ਨਿਰਾਸ਼ਾ ਛੱਡੋ, ਹੌਸਲੇ ਤੋਂ ਕੰਮ ਲਓ

7/5/2017 11:19:21 AM

ਅੱਜਕਲ ਜਦੋਂ ਵੀ ਅਖਬਾਰ ਖੋਲ੍ਹੋ, ਕਿਸੇ ਨਾ ਕਿਸੇ ਦੀ ਆਤਮ-ਹੱਤਿਆ ਦੀ ਖਬਰ ਜ਼ਰੂਰ ਪੜ੍ਹਨ ਨੂੰ ਮਿਲਦੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਨੌਜਵਾਨ ਹੁੰਦੇ ਹਨ, ਚੰਗੇ ਪੜ੍ਹੇ-ਲਿਖੇ ਹੁੰਦੇ ਹਨ। ਉਨ੍ਹਾਂ ਦੀ ਆਤਮ-ਹੱਤਿਆ ਦਾ ਮੁੱਖ ਕਾਰਨ ਆਧੁਨਿਕ ਜੀਵਨ ਦੇ ਤਣਾਅ ਹੁੰਦੇ ਹਨ। ਅੱਜਕਲ ਸਾਨੂੰ ਸਫਲਤਾ ਲਈ ਇੰਤਜ਼ਾਰ ਕਰਨ ਦੀ ਆਦਤ ਹੀ ਨਹੀਂ ਰਹੀ ਹੈ। ਇਕ ਤਰ੍ਹਾਂ ਨਾਲ ਸਾਡੇ ਅੰਦਰ ਧੀਰਜ ਹੀ ਨਹੀਂ ਰਿਹਾ ਹੈ। ਝੱਟਪਟ ਕੰਮ ਹੋਣਾ ਚਾਹੀਦਾ ਹੈ ਅਤੇ ਤੁਰੰਤ ਉਸ ਦਾ ਫਲ ਵੀ ਮਿਲਣਾ ਚਾਹੀਦਾ ਹੈ। ਇਸੇ ਆਦਤ ਕਾਰਨ ਹਰ ਕੋਈ ਜਲਦੀ ਨਿਰਾਸ਼ ਹੋ ਜਾਂਦਾ ਹੈ ਅਤੇ ਆਪਣਾ ਜੀਵਨ ਦਾਅ 'ਤੇ ਲਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਹੈ।
ਸਾਡੇ 'ਚੋਂ ਹਰ ਕਿਸੇ ਨੂੰ ਆਪਣਾ ਜੀਵਨ ਪਿਆਰਾ ਹੁੰਦਾ ਹੈ, ਫਿਰ ਵੀ ਗੁੱਸੇ 'ਚ, ਨਿਰਾਸ਼ਾ ਦੇ ਕੰਢੇ 'ਤੇ, ਦੁੱਖ ਦੇ ਸਮੇਂ ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਆਪਣੇ ਆਪ ਨੂੰ ਅਸਫਲ ਮੰਨ ਲੈਂਦੇ ਹਨ ਅਤੇ ਨਿਰਾਸ਼ਾ ਦਾ, ਅਸਫਲਤਾ ਦਾ ਗੁੱਸਾ ਖੁਦ 'ਤੇ ਹੀ ਉਤਾਰਦੇ ਹਨ। ਜ਼ਿਆਦਾਤਰ ਇਹੀ ਹੁੰਦਾ ਹੈ ਕਿ ਅਜਿਹੇ ਵਿਅਕਤੀ ਦੇ ਪਰਿਵਾਰਕ ਮੈਂਬਰ, ਸਹਿ-ਕਰਮੀ, ਦੋਸਤ ਵੀ ਉਸ ਦੀ ਇਸ ਮਾਨਸਿਕ ਸਥਿਤੀ ਤੋਂ ਜਾਣੂ ਨਹੀਂ ਹੁੰਦੇ। ਆਤਮ-ਹੱਤਿਆ ਤਾਂ ਇਕ ਤਰ੍ਹਾਂ ਨਾਲ ਆਪਣੇ ਹੀ ਵਿਰੁੱਧ ਹਮਲਾ ਹੁੰਦਾ ਹੈ।
ਸਾਡੀ ਸੁੱਖ-ਸ਼ਾਂਤੀ ਸਿਹਤ, ਸੰਪਤੀ ਅਤੇ ਸਵਾਭਿਮਾਨ ਵਰਗੇ ਤਿੰਨ ਖੰਭਿਆਂ 'ਤੇ ਖੜ੍ਹੀ ਰਹਿੰਦੀ ਹੈ। ਸਾਡੇ ਜੀਵਨ ਵਿਚ ਕਦੇ-ਕਦੇ ਕੁਝ ਮੁਸ਼ਕਿਲਾਂ ਆਉਂਦੀਆਂ ਹਨ। ਅਜਿਹੇ ਸਮੇਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਇਸ ਨਿਰਾਸ਼ਾ ਕਾਰਨ ਤਿੰਨੋਂ ਖੰਭੇ ਡਗਮਗਾਉਣ ਲੱਗਦੇ ਹਨ। ਸਾਡੇ ਮਨ 'ਤੇ ਕਈ ਨਕਾਰਾਤਮਕ ਵਿਚਾਰ ਪ੍ਰਭਾਵੀ ਹੋ ਜਾਂਦੇ ਹਨ। ਸਾਡਾ ਆਤਮ- ਵਿਸ਼ਵਾਸ ਹੀ ਕਿਤੇ ਗੁਆਚ ਜਾਂਦਾ ਹੈ। ਦੂਜਿਆਂ ਨੂੰ ਕਸ਼ਟ ਨਾ ਹੋਵੇ, ਇਸ ਲਈ ਅਸੀਂ ਆਪਣਾ ਗੁੱਸਾ ਪ੍ਰਗਟ ਨਹੀਂ ਕਰਦੇ। ਇਹੀ ਗੁੱਸਾ ਮਨ 'ਚ ਡੂੰਘਾਈ ਤਕ ਬੈਠਦਾ ਹੈ ਅਤੇ ਆਤਮ-ਹੱਤਿਆ ਦਾ ਕਾਰਨ ਬਣ ਜਾਂਦਾ ਹੈ।
ਆਤਮ-ਹੱਤਿਆ ਵੱਲ ਉੱਠਣ ਵਾਲੇ ਸਾਡੇ ਕਦਮਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਹੀ ਪਛਾਣ ਖੁਦ ਕਰੀਏ। ਆਪਣੇ ਆਪ 'ਤੇ ਹੋਣ ਵਾਲੇ ਭਰੋਸੇ 'ਚ ਵਾਧਾ ਕਰੀਏ। ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਪੂਰੇ ਮਨ ਨਾਲ ਆਨੰਦ ਲਈਏ। ਆਪਣੇ ਪਰਿਵਾਰ ਦੇ ਪਿਆਰ ਦੇ ਧਾਗੇ ਮਜ਼ਬੂਤ ਕਰੀਏ। ਆਪਣੇ ਸਰੀਰ ਦੀ ਮਰਿਆਦਾ ਨੂੰ ਪਛਾਣੀਏ।