ਅੰਮ੍ਰਿਤਸਰ ''ਚ ਰਾਮ ਤੀਰਥ ਦਾ ਮੇਲਾ

10/23/2017 6:40:07 AM

ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਤੋਂ ਪੰਦਰਾਂ ਦਿਨ ਬਾਅਦ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਤਕ ਦੀ ਪੂਰਨਮਾਸ਼ੀ (4 ਨਵੰਬਰ 2017) ਨੂੰ ਉੱਤਰੀ ਭਾਰਤ ਦਾ ਪ੍ਰਸਿੱਧ 'ਮੇਲਾ ਰਾਮ ਤੀਰਥ' (ਮਹਾਰਿਸ਼ੀ ਵਾਲਮੀਕਿ ਤੀਰਥ) ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਹਫਤਾ ਭਰ ਚੱਲਣ ਵਾਲੇ ਇਸ ਮੇਲੇ 'ਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਪੂਜਾ-ਅਰਚਨਾ ਲਈ ਆਉਂਦੇ ਹਨ। ਪੰਜਾਬ ਸਰਕਾਰ ਵਲੋਂ ਰਾਮ ਤੀਰਥ (ਵਾਲਮੀਕਿ ਤੀਰਥ) ਦੇ ਪੁਨਰ-ਨਿਰਮਾਣ ਲਈ 185 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਕ ਮੰਦਰ ਦੀ ਉਸਾਰੀ ਮੁਕੰਮਲ ਹੋ ਰਹੀ ਹੈ। ਸਰੋਵਰ 'ਚ ਬਣੇ ਮੁੱਖ ਮੰਦਰ, ਗੁੰਬਦ ਤੇ ਪਰਿਕਰਮਾ ਖਾਸ ਤਰ੍ਹਾਂ ਦੇ ਪੀਲੇ ਪੱਥਰਾਂ ਨਾਲ ਬਣਾਏ ਗਏ ਹਨ। ਮੰਦਰ ਤੋਂ ਇਲਾਵਾ ਇਥੇ ਪੈਨੋਰਮਾ ਅਜਾਇਬਘਰ, ਸਰਾਂ, ਲੰਗਰ ਹਾਲ, ਪ੍ਰਾਰਥਨਾ ਹਾਲ, ਸਤਿਸੰਗ ਹਾਲ ਤੇ ਜੋੜਾਘਰ ਦਾ ਨਿਰਮਾਣ ਕਰਵਾਇਆ ਗਿਆ। ਮੁੱਖ ਮੰਦਰ ਨੂੰ ਚਾਰੇ ਪਾਸਿਓਂ ਪਰਿਕਰਮਾ ਨਾਲ ਜੋੜਿਆ ਗਿਆ ਹੈ। ਸਤਿਸੰਗ ਹਾਲ 'ਚ 5000 ਸ਼ਰਧਾਲੂ ਬੈਠ ਸਕਣਗੇ ਤੇ ਪ੍ਰਵਚਨ ਸਰਵਣ ਕਰਨਗੇ। ਪਰਿਕਰਮਾ 'ਚ 80 ਫੁੱਟ ਉੱਚੀ ਪਵਨ ਪੁੱਤਰ ਸ਼੍ਰੀ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਹੈ। ਇਥੇ ਹੋਰ ਪ੍ਰਾਚੀਨ ਮੰਦਰਾਂ 'ਚ ਮੰਦਰ ਮਾਤਾ ਸੀਤਾ, ਬਾਉਲੀ, ਰਾਮ-ਲਕਸ਼ਮਣ, ਸ਼੍ਰੀ ਸੱਤਿਆ ਨਾਰਾਇਣ, ਬਾਬਾ ਭੌੜੇਵਾਲਾ, ਧੂਣਾ ਸਾਹਿਬ ਸੁਸ਼ੋਭਿਤ ਹਨ।
ਇਹ ਪਾਵਨ ਅਸਥਾਨ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ ਉੱਤਰ-ਪੱਛਮ ਵੱਲ ਚੋਗਾਵਾਂ- ਲੋਪੋਕੇ ਸੜਕ 'ਤੇ ਸਥਿਤ ਹੈ। 5000 ਸਾਲ ਪਹਿਲਾਂ ਇਥੇ ਰਾਵੀ ਨਦੀ ਦੀ ਸ਼ਾਖਾ ਤਮਸਾ ਨਦੀ ਕੰਢੇ ਮਹਾਰਿਸ਼ੀ ਵਾਲਮੀਕਿ ਆਸ਼ਰਮ ਸੀ। ਇਸ ਤਪਭੂਮੀ ਵਿਖੇ ਵਾਲਮੀਕਿ ਜੀ ਨੇ ਆਦਿ ਗ੍ਰੰਥ ਰਾਮਾਇਣ ਦੀ ਰਚਨਾ ਕੀਤੀ ਸੀ। ਜਦੋਂ ਭਗਵਾਨ ਸ਼੍ਰੀ ਰਾਮ ਨੇ ਮਾਤਾ ਸੀਤਾ ਜੀ ਨੂੰ ਬਨਵਾਸ ਦਿੱਤਾ ਸੀ ਤਾਂ ਉਨ੍ਹਾਂ ਵਾਲਮੀਕਿ ਆਸ਼ਰਮ ਵਿਖੇ ਸ਼ਰਨ ਲਈ ਸੀ। ਇਥੇ ਲਵ ਤੇ ਕੁਸ਼ ਦਾ ਜਨਮ ਹੋਇਆ। (ਪ੍ਰਚੱਲਿਤ ਕਥਾ ਅਨੁਸਾਰ ਕੁਸ਼ ਕੱਖਕਾਨ ਦਾ ਬੱਚਾ ਸੀ, ਜਿਸ 'ਚ ਰਿਸ਼ੀ ਜੀ ਨੇ ਆਪਣੀ ਭਗਤੀ ਦੀ ਸ਼ਕਤੀ ਨਾਲ ਜਾਨ ਪਾ ਦਿੱਤੀ ਸੀ।) ਦੋਵਾਂ ਬਾਲਕਾਂ ਦੀ ਪਰਿਵਰਸ਼ ਰਿਸ਼ੀ ਜੀ ਦੀ ਦੇਖ-ਰੇਖ ਹੇਠ ਹੋਈ। ਸ਼ਾਸਤਰ ਵਿੱਦਿਆ ਪ੍ਰਾਪਤ ਕਰ ਕੇ ਦੋਵੇਂ ਨਿਡਰ ਤੇ ਬਹਾਦਰ ਬੱਚੇ ਨਿਪੁੰਨ ਯੋਧੇ ਵੀ ਸਾਬਿਤ ਹੋਏ। ਜਦੋਂ ਸ਼੍ਰੀ ਰਾਮ ਨੇ ਅਸ਼ਵਮੇਧ ਯੁੱਧ ਲਈ 'ਯੁੱਧ ਦੀ ਵੰਗਾਰ' ਰੂਪੀ ਘੋੜਾ ਛੱਡਿਆ ਤਾਂ ਦੋਵਾਂ ਸੂਰਬੀਰ ਬੱਚਿਆਂ ਨੇ ਘੋੜਾ ਫੜ ਕੇ ਰਾਮ ਸੈਨਾ ਨਾਲ ਜੰਗ ਦੀ ਚੁਣੌਤੀ ਸਵੀਕਾਰ ਕੀਤੀ। ਯੋਧੇ ਬਾਲਕਾਂ ਨੇ ਸ਼ਤਰੂਘਨ, ਸੁਗਰੀਵ, ਵਿਭੀਸ਼ਣ, ਲਕਸ਼ਮਣ, ਹਨੂਮਾਨ ਆਦਿ ਦੀ ਅਗਵਾਈ ਵਾਲੀ ਰਾਮ ਸੈਨਾ ਨੂੰ ਨਾ ਸਿਰਫ ਹਰਾ ਦਿੱਤਾ ਸਗੋਂ ਬੰਦੀ ਵੀ ਬਣਾ ਲਿਆ। ਯੁੱਧ ਭੂਮੀ 'ਚ ਜਦੋਂ ਸ਼੍ਰੀ ਰਾਮ ਨੇ ਆਪਣੀ ਸੈਨਾ ਦੀ ਦੁਰਦਸ਼ਾ ਵੇਖੀ ਤਾਂ ਪੁੱਛਣ ਲੱਗੇ, ''ਇਹ ਯੋਧੇ ਬੱਚੇ ਕਿਸ ਦੇ ਹਨ' ਤਾਂ ਮਾਤਾ ਸੀਤਾ ਨੇ ਦੱਸਿਆ, ''ਇਹ ਰਾਮ ਪੁੱਤਰ ਹਨ।'' ਰਿਸ਼ੀ ਵਾਲਮੀਕਿ ਨੇ ਧਰਤੀ ਦੀ ਕੁੱਖ 'ਚੋਂ ਅੰਮ੍ਰਿਤ ਕੁੰਡ ਕੱਢ ਕੇ ਮੂਰਛਿਤ ਸੈਨਾ ਉਪਰ ਛਿੜਕਿਆ। ਸਾਰੀ ਸੈਨਾ ਜੀਵਤ ਹੋ ਗਈ। ਹਨੂਮਾਨ ਨੇ ਢਾਈ ਟੱਪ ਲਾ ਕੇ ਇਥੇ ਸਰੋਵਰ ਬਣਾ ਦਿੱਤਾ। ਲਵ ਦੇ ਨਾਂ 'ਤੇ ਲਾਹੌਰ ਤੇ ਕੁਸ਼ ਦੇ ਨਾਂ 'ਤੇ ਕਸੂਰ ਸ਼ਹਿਰ ਵਸੇ। ਹਜ਼ਾਰਾਂ ਸਾਲ ਪਹਿਲਾਂ ਇਥੇ ਰਿਸ਼ੀ ਚਵਨ ਦੀ ਆਯੁਰਵੈਦਿਕ ਯੂਨੀਵਰਸਿਟੀ ਹੁੰਦੀ ਸੀ। ਇਥੇ ਮਹਾਤਮਾ ਬੁੱਧ ਤੇ ਮਹਾਵੀਰ ਜੈਨ ਦਾ ਮੇਲ ਹੋਣਾ ਵੀ ਦੱਸਦੇ ਹਨ। ਭਗਵਾਨ ਸ਼੍ਰੀ ਰਾਮ ਦਾ ਨਾਨਕਾ ਪਿੰਡ ਕਸੇਲ, ਰਾਮ ਤੀਰਥ ਤੋਂ ਦੱਖਣ-ਪੱਛਮ ਵੱਲ 12 ਕੁ ਮੀਲ ਦੀ ਦੂਰੀ 'ਤੇ ਸਥਾਪਿਤ ਹੈ। ਕਦੀ ਕੌਸ਼ੱਲਿਆ ਨਗਰੀ ਸੀ ਅੱਜ ਦਾ ਪਿੰਡ ਕਸੇਲ। ਮੇਲੇ ਦੌਰਾਨ ਪੰਜਾਬ ਸਰਕਾਰ ਦੇ ਉਦਯੋਗ ਵਿਭਾਗ, ਸਿਹਤ, ਖੇਤੀਬਾੜੀ, ਬਾਗਬਾਨੀ ਅਤੇ ਜੰਗਲਾਤ ਮਹਿਕਮਿਆਂ ਵਲੋਂ ਪ੍ਰਦਰਸ਼ਨੀਆਂ ਲਾਈਆਂ ਜਾਂਦੀਆਂ ਹਨ। ਮੇਲੇ 'ਚ ਸਰਕਸ, ਪੰਘੂੜੇ ਅਤੇ ਮਠਿਆਈਆਂ ਦੀਆਂ ਦੁਕਾਨਾਂ ਲੱਗਦੀਆਂ ਹਨ। ਵੰਨ-ਸੁਵੰਨੇ ਪਹਿਰਾਵਿਆਂ 'ਚ ਦੇਸ਼-ਵਿਦੇਸ਼ ਦੇ ਸ਼ਰਧਾਲੂ ਪੂਜਾ-ਅਰਚਨਾ ਕਰਦੇ ਹਨ ਅਤੇ ਕਥਾ-ਕੀਰਤਨ (ਪ੍ਰਵਚਨ) ਸਰਵਣ ਕਰਦੇ ਹਨ। ਮੇਲੇ ਦੇ 7 ਦਿਨਾਂ ਦੌਰਾਨ ਲੰਗਰ ਅਟੁੱਟ ਚੱਲਦੇ ਹਨ।
—ਮੁਖਤਾਰ ਗਿੱਲ (98140-82217)