ਧੀਰਜ, ਵਿਵੇਕ ਤੇ ਸੰਜਮ ਦੀ ਲੋੜ

4/6/2017 12:53:38 PM

ਇਕ ਵਾਰ ਸਵਾਮੀ ਵਿਵੇਕਾਨੰਦ ਦਾ ਚੇਲਾ ਉਨ੍ਹਾਂ ਕੋਲ ਆਇਆ ਅਤੇ ਕਹਿਣ ਲੱਗਾ,''''ਸਵਾਮੀ ਜੀ, ਮੈਂ ਤੁਹਾਡੇ ਵਾਂਗ ਭਾਰਤ ਦੀ ਸੱਭਿਅਤਾ, ਦਰਸ਼ਨ ਤੇ ਰੀਤੀ-ਰਿਵਾਜ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਅਮਰੀਕਾ ਜਾਣਾ ਚਾਹੁੰਦਾ ਹਾਂ। ਇਹ ਮੇਰੀ ਪਹਿਲੀ ਯਾਤਰਾ ਹੈ। ਤੁਸੀਂ ਮੈਨੂੰ ਵਿਦੇਸ਼ ਜਾਣ ਦੀ ਇਜਾਜ਼ਤ ਤੇ ਆਸ਼ੀਰਵਾਦ ਦਿਓ।''''
ਸਵਾਮੀ ਜੀ ਨੇ ਉਸ ਨੂੰ ਉੱਪਰ ਤੋਂ ਹੇਠਾਂ ਤਕ ਦੇਖਿਆ, ਫਿਰ ਬੋਲੇ, ''''ਸੋਚ ਕੇ ਦੱਸਾਂਗਾ।''''
ਇਹ ਸੁਣ ਕੇ ਚੇਲਾ ਹੈਰਾਨੀ ਵਿਚ ਪੈ ਗਿਆ। ਉਹ ਬੋਲਿਆ, ''''ਸਵਾਮੀ ਜੀ, ਮੈਂ ਤੁਹਾਡੇ ਵਾਂਗ ਸਾਦਗੀ ਨਾਲ ਆਪਣੇ ਦੇਸ਼ ਦੀ ਸੱਭਿਅਤਾ ਦਾ ਪ੍ਰਚਾਰ ਕਰਾਂਗਾ। ਮੇਰਾ ਧਿਆਨ ਹੋਰ ਕਿਸੇ ਚੀਜ਼ ਵੱਲ ਨਹੀਂ ਜਾਵੇਗਾ।''''
ਵਿਵੇਕਾਨੰਦ ਬੋਲੇ, ''''ਸੋਚ ਕੇ ਦੱਸਾਂਗਾ।''''
ਚੇਲੇ ਨੇ ਸਮਝ ਲਿਆ ਕਿ ਸਵਾਮੀ ਜੀ ਉਸ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ, ਇਸ ਲਈ ਅਜਿਹਾ ਕਹਿ ਰਹੇ ਹਨ ਪਰ ਫਿਰ ਵੀ ਉਹ ਉਨ੍ਹਾਂ ਕੋਲ ਹੀ ਠਹਿਰ ਗਿਆ।
2 ਦਿਨ ਬਾਅਦ ਸਵਾਮੀ ਜੀ ਨੇ ਉਸ ਨੂੰ ਸੱਦਿਆ ਅਤੇ ਬੋਲੇ, ''''ਤੂੰ ਅਮਰੀਕਾ ਜਾਣਾ ਚਾਹੁੰਦਾ ਏਂ ਤਾਂ ਜਾ। ਮੇਰਾ ਆਸ਼ੀਰਵਾਦ ਤੇਰੇ ਨਾਲ ਹੈ।''''
ਚੇਲੇ ਨੇ ਸੋਚਿਆ ਕਿ ਇੰਨੀ ਛੋਟੀ ਜਿਹੀ ਗੱਲ ਲਈ 2 ਦਿਨ ਸੋਚਣ ਵਿਚ ਕਿਉਂ ਲੱਗੇ। ਉਸ ਨੇ ਆਪਣੀ ਇਹ ਦੁਚਿੱਤੀ ਸਵਾਮੀ ਜੀ ਨੂੰ ਦੱਸੀ। ਸਵਾਮੀ ਜੀ ਬੋਲੇ, ''''ਮੈਂ 2 ਦਿਨਾਂ ਵਿਚ ਇਹ ਸਮਝਣਾ ਚਾਹੁੰਦਾ ਸੀ ਕਿ ਤੇਰੇ ਅੰਦਰ ਕਿੰਨੀ ਸਹਿਣ-ਸ਼ਕਤੀ ਹੈ। ਕਿਤੇ ਤੇਰਾ ਆਤਮ-ਵਿਸ਼ਵਾਸ ਡੋਲ ਤਾਂ ਨਹੀਂ ਰਿਹਾ ਪਰ ਤੂੰ 2 ਦਿਨ ਇਥੇ ਰਹਿ ਕੇ ਬਿਨਾਂ ਸਵਾਰਥ ਦੀ ਭਾਵਨਾ ਦੇ ਮੇਰੇ ਹੁਕਮ ਦੀ ਉਡੀਕ ਕਰਦਾ ਰਿਹਾ। ਨਾ ਗੁੱਸਾ ਕੀਤਾ, ਨਾ ਕਾਹਲੀ ਕੀਤੀ ਅਤੇ ਨਾ ਹੀ ਧੀਰਜ ਗੁਆਇਆ।''''
ਜਿਸ ਵਿਚ ਇੰਨੀ ਸ਼ਹਿਣ-ਸ਼ਕਤੀ ਤੇ ਗੁਰੂ ਪ੍ਰਤੀ ਪ੍ਰੇਮ ਦੀ ਭਾਵਨਾ ਹੋਵੇਗੀ, ਉਹ ਚੇਲਾ ਕਦੇ ਭਟਕੇਗਾ ਨਹੀਂ। ਮੇਰੇ ਅਧੂਰੇ ਕੰਮ ਨੂੰ ਉਹੋ ਅੱਗੇ ਵਧਾ ਸਕਦਾ ਹੈ। ਕਿਸੇ ਦੂਜੇ ਦੇਸ਼ ਦੇ ਨਾਗਰਿਕਾਂ ਦੇ ਮਨ ''ਚ ਆਪਣੇ ਦੇਸ਼ ਦੀ ਸੱਭਿਅਤਾ ਨੂੰ ਅੰਦਰ ਤਕ ਪਹੁੰਚਾਉਣ ਲਈ ਗਿਆਨ ਦੇ ਨਾਲ-ਨਾਲ ਧੀਰਜ, ਵਿਵੇਕ ਤੇ ਸੰਜਮ ਦੀ ਲੋੜ ਹੁੰਦੀ ਹੈ। ਮੈਂ ਇਸੇ ਗੱਲ ਦੀ ਪ੍ਰੀਖਿਆ ਲੈ ਰਿਹਾ ਸੀ। ਚੇਲਾ ਸਵਾਮੀ ਜੀ ਦੀ ਇਸ ਅਨੋਖੀ ਪ੍ਰੀਖਿਆ ਤੋਂ ਬਹੁਤ ਪ੍ਰਭਾਵਿਤ ਹੋਇਆ।