ਵਿਚਾਰਾਂ ਅਨੁਸਾਰ ਹੀ ਬਣਦੀ ਹੈ ਸ਼ਖਸੀਅਤ

7/24/2017 10:57:21 AM

ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਆਪਣੇ ਅੰਦਰ ਚੰਗੇ ਸੰਸਕਾਰਾਂ, ਵਿਚਾਰਾਂ ਤੇ ਚੰਗੇ ਕੰਮਾਂ ਦੇ ਬੀਜ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਕੰਮ ਲਈ ਸਵੇਰ ਵੇਲੇ ਦਾ ਸਮਾਂ ਬਹੁਤ ਅਹਿਮ ਹੁੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਅੱਖਾਂ ਬੰਦ ਕਰ ਕੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਸ਼ਕਤੀ ਦੇਵੇ। ਤੁਹਾਡੇ ਰੋਮ-ਰੋਮ ਨੂੰ ਸਿਹਤਮੰਦ ਰੱਖੇ। ਇਹ ਯਕੀਨੀ ਬਣਾਓ ਕਿ ਧਰਤੀ, ਜਲ, ਅੱਗ, ਹਵਾ ਤੇ ਆਕਾਸ਼ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਤਾਂ ਜੋ ਤੁਸੀਂ ਆਪਣੇ ਜੀਵਨ ਨੂੰ ਸ਼ਕਤੀਸ਼ਾਲੀ ਬਣਾ ਸਕੋ।
ਜੇ ਤੁਸੀਂ ਆਪਣੇ ਜੀਵਨ ਬਾਰੇ ਚੰਗੇ ਵਿਚਾਰ ਰੱਖਦੇ ਹੋ ਤਾਂ ਤੁਹਾਡਾ ਜੀਵਨ ਚੰਗਾ ਬਣੇਗਾ ਅਤੇ ਜੇ ਤੁਸੀਂ ਮਾੜੇ ਵਿਚਾਰ ਰੱਖਦੇ ਹੋ ਤਾਂ ਤੁਹਾਡਾ ਸਾਰਾ ਜੀਵਨ ਮਾੜਾ ਬਣ ਜਾਵੇਗਾ। ਤੁਹਾਡੇ ਸਰੀਰ ਵਿਚ ਜੋ ਜੀਵਨ-ਸ਼ਕਤੀ ਹੈ, ਉਹ ਨਾਂਹ-ਪੱਖੀ ਬਣ ਜਾਵੇਗੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡਾ ਸਰੀਰ ਤੁਹਾਡੇ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਾ ਹੈ। ਜਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਹੋਣਗੇ, ਉਸੇ ਤਰ੍ਹਾਂ ਦਾ ਤੁਹਾਡਾ ਜੀਵਨ ਹੋਵੇਗਾ। ਜਿਹੜੇ ਲੋਕ ਜੀਵਨ ਨੂੰ ਆਨੰਦ ਦੇ ਰੂਪ 'ਚ, ਸਫਲਤਾ ਦੇ ਰੂਪ ਵਿਚ ਅਤੇ ਸੰਗੀਤ ਦੇ ਰੂਪ ਵਿਚ ਸਵੀਕਾਰ ਕਰਦੇ ਹਨ, ਉਨ੍ਹਾਂ ਦਾ ਜੀਵਨ ਆਨੰਦ ਭਰਿਆ, ਸਫਲ ਤੇ ਸੰਗੀਤਮਈ ਬਣ ਜਾਂਦਾ ਹੈ।
ਦੂਜੇ ਪਾਸੇ ਅਜਿਹੇ ਵੀ ਲੋਕ ਹਨ, ਜੋ ਜੀਵਨ ਨੂੰ ਨਿਰਾਸ਼ਾ, ਅਸਫਲਤਾ ਤੇ ਮੁਸੀਬਤ ਦੇ ਰੂਪ ਵਿਚ ਸਵੀਕਾਰ ਕਰਦੇ ਹਨ, ਉਨ੍ਹਾਂ ਦਾ ਜੀਵਨ ਅੱਥਰੂ ਬਣ ਕੇ ਵਹਿ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਆਨੰਦ ਦੇ ਰੂਪ ਵਿਚ ਸਵੀਕਾਰ ਕਰਦੇ ਹਾਂ ਜਾਂ ਦੁੱਖ ਦੇ ਸਮੁੰਦਰ ਦੇ ਰੂਪ 'ਚ?
ਜੀਵਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਉਹ ਦੁੱਖ ਲੈ ਕੇ ਆਏ ਜਾਂ ਸੁੱਖ ਲੈ ਕੇ। ਜੀਵਨ ਤਾਂ ਸਿੱਧਾ ਜੀਵਨ ਹੈ। ਤੁਸੀਂ ਸਾਰੇ ਲੋਕ ਇਕ ਸੰਪੂਰਨ ਜੀਵਨ ਦੇ ਸਵਾਮੀ ਹੋ। ਜੇ ਤੁਹਾਡੇ ਜੀਵਨ ਵਿਚ ਕੋਈ ਖਾਮੀ ਹੈ ਤਾਂ ਰੋਜ਼ਾਨਾ ਸਵੇਰੇ ਇਹ ਸੰਕਲਪ ਲਵੋ ਕਿ ਹੁਣ ਮੇਰੀ ਖਾਮੀ ਖਤਮ ਹੋ ਰਹੀ ਹੈ। ਮੇਰੇ ਜੀਵਨ ਵਿਚ ਹੁਣ ਚੰਗਿਆਈ ਦਾ ਉਦੈ ਹੋ ਰਿਹਾ ਹੈ। ਅਜਿਹੇ ਵਿਚਾਰ ਰੋਜ਼ਾਨਾ ਖੁਸ਼ੀ-ਖੁਸ਼ੀ ਤੇ ਮੁਸਕਰਾ ਕੇ ਸਵੀਕਾਰ ਕਰਨੇ ਚਾਹੀਦੇ ਹਨ। ਮਨ ਵਿਚ ਸੰਕਲਪ ਲਵੋ ਕਿ ਮੈਂ ਹਰ ਪਲ ਸਰਗਰਮ ਬਣਿਆ ਰਹਾਂਗਾ, ਆਲਸ ਛੱਡਾਂਗਾ, ਕੋਈ ਵੀ ਨਸ਼ਾ ਨਹੀਂ ਕਰਾਂਗਾ, ਲੋਕਾਂ ਨਾਲ ਹਮੇਸ਼ਾ ਮੁਸਕਰਾ ਕੇ ਗੱਲਬਾਤ ਕਰਾਂਗਾ, ਗੁੱਸੇ 'ਤੇ ਕਾਬੂ ਪਾਵਾਂਗਾ ਅਤੇ ਮਨ ਦੀਆਂ ਸਾਰੀਆਂ ਮਾੜੀਆਂ ਭਾਵਨਾਵਾਂ ਛੱਡ ਦੇਵਾਂਗਾ।