦਾ ਅੰਮ੍ਰਿਤ ਸਮੁੰਦਰ ਖਿੱਲਰਿਆ ਹੋਇਆ ਸੀ। ਭਗਵਾਨ ਕ੍ਰਿਸ਼ਨ ਨੇ ਆਪਣੀ ਬਾਂਸੁਰੀ ਤੇ ਬ੍ਰਜ ਦੀਆਂ ਸੁੰਦਰੀਆਂ ਦੇ ਮਨ ਨੂੰ ਛੂਹਣ ਵਾਲੀ ਕਾਮਬੀਜ ਕਲੀ ਦੀ ਮਧੁਰ ਤਾਨ ਛੇੜੀ। ਸ਼ਿਆਮ ਸੁੰਦਰ ਨੇ ਪਹਿਲਾਂ ਹੀ ਗੋਪੀਆਂ  ਦੇ ਮਨ ਨੂੰ ਵੱਸ 'ਚ ਕਰ ਰੱਖਿਆ ਸੀ। ਸਾਰੀਆਂ ਗੋਪੀਆਂ ਇਕ-ਦੂਜੀ ਨੂੰ ਦੱਸੇ ਬਿਨਾਂ ਸ਼੍ਰੀ ਕ੍ਰਿਸ਼ਨ ਵੱਲ ਚੱਲ ਪਈਆਂ। ਉਹ ਇੰਨੀ ਤੇਜ਼ੀ ਨਾਲ ਚੱਲ ਰਹੀਆਂ ਸਨ ਕਿ ਉਨ੍ਹਾਂ ਦੇ ਕੰਨਾਂ ਦੇ ਕੁੰਡਲ ਹਿੱਲ ਰਹੇ ਸਨ। ਬਾਂਸੁਰੀ ਦੀ ਧੁਨ ਸੁਣ ਕੇ ਜੋ ਗੋਪੀਆਂ ਦੁੱਧ ਚੋਅ ਰਹੀਆਂ ਸਨ, ਉਹ ਦੁੱਧ ਚੋਣਾ ਵਿਚੇ ਛੱਡ ਕੇ ਭਗਵਾਨ ਵੱਲ ਤੁਰ ਪਈਆਂ। ਜੋ ਚੁੱਲ੍ਹੇ 'ਤੇ ਦੁੱਧ ਤੱਤਾ ਕਰ ਰਹੀਆਂ ਸਨ, ਉਹ ਸਭ ਕੁਝ ਛੱਡ ਕੇ ਉਧਰ ਤੁਰ ਪਈਆਂ। ਜੋ ਭੋਜਨ ਪਰੋਸ ਰਹੀਆਂ ਸਨ ਜਾਂ ਛੋਟੇ-ਛੋਟੇ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਸਨ, ਸਭ ਕੁਝ ਛੱਡ ਕੇ ਤੁਰ ਪਈਆਂ। ਜੋ ਭੋਜਨ ਖਾ ਰਹੀਆਂ ਸਨ ਜਾਂ ਪਤੀਆਂ ਦੀ ਸੇਵਾ ਕਰ ਰਹੀਆਂ ਸਨ, ਉਹ ਵੀ ਭਗਵਾਨ ਵੱਲ ਤੁਰ ਪਈਆਂ। ਕਿਸੇ-ਕਿਸੇ ਗੋਪੀ ਨੇ ਆਪਣੇ ਸਰੀਰ 'ਤੇ ਚੰਦਨ ਦਾ ਲੇਪ ਕੀਤਾ ਹੋਇਆ ਸੀ ਜਾਂ ਅੱਖਾਂ 'ਚ ਸੁਰਮਾ ਪਾਇਆ ਹੋਇਆ ਸੀ। ਪਿਤਾ, ਪਤੀਆਂ ਤੇ ਭਰਾਵਾਂ ਨੇ ਉਨ੍ਹਾਂ ਨੂੰ ਰੋਕਿਆ ਪਰ ਉਹ ਇੰਨੀਆਂ ਮੋਹਿਤ ਸਨ ਕਿ ਰੋਕਣ 'ਤੇ ਵੀ ਨਾ ਰੁਕੀਆਂ। ਕਈ ਗੋਪੀਆਂ ਨੂੰ ਘਰੋਂ ਨਿਕਲਣ ਦਾ ਰਾਹ ਨਾ ਮਿਲਿਆ। ਉਨ੍ਹਾਂ ਨੇ ਘਰਾਂ ਦੇ ਅੰਦਰ ਹੀ ਅੱਖਾਂ ਬੰਦ ਕਰ ਲਈਆਂ ਤੇ ਬੜੀ ਸ਼ਰਧਾ ਨਾਲ ਸ਼੍ਰੀ ਕ੍ਰਿਸ਼ਨ ਦੀਆਂ ਸੁੰਦਰ ਮਧੁਰ ਲੀਲਾਵਾਂ ਦਾ ਧਿਆਨ ਕਰਨ ਲੱਗੀਆਂ। ਇਸ ਨਾਲ ਉਨ੍ਹਾਂ ਦੇ ਹਿਰਦੇ 'ਚ ਅਸ਼ੁਭ ਸੰਸਕਾਰਾਂ ਦਾ ਜੋ ਕੁਝ ਵੀ ਲੇਸ ਮਾਤਰ ਸੀ, ਭਸਮ ਹੋ ਗਿਆ। ਧਿਆਨ ਸਮੇਂ ਉਨ੍ਹਾਂ ਦੇ ਸਾਹਮਣੇ ਸ਼੍ਰੀ ਕ੍ਰਿਸ਼ਨ ਪ੍ਰਗਟ ਹੋਏ। ਇਸ ਨਾਲ ਉਨ੍ਹਾਂ ਨੂੰ ਬੜਾ ਸੁੱਖ ਤੇ ਸ਼ਾਂਤੀ ਮਿਲੀ।
ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ, ''ਭਾਗਯਸ਼ਾਲੀ ਗੋਪੀਓ, ਤੁਹਾਡਾ ਸਵਾਗਤ ਹੈ। ਦੱਸੋ ਤੁਹਾਨੂੰ ਖੁਸ਼ ਕਰਨ ਲਈ ਮੈਂ ਕੀ ਕਰਾਂ? ਬ੍ਰਜ ਵਿਚ ਸਭ ਠੀਕ-ਠਾਕ ਹੈ? ਤੁਹਾਨੂੰ ਇਥੇ ਆਉਣ ਦੀ ਕੀ ਲੋੜ ਸੀ? ਸੁੰਦਰ ਗੋਪੀਓ ਰਾਤ ਦਾ ਸਮਾਂ ਤਾਂ ਉਂਝ ਹੀ ਭਿਆਨਕ ਹੁੰਦਾ ਹੈ ਤੇ ਭਿਆਨਕ ਜੀਵ-ਜੰਤੂ ਇਥੇ ਜੰਗਲ ਵਿਚ ਘੁੰਮ ਰਹੇ ਹਨ। ਤੁਸੀਂ ਤੁਰੰਤ ਬ੍ਰਜ ਨੂੰ ਵਾਪਸ ਚਲੀਆਂ ਜਾਓ। ਤੁਹਾਨੂੰ ਤੁਹਾਡੇ ਪਤੀ, ਪਿਤਾ ਤੇ ਭਰਾ ਟੋਲ ਰਹੇ ਹੋਣਗੇ। ਤੁਸੀਂ ਰੰਗ-ਬਿਰੰਗੇ ਫੁੱਲਾਂ ਵਾਲੇ ਇਸ ਜੰਗਲ ਨੂੰ ਦੇਖ ਲਿਆ ਹੈ, ਜੋ ਪੂਰੇ ਚੰਦ ਦੀਆਂ ਕਿਰਨਾਂ ਨਾਲ ਰੰਗਿਆ ਹੋਇਆ ਹੈ। ਹੇ ਸਤੀਓ! ਹੁਣ ਦੇਰ ਨਾ ਕਰੋ। ਛੇਤੀ ਤੋਂ ਛੇਤੀ ਬ੍ਰਜ ਨੂੰ ਵਾਪਸ ਚਲੀਆਂ ਜਾਓ। ਆਪਣੇ ਪਤੀਆਂ ਦੀ ਸੇਵਾ ਕਰੋ। ਤੁਹਾਡੇ ਛੋਟੇ-ਛੋਟੇ ਬੱਚੇ ਰੋ ਰਹੇ ਹਨ। ਉਨ੍ਹਾਂ ਨੂੰ ਦੁੱਧ ਪਿਲਾਓ। ਜੇਕਰ ਤੁਸੀਂ ਮੇਰੇ ਪ੍ਰੇਮ ਕਰ ਕੇ ਇਥੇ ਆਈਆਂ ਹੋ ਤਾਂ ਇਹ ਕੋਈ ਗਲਤ ਗੱਲ ਨਹੀਂ ਕਿਉਂਕਿ ਜਗਤ ਦੇ ਸਾਰੇ ਪਸ਼ੂ -ਪੰਛੀ ਤੱਕ ਮੇਰੇ ਨਾਲ ਪਿਆਰ ਕਰਦੇ ਹਨ ਤੇ ਮੈਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ ਪਰ ਕਲਿਆਣੀ ਗੋਪੀਓ ਇਸਤਰੀ ਦਾ ਸਭ ਤੋਂ ਵੱਡਾ ਧਰਮ ਆਪਣੇ ਪਤੀ ਤੇ ਭਾਈ ਬੰਧੂਆਂ ਦੀ ਸੇਵਾ ਕਰਨਾ ਅਤੇ ਆਪਣੀ ਸੰਤਾਨ ਦਾ ਪਾਲਣ-ਪੋਸ਼ਣ ਕਰਨਾ ਹੈ। ਗੋਪੀਓ ਮੇਰੀ ਲੀਲਾ ਤੇ ਗੁਣਾਂ ਨੂੰ ਸਰਵਣ ਕਰਨ ਨਾਲ ਤੇ ਕੀਰਤਨ ਅਤੇ ਧਿਆਨ ਨਾਲ ਜੋ ਪ੍ਰਾਪਤੀ ਹੁੰਦੀ ਹੈ, ਉਹ ਮੇਰੇ ਕੋਲ ਰਹਿਣ ਨਾਲ ਨਹੀਂ ਹੁੰਦੀ।''
ਭਗਵਾਨ ਕ੍ਰਿਸ਼ਨ ਦੀ ਇਹ ਗੱਲ ਸੁਣ ਕੇ ਗੋਪੀਆਂ ਉਦਾਸ ਹੋ ਗਈਆਂ। ਉਹ ਚਿੰਤਾ ਦੇ ਅਥਾਹ ਸਮੁੰਦਰ 'ਚ ਡੁੱਬਣ ਲੱਗੀਆਂ। ਉਨ੍ਹਾਂ ਨੇ ਆਪਣੇ ਮੂੰਹ ਥੱਲੇ ਕਰ ਲਏ ਤੇ ਪੈਰਾਂ ਨਾਲ ਧਰਤੀ ਕੁਰੇਦਣ ਲੱਗੀਆਂ। ਅੱਖਾਂ 'ਚੋਂ ਦੁੱਖ ਦੇ ਹੰਝੂ ਵਗਣ ਲੱਗੇ। ਉਨ੍ਹਾਂ ਦੇ ਹਿਰਦੇ ਇੰਨੇ ਦੁਖੀ ਹੋ ਗਏ ਕਿ ਉਹ ਬੋਲ ਨਾ ਸਕੀਆਂ ਤੇ ਚੁੱਪਚਾਪ ਖੜ੍ਹੀਆਂ ਰਹੀਆਂ। ਉਨ੍ਹਾਂ ਨੇ ਧੀਰਜ ਨਾਲ ਆਪਣੇ ਹੰਝੂ ਪੂੰਝੇ ਤੇ ਕਹਿਣ ਲੱਗੀਆਂ, ''ਪਿਆਰੇ ਕ੍ਰਿਸ਼ਨ ਤੁਸੀਂ ਸਾਡੇ ਦਿਲ ਦੀ ਗੱਲ ਜਾਣਦੇ ਹੋ, ਤੁਹਾਨੂੰ ਇਸ ਤਰ੍ਹਾਂ ਦੇ ਬਚਨ ਨਹੀਂ ਕਹਿਣੇ ਚਾਹੀਦੇ। ਅਸੀਂ ਸਭ ਕੁਝ ਛੱਡ ਕੇ ਸਿਰਫ ਤੁਹਾਡੇ ਚਰਨਾਂ ਨਾਲ ਪ੍ਰੇਮ ਕਰਦੀਆਂ ਹਾਂ। ਇਸ ਵਿਚ ਸ਼ੱਕ ਨਹੀਂ ਕਿ ਤੁਸੀਂ ਸੁਤੰਤਰ ਤੇ ਹਠੀਲੇ ਹੋ। ਤੁਹਾਡੇ 'ਤੇ ਸਾਡਾ ਕੋਈ ਵੱਸ ਨਹੀਂ, ਫਿਰ ਵੀ ਜਿਸ ਤਰ੍ਹਾਂ ਆਦਿ ਪੁਰਸ਼ ਨਾਰਾਇਣ ਆਪਣੇ ਭਗਤਾਂ ਨਾਲ ਪਿਆਰ ਕਰਦੇ ਹਨ, ਉਸੇ ਤਰ੍ਹਾਂ ਤੁਸੀਂ ਸਾਨੂੰ ਸਵੀਕਾਰ ਕਰ ਲਵੋ। ਸਾਡਾ ਤਿਆਗ ਨਾ ਕਰੋ। ਪਿਆਰੇ ਸ਼ਾਮ ਸੁੰਦਰ ਤੁਹਾਡਾ ਇਹ ਕਹਿਣਾ ਕਿ ਆਪਣੇ ਪਤੀ, ਪੁੱਤਰ ਤੇ ਭਾਈ ਬੰਧੂਆਂ ਦੀ ਸੇਵਾ ਕਰਨਾ ਹੀ ਇਸਤਰੀ ਦਾ ਧਰਮ ਹੈ, ਬਿਲਕੁਲ ਠੀਕ ਹੈ ਪਰ ਸਾਨੂੰ ਤੁਹਾਡੀ ਸੇਵਾ ਵੀ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਸਾਖਸ਼ਾਤ ਭਗਵਾਨ ਹੋ। ਪਿਆਰੇ ਕਮਲ ਨਾਇਨ! ਤੁਸੀਂ ਵਣ ਵਾਸੀਆਂ ਦੇ ਪਿਆਰੇ ਹੋ, ਉਹ ਵੀ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਕੋਲ ਰਹਿੰਦੇ ਹੋ। ਪੁਰਸ਼ੋਤਮ! ਤੁਹਾਡੀ ਮਧੁਰ ਮੁਸਕਾਨ ਨਾਲ ਸਾਡਾ ਰੋਮ-ਰੋਮ ਜਲ ਰਿਹਾ ਹੈ। ਤੁਸੀਂ ਸਾਨੂੰ ਆਪਣੀਆਂ ਦਾਸੀਆਂ ਸਵੀਕਾਰ ਕਰ ਲਵੋ।
ਜਦੋਂ ਭਗਵਾਨ ਕ੍ਰਿਸ਼ਨ ਨੇ ਗੋਪੀਆਂ ਦੀ ਵਿਆਕੁਲਤਾ ਭਰੀ ਬਾਣੀ ਸੁਣੀ ਤਾਂ ਉਨ੍ਹਾਂ ਦਾ ਹਿਰਦਾ ਦਇਆ ਨਾਲ ਭਰ ਗਿਆ। ਉਨ੍ਹਾਂ ਨੇ ਹੱਸ ਕੇ ਉਨ੍ਹਾਂ ਨਾਲ ਰਾਸ ਸ਼ੁਰੂ ਕਰ ਦਿੱਤੀ। ਜਦੋਂ ਭਗਵਾਨ ਖੁੱਲ੍ਹ ਕੇ ਹੱਸਦੇ ਤਾਂ ਉਨ੍ਹਾਂ ਦੇ ਸਾਫ ਦੰਦ ਕਲੀਆਂ ਵਰਗੇ ਲੱਗਦੇ। ਉਨ੍ਹਾਂ ਦੇ ਦਰਸ਼ਨ ਨਾਲ ਗੋਪੀਆਂ ਦੇ ਮੂੰਹ ਕਮਲ ਵਾਂਗ ਖਿੜ ਜਾਂਦੇ। ਉਹ ਭਗਵਾਨ ਨੂੰ ਚਾਰੋਂ ਪਾਸਿਓਂ ਘੇਰ ਕੇ ਖੜ੍ਹੀਆਂ ਹੋ ਗਈਆਂ। ਉਹ ਇਸ ਤਰ੍ਹਾਂ ਲੱਗਦੇ ਸਨ, ਜਿਵੇਂ ਤਾਰਿਆਂ ਨਾਲ ਘਿਰਿਆ ਹੋਇਆ ਚੰਦਰਮਾ ਹੋਵੇ। ਕਦੀ ਗੋਪੀਆਂ ਆਪਣੇ ਪਿਆਰੇ ਸ਼੍ਰੀ ਕ੍ਰਿਸ਼ਨ ਦੇ ਗੁਣ ਅਤੇ ਲੀਲਾ ਦਾ ਗਾਣ ਗਾਉਂਦੀਆਂ ਤੇ ਕਦੇ ਸ਼੍ਰੀ ਕ੍ਰਿਸ਼ਨ ਗੋਪੀਆਂ ਦੇ ਪ੍ਰੇਮ ਤੇ ਸੁੰਦਰਤਾ ਦੇ ਗੀਤ ਗਾਉਣ ਲੱਗਦੇ। ਫਿਰ ਭਗਵਾਨ ਗੋਪੀਆਂ ਨਾਲ ਯਮੁਨਾ ਜੀ ਦੇ ਤੱਟ 'ਤੇ ਗਏ। ਯਮੁਨਾ ਦੀਆਂ ਲਹਿਰਾਂ ਵਿਚੋਂ ਸੁਗੰਧ ਆ ਰਹੀ ਸੀ। ਉਥੇ ਭਗਵਾਨ ਨੇ ਗੋਪੀਆਂ ਨਾਲ ਨਾਚ ਕੀਤਾ। ਹੱਥ ਫੈਲਾਣੇ, ਉਨ੍ਹਾਂ ਦਾ ਸਾਥ ਕਰਨਾ, ਉਨ੍ਹਾਂ ਦੇ ਹੱਥ ਦਬਾਉਣਾ, ਉਨ੍ਹਾਂ ਵੱਲ ਦੇਖਣਾ ਤੇ ਪਿਆਰ ਨਾਲ ਮੁਸਕਰਾਉਣ ਆਦਿ ਕਿਰਿਆਵਾਂ ਨਾਲ ਭਗਵਾਨ ਨੇ ਉਨ੍ਹਾਂ ਨੂੰ ਆਨੰਦਿਤ ਕੀਤਾ। ਅਖੀਰ 'ਚ ਭਗਵਾਨ ਆਪਣੇ ਆਪ ਵਿਚ ਹੀ ਅੰਤਰ-ਧਿਆਨ ਹੋ ਗਏ।          
(ਭਾਗਵਤ ਪੁਰਾਣ ਸਕੰਦ 10 ਵਿਚੋਂ)
- ਅਮਰਜੀਤ ਸਿੰਘ ਗੁਰਾਇਆ, (ਆਸਟ੍ਰੇਲੀਆ)