ਸੱਚਾਈ ਦੀ ਰਾਖੀ

9/6/2017 3:57:15 PM

ਮਹਾਰਾਸ਼ਟਰ ਦੇ ਇਕ ਸਕੂਲ ਵਿਚ ਇਕ ਦਿਨ ਅਧਿਆਪਕ ਨੇ ਬੱਚਿਆਂ ਨੂੰ ਸਵਾਲ ਕੀਤਾ,''ਜੇ ਤੁਹਾਨੂੰ ਰਸਤੇ ਵਿਚ ਹੀਰਾ ਮਿਲ ਜਾਵੇ ਤਾਂ ਤੁਸੀਂ ਕੀ ਕਰੋਗੇ?''
ਇਕ ਬੱਚਾ ਬੋਲਿਆ,''ਮੈਂ ਉਸ ਨੂੰ ਵੇਚ ਕੇ ਕਾਰ ਖਰੀਦਾਂਗਾ।''
ਦੂਜੇ ਨੇ ਕਿਹਾ,''ਮੈਂ ਉਸ ਨੂੰ ਵੇਚ ਕੇ ਅਮੀਰ ਬਣ ਜਾਵਾਂਗਾ।''
ਕਿਸੇ ਹੋਰ ਨੇ ਕਿਹਾ ਕਿ ਉਹ ਉਸ ਨੂੰ ਵੇਚ ਕੇ ਵਿਦੇਸ਼ ਯਾਤਰਾ ਕਰੇਗਾ। ਉਥੇ ਹੀ ਗੋਪਾਲ ਨਾਂ ਦੇ ਬੱਚੇ ਦਾ ਜਵਾਬ ਸੀ,''ਮੈਂ ਉਸ ਹੀਰੇ ਦੇ ਮਾਲਕ ਦਾ ਪਤਾ ਲਾ ਕੇ ਉਸ ਨੂੰ ਹੀਰਾ ਮੋੜ ਦੇਵਾਂਗਾ।''
ਅਧਿਆਪਕ ਹੈਰਾਨ ਰਹਿ ਗਏ। ਉਨ੍ਹਾਂ ਪੁੱਛਿਆ,''ਜੇ ਬਹੁਤ ਪਤਾ ਲਾਉਣ 'ਤੇ ਵੀ ਉਸ ਦਾ ਮਾਲਕ ਨਾ ਲੱਭਿਆ ਤਾਂ?''
ਗੋਪਾਲ ਬੋਲਿਆ,''ਫਿਰ ਮੈਂ ਹੀਰਾ ਵੇਚ ਦੇਵਾਂਗਾ ਅਤੇ ਇਸ ਤੋਂ ਮਿਲਿਆ ਪੈਸਾ ਦੇਸ਼ ਦੀ ਸੇਵਾ 'ਚ ਲਾ ਦੇਵਾਂਗਾ।''
ਅਧਿਆਪਕ ਇਹ ਜਵਾਬ ਸੁਣ ਕੇ ਗਦਗਦ ਹੋ ਗਏ।
ਕੁਝ ਦਿਨਾਂ ਬਾਅਦ ਉਨ੍ਹਾਂ ਗਣਿਤ ਦਾ ਸਵਾਲ ਪੁੱਛਿਆ। ਸਵਾਲ ਥੋੜ੍ਹਾ ਔਖਾ ਸੀ, ਕੋਈ ਵੀ ਵਿਦਿਆਰਥੀ ਉਸ ਨੂੰ ਹੱਲ ਨਹੀਂ ਕਰ ਸਕਿਆ ਪਰ ਗੋਪਾਲ ਨੇ ਸਹੀ ਜਵਾਬ ਦੱਸ ਦਿੱਤਾ। ਅਧਿਆਪਕ ਨੇ ਖੁਸ਼ ਹੋ ਕੇ ਗੋਪਾਲ ਨੂੰ ਪੁਰਸਕਾਰ ਦਿੱਤਾ।
ਦੂਜੇ ਦਿਨ ਗੋਪਾਲ ਆਪਣੇ ਅਧਿਆਪਕ ਕੋਲ ਪਹੁੰਚਿਆ ਅਤੇ ਪੁਰਸਕਾਰ ਮੋੜਦਾ ਹੋਇਆ ਬੋਲਿਆ,''ਇਸ ਪੁਰਸਕਾਰ ਦਾ ਹੱਕਦਾਰ ਮੈਂ ਨਹੀਂ। ਗਣਿਤ ਦੇ ਸਵਾਲ ਦਾ ਜਵਾਬ ਤਾਂ ਮੈਂ ਦੂਜੇ ਵਿਦਿਆਰਥੀ ਨੂੰ ਪੁੱਛ ਕੇ ਦੱਸਿਆ ਸੀ, ਇਸ ਲਈ ਇਹ ਪੁਰਸਕਾਰ ਤਾਂ ਉਸੇ ਨੂੰ ਮਿਲਣਾ ਚਾਹੀਦਾ ਹੈ।''
ਅਧਿਆਪਕ ਨੇ ਗੋਪਾਲ ਦੀ ਸੱਚਾਈ ਦੀ ਬੜੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਕਰ ਕੇ ਸਮਝਾਇਆ,''ਜਿਹੜੇ ਲੋਕ ਸੱਚਾਈ ਤੋਂ ਦੂਰ ਹੋ ਕੇ ਵਤੀਰਾ ਕਰਦੇ ਹਨ, ਉਨ੍ਹਾਂ ਦਾ ਝੂਠ ਉਜਾਗਰ ਨਾ ਵੀ ਹੋਵੇ ਤਾਂ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਅਸ਼ਾਂਤੀ ਮਿਲਦੀ ਹੈ ਜਿਵੇਂ ਗੋਪਾਲ ਨੂੰ ਮਿਲੀ।''
ਉਨ੍ਹਾਂ ਗੋਪਾਲ ਨੂੰ ਪੁਰਸਕਾਰ ਮੋੜਦਿਆਂ ਕਿਹਾ,''ਇਸ 'ਤੇ ਹੁਣ ਤੇਰਾ ਅਸਲ ਹੱਕ ਹੋ ਗਿਆ ਹੈ ਕਿਉਂਕਿ ਤੂੰ ਸੱਚ ਦੀ ਰਾਖੀ ਕੀਤੀ ਹੈ।''
ਬੱਚਾ ਗੋਪਾਲ ਹੀ ਅੱਗੇ ਚੱਲ ਕੇ ਗੋਪਾਲ ਕ੍ਰਿਸ਼ਨ ਗੋਖਲੇ ਦੇ ਨਾਂ ਨਾਲ ਦੁਨੀਆ ਭਰ ਵਿਚ ਜਾਣਿਆ ਗਿਆ। ਗੋਖਲੇ ਦੇਸ਼ ਦੇ ਉਨ੍ਹਾਂ ਮਹਾਪੁਰਸ਼ਾਂ ਵਿਚ ਸਨ, ਜਿਨ੍ਹਾਂ ਭਾਰਤੀ ਆਜ਼ਾਦੀ ਅੰਦੋਲਨ ਦੀ ਨੀਂਹ ਰੱਖੀ।