ਸਰਾਧ ਪਿੰਡਦਾਨ ਦਾ ਸਰਬੋਤਮ ਸਥਾਨ ''ਗਯਾ''

9/11/2017 7:43:45 AM

'ਗਯਾ' ਅਜਿਹਾ ਸਥਾਨ ਹੈ, ਜਿਥੇ ਸਰਾਧ ਦਾ ਮਹਾਕੁੰਭ ਨਜ਼ਰ ਆਉਂਦਾ ਹੈ। ਹਰੇਕ ਸਾਲ ਲੱਖਾਂ ਦੀ ਗਿਣਤੀ 'ਚ ਲੋਕ ਇਥੇ ਆਪਣੇ ਮ੍ਰਿਤ ਪੂਰਵਜਾਂ ਦਾ ਸਰਾਧ ਕਰਨ ਲਈ ਹਾਜ਼ਰ ਹੁੰਦੇ ਹਨ। ਹਰ ਸਾਲ ਇਥੇ ਪਿੱਤਰਾਂ ਦੀ ਯਾਦ 'ਚ ਲੱਗਣ ਵਾਲਾ ਇਤਿਹਾਸਕ ਪਿੱਤਰਪੱਖ ਮੇਲਾ ਇਕ ਪਖਵਾੜੇ ਤੱਕ ਚੱਲਦਾ ਹੈ। ਉਂਝ ਤਾਂ ਸਾਰਾ ਸਾਲ 'ਗਯਾ' ਵਿਚ ਸਰਾਧ-ਪਿੰਡਦਾਨ ਸੰਪੰਨ ਹੁੰਦੇ ਰਹਿੰਦੇ ਹਨ ਪਰ ਹਰ ਸਾਲ ਭਾਦੋਂ ਦੀ ਪੁੰਨਿਆ ਤੋਂ ਲੈ ਕੇ ਮੱਸਿਆ, ਜਿਸ ਨੂੰ ਪਿੱਤਰਪੱਖ ਮਹਾਲਯਾ ਵੀ ਕਿਹਾ ਜਾਂਦਾ ਹੈ, ਦੇ ਦਰਮਿਆਨ ਇਸ ਕੰਮ ਨੂੰ ਕਰਨ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।ਸਾਡੇ ਧਰਮ ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਜਲਦੀ ਹੀ ਆਪਣੇ ਪੂਰਵਜਾਂ ਦਾ ਉੱਦਾਰ ਚਾਹੁੰਦੇ ਹੋ, ਉਨ੍ਹਾਂ ਨੂੰ ਮੁਕਤੀ ਦਿਵਾਉਣਾ ਚਾਹੁੰਦੇ ਹੋ, ਉਨ੍ਹਾਂ ਨੂੰ ਨਰਕ ਦੀ ਅੱਗ ਤੋਂ ਬਚਾ ਕੇ ਸਵਰਗ ਭੇਜਣਾ ਚਾਹੁੰਦੇ ਹੋ, ਉਨ੍ਹਾਂ ਨੂੰ ਹੋਰ ਯੋਨੀਆਂ ਤੋਂ ਮੁਕਤੀ ਦਿਵਾਉਣਾ ਚਾਹੁੰਦੇ ਹੋ ਤਾਂ 'ਗਯਾ' ਤੀਰਥ ਜਾ ਕੇ ਉਨ੍ਹਾਂ ਦਾ ਸਰਾਧ ਜਾਂ ਪਿੰਡਦਾਨ ਆਦਿ ਕਰੋ।
ਮੰਨਿਆ ਜਾਂਦਾ ਹੈ ਕਿ 'ਗਯਾ' ਜਨਪਦ ਦਾ ਨਾਂ 'ਗਯਾਸੁਰ' ਨਾਂ ਦੇ ਇਕ ਦੈਂਤ ਦੇ ਨਾਂ 'ਤੇ ਪਿਆ। ਗਯਾਸੁਰ ਨੇ ਗੁਰੂ ਸ਼ੁੱਕਰਾਚਾਰੀਆ ਤੋਂ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਭਗਵਾਨ ਵਿਸ਼ਨੂੰ ਤੋਂ ਅਨੋਖੇ ਵਰਦਾਨ ਦੀ ਕਾਮਨਾ ਲਈ ਸਖਤ ਤਪੱਸਿਆ ਕੀਤੀ ਸੀ, ਜਿਸ ਤੋਂ ਖੁਸ਼ ਹੋ ਕੇ ਵਿਸ਼ਨੂੰ ਜੀ ਨੇ ਗਯਾਸੁਰ ਨੂੰ ਮਨਚਾਹਿਆ ਵਰਦਾਨ ਦਿੱਤਾ : 'ਜੋ ਵੀ ਮਨੁੱਖ ਤੁਹਾਡੇ ਦਰਸ਼ਨ ਅਤੇ ਤੁਹਾਡੀ ਛੋਹ ਲਵੇਗਾ, ਉਸ ਨੂੰ ਸਿੱਧੀ ਸਵਰਗ ਦੀ ਪ੍ਰਾਪਤੀ ਹੋਵੇਗੀ।' ਅਜਿਹਾ ਹੋਣ 'ਤੇ 'ਯਮਪੁਰੀ' ਵਿਚ ਉਥਲ-ਪੁਥਲ ਮਚ ਗਈ। ਯਮਰਾਜ ਦੇ ਨਾਲ-ਨਾਲ ਸਾਰੇ ਦੇਵਤਿਆਂ 'ਚ ਇਸ ਨੂੰ ਲੈ ਕੇ ਚਿੰਤਾ ਹੋਣ ਲੱਗੀ? ਆਖਿਰ ਯਮਰਾਜ ਨਾਲ ਦੇਵਤਿਆਂ ਨੇ ਵੀ ਭਗਵਾਨ ਵਿਸ਼ਨੂੰ ਨੂੰ ਬੇਨਤੀ ਕੀਤੀ ਅਤੇ ਕਿਹਾ ਕਿ ਹੇ ਭਗਵਾਨ! ਤੁਹਾਡੇ ਵੱਲੋਂ ਗਯਾਸੁਰ ਨੂੰ ਦਿੱਤੇ ਗਏ ਵਰਦਾਨ ਨਾਲ ਦੇਵਲੋਕ 'ਚ ਦਹਿਸ਼ਤ ਫੈਲੀ ਹੋਈ ਹੈ, ਇਸ ਲਈ ਛੇਤੀ ਹੀ ਤੁਸੀਂ ਇਸ ਦਾ ਕੋਈ ਹੱਲ ਲੱਭੋ।
ਦੇਵਤਿਆਂ ਦੀ ਬੇਨਤੀ ਸੁਣ ਕੇ ਭਗਵਾਨ ਵਿਸ਼ਨੂੰ ਨੇ ਬ੍ਰਹਮਾ ਨੂੰ ਕਿਹਾ ਕਿ 'ਤੁਸੀਂ ਗਯਾਸੁਰ ਦੇ ਪ੍ਰਾਣ ਕੱਢਣ ਤੋਂ ਬਾਅਦ ਉਸ ਦੇ ਮ੍ਰਿਤ ਸਰੀਰ ਨੂੰ ਪੇਟ ਦੇ ਭਾਰ ਲਟਕਾ ਕੇ ਉਸ ਦੇ ਸਿਰ ਨੂੰ ਉੱਤਰ ਅਤੇ ਪੈਰਾਂ ਨੂੰ ਦੱਖਣ ਦਿਸ਼ਾ 'ਚ ਰੱਖ ਕੇ ਉਸ ਦੀ ਪਿੱਠ 'ਤੇ ਬੈਠ ਕੇ ਯੱਗ ਕਰੋ।'
ਵਿਸ਼ਨੂੰ ਜੀ ਖੁਦ ਗਯਾਸੁਰ ਦੇ ਕੋਲ ਜਾ ਕੇ ਉਸ ਨੂੰ ਪ੍ਰਾਣ ਤਿਆਗਣ ਲਈ ਪ੍ਰੇਰਿਤ ਕਰਨ ਲੱਗੇ। ਭਗਵਾਨ ਵਿਸ਼ਨੂੰ ਦੇ ਹੁਕਮ ਦਾ ਪਾਲਣ ਕਰਦੇ ਹੋਏ ਬ੍ਰਹਮਾ ਤੇ ਹੋਰ ਦੇਵਤਿਆਂ ਨੇ ਗਯਾਸੁਰ ਦੀ ਪਿੱਠ 'ਤੇ ਯੱਗ ਸ਼ੁਰੂ ਕੀਤਾ। ਅਜਿਹਾ ਕਰਨ ਨਾਲ ਗਯਾਸੁਰ ਦੇ ਮ੍ਰਿਤ ਸਰੀਰ ਦਾ ਸਿਰ ਕੰਬਣ ਲੱਗਾ, ਜਿਸ ਨੂੰ ਦੇਖ ਕੇ ਦੇਵਤਿਆਂ ਨੇ ਮਿਲ ਕੇ ਇਕ ਵਿਸ਼ਾਲ ਧਰਮਸ਼ਿਲਾ ਉਸ ਦੇ ਸਿਰ 'ਤੇ ਸਥਾਪਿਤ ਕਰ ਦਿੱਤੀ ਪਰ ਫਿਰ ਵੀ ਸਿਰ ਕੰਬਣਾ ਬੰਦ ਨਹੀਂ ਹੋਇਆ, ਜਿਸ ਤੋਂ ਘਬਰਾ ਕੇ ਦੇਵਤਿਆਂ ਨੇ ਭਗਵਾਨ ਵਿਸ਼ਨੂੰ ਨੂੰ ਉਸ ਘਟਨਾ ਬਾਰੇ ਦੱਸਿਆ।
ਭਗਵਾਨ ਵਿਸ਼ਨੂੰ ਦੇ ਦੱਸਣ 'ਤੇ ਸਾਰੇ ਦੇਵਤੇ ਉਥੇ ਸਥਾਪਿਤ ਧਰਮਸ਼ਿਲਾ 'ਤੇ ਖੜ੍ਹੇ ਹੋਏ ਤੇ ਉਦੋਂ ਭਗਵਾਨ ਵਿਸ਼ਨੂੰ ਨੇ ਆਪਣੀ ਗਦਾ ਨਾਲ ਉਸ ਧਰਮਸ਼ਿਲਾ 'ਤੇ ਜ਼ੋਰਦਾਰ ਪ੍ਰਹਾਰ ਕਰਨ ਦੀ ਯੋਜਨਾ ਬਣਾਈ।ਉਕਤ ਯੋਜਨਾ ਦਾ ਪਹਿਲਾਂ ਹੀ ਅਨੁਮਾਨ ਲਗਾਉਂਦੇ ਹੋਏ ਗਯਾਸੁਰ ਨੇ ਵਿਸ਼ਨੂੰ ਜੀ ਨੂੰ ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ! ਤੁਸੀਂ ਮੇਰੇ 'ਤੇ ਗਦਾ ਨਾਲ ਹਮਲਾ ਕਰਨ ਤੋਂ ਪਹਿਲਾਂ ਵਰਦਾਨ ਦਿਓ ਕਿ ਜਿਸ ਸ਼ਿਲਾ 'ਤੇ ਤੁਸੀਂ ਪ੍ਰਹਾਰ ਕਰੋਗੇ, ਉਸ 'ਤੇ ਤੁਹਾਡੇ ਪੈਰਾਂ ਦੇ ਚਿੰਨ੍ਹ ਅੰਕਿਤ ਹੋਣ, ਸਾਰੇ ਦੇਵਤਿਆਂ ਦਾ ਇਸ ਸ਼ਿਲਾ 'ਤੇ ਵਾਸ ਰਹੇ ਅਤੇ ਜੇਕਰ ਇਸ ਸ਼ਿਲਾ 'ਤੇ ਆ ਕੇ ਕੋਈ ਮਨੁੱਖ ਆਪਣੇ ਪਿੱਤਰਾਂ ਦਾ ਸਰਾਧ ਪਿੰਡਦਾਨ ਆਦਿ ਕਰੇ ਤਾਂ ਉਸ ਦੇ ਪਿੱਤਰਾਂ ਦੇ ਨਾਲ-ਨਾਲ ਉਸ ਮਨੁੱਖ ਨੂੰ ਵੀ ਮਰਨ ਉਪਰੰਤ ਸਵਰਗ ਦੀ ਪ੍ਰਾਪਤੀ ਹੋਵੇ।
ਆਖਿਰ ਭਗਵਾਨ ਵਿਸ਼ਨੂੰ ਨੇ ਗਯਾਸੁਰ ਨੂੰ ਮਨਚਾਹਿਆ ਵਰਦਾਨ ਦੇ ਕੇ ਐਲਾਨ ਕੀਤਾ ਕਿ ਅੱਜ ਤੋਂ ਇਹ ਪਵਿੱਤਰ ਖੇਤਰ ਤੁਹਾਡੇ ਨਾਂ 'ਗਯਾ' ਨਾਲ ਬੁਲਾਇਆ ਜਾਵੇਗਾ। ਇਥੇ ਜੋ ਵੀ ਮਨੁੱਖ ਸਰਾਧ, ਪਿੰਡਦਾਨ ਕਰੇਗਾ, ਉਸ ਦੇ ਪਿੱਤਰਾਂ ਨੂੰ ਨਰਕ ਲੋਕ ਤੋਂ ਮੁਕਤੀ ਹੋ ਕੇ ਸਿੱਧੇ ਸਵਰਗਲੋਕ ਦੀ ਪ੍ਰਾਪਤੀ ਹੋਵੇਗੀ ਤੇ ਨਾਲ ਹੀ ਕਰਮਕਾਂਡ ਕਰਨ ਵਾਲਿਆਂ ਨੂੰ ਵੀ ਮਰਨ ਉਪਰੰਤ ਸਵਰਗ ਦੀ ਪ੍ਰਾਪਤੀ ਹੋਵੇਗੀ। ਇੰਨਾ ਕਹਿਣ ਦੇ ਨਾਲ ਹੀ ਭਗਵਾਨ ਵਿਸ਼ਨੂੰ ਵੱਲੋਂ ਉਸ ਸ਼ਿਲਾ 'ਤੇ ਇਕ ਜ਼ੋਰਦਾਰ ਗਦਾ ਦਾ ਵਾਰ ਕੀਤਾ ਗਿਆ।ਵਿਸ਼ਨੂੰ ਜੀ ਵੱਲੋਂ ਗਯਾਸੁਰ ਨੂੰ ਦਿੱਤੇ ਗਏ ਉਸੇ ਵਰਦਾਨ ਦੇ ਪ੍ਰਭਾਵ ਨਾਲ ਅੱਜ ਤੱਕ ਗਯਾ ਇਲਾਕੇ 'ਚ ਦਾਹ-ਸੰਸਕਾਰ, ਸਰਾਧ, ਪਿੰਡਦਾਨ ਆਦਿ ਕਰਮਕਾਂਡਾਂ ਨੂੰ ਕਰਨ ਦੀ ਪੌਰਾਣਿਕ ਮਹੱਤਤਾ ਹੈ।
—ਪੰ. ਕਮਲ ਰਾਧਾਕ੍ਰਿਸ਼ਨ ਸ਼੍ਰੀਮਾਲੀ